ਲਗਜ਼ਰੀ ਗੱਡੀਆਂ ਦੀ ਲੁੱਟ ਨੇ ਵਧਾਈ ਪੁਲਸ ਦੀ ਚਿੰਤਾ, ਗੈਂਗਵਾਰ ਦਾ ਸ਼ੱਕ

08/19/2017 5:55:23 PM

ਲੁਧਿਆਣਾ (ਪੰਕਜ)-ਤਿੰਨ ਦਿਨ ਪਹਿਲਾਂ ਮੁੱਲਾਂਪੁਰ ਦੇ ਕੋਲ ਸਥਿਤ ਇਕ ਮੈਰਿਜ ਪੈਲੇਸ ਦੇ  ਬਾਹਰ ਹਥਿਆਰਬੰਦ ਨੌਜਵਾਨਾਂ ਵੱਲੋਂ ਹੋਟਲ ਮਾਲਕ ਦੇ ਡਰਾਈਵਰ ਤੋਂ ਲੁੱਟੀ ਫਾਰਚੂਨਰ ਗੱਡੀ ਅਤੇ ਫਿਰ ਜਮਾਲਪੁਰ ਦੇ ਮੈਟਰੋ ਰੋਡ 'ਤੇ ਉਸੇ ਤਰਜ਼ 'ਤੇ ਹੋਈ ਇਨੋਵਾ ਗੱਡੀ ਦੀ ਲੁੱਟ ਨੇ ਜ਼ਿਲਾ ਪੁਲਸ ਦੀ ਚਿੰਤਾ ਵਧਾ ਦਿੱਤੀ ਹੈ। ਜੇਕਰ ਇਸ ਤੋਂ ਪਹਿਲਾਂ ਲਗਜ਼ਰੀ ਗੱਡੀਆਂ ਨੂੰ ਲੁੱਟਣ ਦੀਆਂ ਘਟਨਾਵਾਂ ਨੂੰ ਦੇਖਿਆ ਜਾਵੇ ਤਾਂ ਇਨ੍ਹਾਂ ਦੀ ਵਰਤੋਂ ਰਾਜ 'ਚ ਸਰਗਰਮ ਗੈਂਗਸਟਰ ਗਰੁੱਪਾਂ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਕੀਤਾ ਗਿਆ ਸੀ। ਇਸੇ ਵਜ੍ਹਾ ਨੇ ਪੁਲਸ ਨੂੰ ਚਿੰਤਾ 'ਚ ਪਾਇਆ ਹੈ ਕਿ ਕਿਤੇ ਗੈਂਗਸਟਰ ਫਿਰ ਰਾਜ 'ਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਤਾਂ ਨਹੀਂ ਕਰ ਰਹੇ ਹਨ।  ਪਿਛਲੇ ਸਾਲ ਜਗਰਾਓਂ 'ਚ ਕਾਂਗਰਸੀ ਨੇਤਾ ਤੋਂ ਫਾਰਚੂਨਰ ਗੱਡੀ ਦੀ ਹੋਈ ਲੁੱਟ ਉਪਰੰਤ ਇਹ ਬੰਬੀਹਾ ਅਤੇ ਜੱਗੂ ਭਗਵਾਨਪੁਰੀਆ ਗਰੁੱਪ ਵਲੋਂ ਤਰਨਤਾਰਨ ਦੇ ਕਰੀਬ ਹੋਈ ਫਾਈਰਿੰਗ 'ਚ ਵਰਤੀ ਗਈ ਸੀ। ਪੰਜਾਬ 'ਚ ਜਦ ਵੀ ਸਰਗਰਮ ਗੈਂਗਸਟਰ ਕਿਸੇ ਵੱਡੀ ਵਾਰਦਾਤ ਦਾ ਖਾਕਾ ਤਿਆਰ ਕਰਦੇ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਸਾਥੀ ਲਗਜ਼ਰੀ ਗੱਡੀਆਂ ਨੂੰ ਲੁੱਟਦੇ ਹਨ। ਇਨ੍ਹਾਂ ਗੱਡੀਆਂ 'ਤੇ ਨਵੀਂ ਜਾਅਲੀ ਨੰਬਰ ਪਲੇਟ ਲਾ ਕੇ ਉਹ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਪਿਛਲੇ ਲੰਮੇ ਸਮੇਂ ਤੋਂ ਐੱਸ. ਟੀ. ਐੱਫ. ਦੇ ਦਬਾਅ 'ਚ ਗੈਂਗਸਟਰ ਜਾਂ ਤਾਂ ਛੁਪੇ ਹੋਏ ਹਨ ਜਾਂ ਫਿਰ ਉਨ੍ਹਾਂ ਨੂੰ ਫੜ ਕੇ ਜੇਲਾਂ 'ਚ ਭੇਜ ਦਿੱਤਾ ਗਿਆ ਹੈ। 
ਮੁੱਲਾਂਪੁਰ ਦੇ ਸੋਨਾ ਗ੍ਰੇਡ ਮੈਰਿਜ ਪੈਲੇਸ ਦੇ ਬਾਹਰ ਤੋਂ ਮਹਾਰਾਜ ਪੈਲੇਸ ਦੇ ਮਾਲਕ ਦੇ ਡਰਾਈਵਰ ਬਲਰਾਜ ਸਿੰਘ ਤੋਂ ਹਥਿਆਰਬੰਦ ਲੁਟੇਰਿਆਂ ਵਲੋਂ ਲੁੱਟੀ ਫਾਰਚੂਨਰ ਗੱਡੀ ਸਬੰਧੀ ਜਗਰਾਓਂ ਪੁਲਸ ਨੇ ਹੁਣ ਜਾਂਚ ਸ਼ੁਰੂ ਹੀ ਕੀਤੀ ਸੀ ਕਿ ਵੀਰਵਾਰ ਨੂੰ ਇਸੇ ਤਰਜ਼ 'ਤੇ ਹਥਿਆਰਬੰਦ ਲੁਟੇਰਿਆਂ ਨੇ ਜਮਾਲਪੁਰ 'ਚ ਟਰਾਂਸਪੋਰਟ ਕੰਪਨੀ ਚਲਾਉਣ ਵਾਲੇ ਬਾਜ ਸੂਦ ਤੋਂ ਮਾਰਕੁੱਟ ਕਰ ਕੇ ਇਨੋਵਾ ਗੱਡੀ ਖੋਹ ਲਈ। ਲੁਟੇਰੇ ਇੰਨੇ ਬੇਖੌਫ ਸਨ ਕਿ ਇਕ ਵਾਰ ਗੱਡੀ ਲੁੱਟਣ ਦੇ ਬਾਅਦ ਉਹ ਫਿਰ ਵਾਪਸ ਉਸੇ ਜਗ੍ਹਾ ਪਹੁੰਚੇ ਅਤੇ ਸੂਦ ਤੋਂ ਗੱਡੀ ਦੀ ਚਾਬੀ ਖੋਹ ਲਈ ਅਤੇ ਫਰਾਰ ਹੋ ਗਏ। ਦੋਵੇਂ ਘਟਨਾਵਾਂ ਇਕ-ਦੂਜੇ ਨਾਲ ਮੇਲ ਖਾਂਦੀਆਂ ਹਨ, ਦੋਵਾਂ 'ਚ ਤਿੰਨ ਲੁਟੇਰਿਆਂ ਦਾ ਸ਼ਾਮਿਲ ਹੋਣਾ ਜਗਰਾਓਂ ਅਤੇ ਕਮਿਸ਼ਨਰੇਟ ਪੁਲਸ ਲਈ ਖਤਰੇ ਦੀ ਘੰਟੀ ਹੈ।  ਸੀ. ਸੀ. ਟੀ. ਵੀ. ਫੁਟੇਜ ਖੰਗਾਲਣ 'ਚ ਜੁਟੀ ਪੁਲਸ ਟੀਮ ਹੁਣ ਦੋਵੇਂ ਵਾਰਦਾਤਾਂ 'ਚ ਸ਼ਾਮਲ ਲੁਟੇਰਿਆਂ ਦਾ ਮਿਲਾਨ ਕਰਨ ਲੱਗੀ ਹੋਈ ਹੈ ਕਿਉਂਕਿ ਜੇਕਰ ਦੋਵੇਂ ਘਟਨਾਵਾਂ 'ਚ ਕਿਸੇ ਗੈਂਗਸਟਰ ਗਰੁੱਪ ਦਾ ਹੱਥ ਹੈ ਤਾਂ ਇਸ ਗੱਲ ਦੀ ਪ੍ਰਬਲ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ 'ਚ ਗੈਂਗਸਟਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ 'ਚ ਹਨ। 


Related News