ਇੱਕਾ-ਦੁੱਕਾ ਘਟਨਾਵਾਂ ਦੇ ਸਾਏ ਦੌਰਾਨ ਲੁਧਿਆਣਾ 'ਚ 64 ਫ਼ੀਸਦੀ ਵੋਟਿੰਗ, 175 ਉਮੀਦਵਾਰਾਂ ਦਾ ਭਵਿੱਖ EVM 'ਚ ਕੈਦ

Monday, Feb 21, 2022 - 12:58 PM (IST)

ਇੱਕਾ-ਦੁੱਕਾ ਘਟਨਾਵਾਂ ਦੇ ਸਾਏ ਦੌਰਾਨ ਲੁਧਿਆਣਾ 'ਚ 64 ਫ਼ੀਸਦੀ ਵੋਟਿੰਗ, 175 ਉਮੀਦਵਾਰਾਂ ਦਾ ਭਵਿੱਖ EVM 'ਚ ਕੈਦ

ਲੁਧਿਆਣਾ (ਪੰਕਜ) : ਜ਼ਿਲ੍ਹੇ ਦੀਆਂ 14 ਵਿਧਾਨ ਸਭਾ ਸੀਟਾਂ ’ਤੇ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਨ ਨੇਪਰੇ ਚੜ੍ਹਿਆ। ਇਨ੍ਹਾਂ ਚੋਣਾਂ ’ਚ ਜਿੰਨਾ ਜ਼ੋਰ ਚੋਣ ਕਮਿਸ਼ਨ ਅਤੇ ਚੋਣ ਲੜ ਰਹੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਲਗਾਇਆ ਗਿਆ ਸੀ, ਉਸ ਦੇ ਮੁਕਾਬਲੇ ਆਮ ਜਨਤਾ ਨੇ ਵੋਟਾਂ ’ਚ ਓਨਾ ਜੋਸ਼ ਨਹੀਂ ਦਿਖਾਇਆ ਅਤੇ ਵੋਟਾਂ ਦਾ ਸਮਾਂ ਪੂਰਾ ਹੋਣ ਤੱਕ ਕੁੱਲ 64 ਫ਼ੀਸਦੀ ਹੀ ਵੋਟਾਂ ਰਿਕਾਰਡ ਕੀਤੀਆਂ ਗਈਆਂ। ਖ਼ਬਰ ਲਿਖੇ ਜਾਣ ਤੱਕ ਚੋਣ ਕਮਿਸ਼ਨ ਵੱਲੋਂ ਪਈਆਂ ਵੋਟਾਂ ਦੀ ਕੁੱਲ ਫ਼ੀਸਦੀ ਦੀ ਜਾਣਕਾਰੀ ਨਹੀਂ ਦਿੱਤੀ ਗਈ, ਨਾਲ ਹੀ ਵੋਟ ਫ਼ੀਸਦੀ ’ਚ ਆਈ ਭਾਰੀ ਗਿਰਾਵਟ ਨੇ ਚੋਣ ਲੜ ਰਹੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੀ ਨੀਂਦ ਉਡਾ ਦਿੱਤੀ ਹੈ।

ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡੀ. ਸੀ. ਵਰਿੰਦਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਸ਼ਾਂਤਮਈ ਢੰਗ ਨਾਲ ਮੁਕੰਮਲ ਹੋਈਆਂ ਵੋਟਾਂ ਲਈ ਵੋਟਰਾਂ ਦਾ ਧੰਨਵਾਦ ਕੀਤਾ। ਐਤਵਾਰ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਵੋਟਾਂ ਪੈਣ ਦੀ ਪ੍ਰਕਿਰਿਆ ਸਬੰਧੀ ਚੋਣ ਕਮਿਸ਼ਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। 14 ਵਿਧਾਨ ਸਭਾ ਸੀਟਾਂ ’ਤੇ ਕੁੱਲ 26 ਲੱਖ 93 ਹਜ਼ਾਰ ਵੋਟਰਾਂ ਦੇ ਹੱਥਾਂ ਵਿਚ ਚੋਣ ਲੜ ਰਹੇ 175 ਉਮੀਦਵਾਰਾਂ ਦਾ ਭਵਿੱਖ ਸੀ, ਜਿਸ ਦੇ ਲਈ ਚੋਣ ਕਮਿਸ਼ਨ ਵੱਲੋਂ 2979 ਪੋਲਿੰਗ ਸਟੇਸ਼ਨਾਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ’ਚ 1250 ਵੋਟਾਂ ਤੋਂ ਜ਼ਿਆਦਾ ਵਾਲੇ 14 ਬੂਥ ਵੀ ਸ਼ਾਮਲ ਸਨ। ਵੋਟ ਕੇਂਦਰਾਂ ’ਤੇ 1086 ਮਾਈਕ੍ਰੋ ਆਬਜ਼ਰਵਰਾਂ ਦੇ ਨਾਲ ਭਾਰੀ ਮਾਤਰਾ ’ਚ ਕੇਂਦਰੀ ਸੁਰੱਖਿਆ ਬਲਾਂ ਅਤੇ ਪੁਲਸ-ਫੋਰਸ ਦੀ ਤਾਇਨਾਤੀ ਕੀਤੀ ਗਈ ਸੀ। ਸਾਰੇ ਵੋਟ ਕੇਂਦਰਾਂ ’ਤੇ ਚੋਣ ਕਮਿਸ਼ਨ ਵੱਲੋਂ ਵੈੱਬ ਕਾਸਟਿੰਗ ਜ਼ਰੀਏ ਪੂਰੀ ਪ੍ਰਕਿਰਿਆ ’ਤੇ ਪੈਨੀ ਨਜ਼ਰ ਰੱਖੀ ਜਾ ਰਹੀ ਸੀ, ਜਦੋਂ ਕਿ ਕਿਸੇ ਵੀ ਤਰ੍ਹਾਂ ਦੀ ਗੜਬੜ ਦੀ ਸ਼ਿਕਾਇਤ ਜਾਂ ਸੂਚਨਾ ਮਿਲਣ ’ਤੇ ਤੁਰੰਤ ਸੈਕਟਰ ਅਫ਼ਸਰ ਆਪਣੇ ਨਾਲ ਵੀਡੀਓਗ੍ਰਾਫੀ ਕਰਨ ਵਾਲੀਆਂ ਟੀਮਾਂ ਨਾਲ ਲੈ ਕੇ ਘਟਨਾ ਸਥਾਨ ’ਤੇ ਪੁੱਜ ਰਹੇ ਸਨ।

ਵੋਟਾਂ ਸਬੰਧੀ ਸਵੇਰ ਤੋਂ ਹੀ ਵੋਟਰਾਂ ਦਾ ਰੁਝਾਨ ਠੰਡਾ ਰਿਹਾ। ਸਾਹਨੇਵਾਲ ਅਤੇ ਸਮਰਾਲਾ ’ਚ ਜਿੱਥੇ ਪਹਿਲੇ ਘੰਟੇ ’ਚ ਵੋਟਾਂ 6 ਫ਼ੀਸਦੀ ਤੱਕ ਵੋਟਾਂ ਪਈਆਂ, ਨਾਲ ਹੀ ਬਾਕੀ ਸੀਟਾਂ ’ਤੇ ਇਸ ਤੋਂ ਵੀ ਘੱਟ। ਇਹ ਫ਼ੀਸਦੀ 2 ਤੋਂ ਲੈ ਕੇ 4 ਫ਼ੀਸਦੀ ਤੱਕ ਰਹੀ। ਦੁਪਹਿਰ 1 ਵਜੇ ਤੱਕ ਸਭ ਤੋਂ ਘੱਟ ਵੋਟਾਂ ਸੈਂਟਰਲ ਵਿਧਾਨ ਸਭਾ ਸੀਟ ’ਤੇ ਦੇਖਣ ਨੂੰ ਮਿਲੀਆਂ, ਜਿੱਥੇ ਸਿਰਫ 22 ਫ਼ੀਸਦੀ ਤੱਕ ਹੀ ਵੋਟਾਂ ਪਈਆਂ ਸਨ। ਇਸ ਤੋਂ ਇਲਾਵਾ ਵੈਸਟ ਵਿਧਾਨ ਸਭਾ ਵਿਚ 29 ਫ਼ੀਸਦੀ, ਈਸਟ ਅਤੇ ਸਾਊਥ ਵਿਚ 25, ਸਾਹਨੇਵਾਲ ਵਿਚ 34 ਫ਼ੀਸਦੀ, ਗਿੱਲ ਵਿਚ 22, ਨਾਰਥ 26, ਆਤਮ ਨਗਰ 27, ਪਾਇਲ 31, ਖੰਨਾ ਵਿਚ 33, ਦਾਖਾ 36, ਰਾਏਕੋਟ ਅਤੇ ਜਗਰਾਓਂ ਵਿਚ 32 ਫ਼ੀਸਦੀ ਦੇ ਕਰੀਬ ਵੋਟਾਂ ਪਈਆਂ। ਇੰਨੀ ਮੱਧਮ ਰਫ਼ਤਾਰ ਨਾਲ ਪੈ ਰਹੀਆਂ ਵੋਟਾਂ ਨੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਦੇ ਚਿਹਰਿਆਂ ’ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ। ਵੋਟਾਂ ਦੇ ਚੌਥੇ ਪੜਾਅ ਮਤਲਬ ਦੁਪਹਿਰ 3 ਵਜੇ ਤੱਕ ਵੋਟ ਪਾਉਣ ਲਈ ਵੋਟਰ ਘਰੋਂ ਨਿਕਲਦੇ ਦੇਖੇ ਗਏ ਅਤੇ ਪੋਲਿੰਗ ਬੂਥਾਂ ’ਤੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ।

ਇਸ ਦੌਰਾਨ ਸ਼ਹਿਰੀ ਸੀਟਾਂ ’ਤੇ ਵੋਟਾਂ 40 ਫ਼ੀਸਦੀ ਤੱਕ ਦੇ ਕਰੀਬ ਅਤੇ ਦਿਹਾਤੀ ਸੀਟਾਂ ’ਤੇ 50 ਫੀਸਦੀ ਤੱਕ ਦੇ ਕਰੀਬ ਪੁੱਜ ਗਈਆਂ, ਜਦੋਂਕਿ ਸ਼ਾਮ 5 ਵਜੇ ਤੱਕ ਈਸਟ ’ਚ ਵੋਟਾਂ 52-28 ਫ਼ੀਸਦੀ, ਵੈਸਟ ’ਚ 49 ਫ਼ੀਸਦੀ, ਨਾਰਥ ’ਚ 55 ਫ਼ੀਸਦੀ, ਸੈਂਟਰਲ ’ਚ 51 ਫ਼ੀਸਦੀ, ਸਾਊਥ ’ਚ 52 ਫ਼ੀਸਦੀ, ਆਤਮ ਨਗਰ ’ਚ 56 ਫ਼ੀਸਦੀ, ਖੰਨਾ 58, ਪਾਇਲ 67, ਜਗਰਾਓਂ 61, ਦਾਖਾ 61, ਰਾਏਕੋਟ 65, ਸਮਰਾਲਾ ਵਿਚ 69-7 ਫ਼ੀਸਦੀ ਦੇ ਕਰੀਬ ਵੋਟਾਂ ਪੈ ਚੁੱਕੀਆਂ ਸਨ। ਵੋਟਾਂ ਦੇ ਆਖਰੀ ਘੰਟੇ ਵਿਚ ਜ਼ਿਲ੍ਹੇ ਦੀਆਂ ਦਿਹਾਤੀ ਸੀਟਾਂ ’ਤੇ ਜਿੱਥੇ ਕਾਫੀ ਭੀੜ ਦੇਖਣ ਨੂੰ ਮਿਲੀ, ਉੱਥੇ ਸ਼ਹਿਰੀ ਸੀਟਾਂ ’ਤੇ ਓਨਾ ਜੋਸ਼ ਦੇਖਣ ਨੂੰ ਨਹੀਂ ਮਿਲਿਆ। ਪੋਲਿੰਗ ਬੂਥਾਂ ਵਿਚ 6 ਵਜੇ ਤੋਂ ਬਾਅਦ ਵੋਟਰਾਂ ਦੀ ਐਂਟਰੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ, ਜਦੋਂ ਕਿ ਜਿਹੜੇ ਵੋਟਰ ਬੂਥ ਦੇ ਅੰਦਰ ਲਾਈਨ ਵਿਚ ਖੜ੍ਹੇ ਸਨ, ਉਨ੍ਹਾਂ ਨੂੰ ਅਖ਼ੀਰ ਤੱਕ ਵੋਟ ਪਾਉਣ ਦਾ ਮੌਕਾ ਦਿੱਤਾ ਗਿਆ।

ਵੋਟਰਾਂ ਦੀ ਕੁੱਲ ਗਿਣਤੀ
ਖੰਨਾ 'ਚ ਵੋਟਰਾਂ ਦੀ ਕੁੱਲ ਗਿਣਤੀ-171622 (ਪੁਰਸ਼-81551, ਔਰਤਾਂ-90067, ਥਰਡ ਜੈਂਡਰ-4
ਸਮਰਾਲਾ 'ਚ ਵੋਟਰਾਂ ਦੀ ਕੁੱਲ ਗਿਣਤੀ (175822, ਪੁਰਸ਼-83358, ਔਰਤਾਂ-92459, ਥਰਡ ਜੈਂਡਰ-5)
ਸਾਹਨੇਵਾਲ 'ਚ ਵੋਟਰਾਂ ਦੀ ਕੁੱਲ ਗਿਣਤੀ (265097, ਪੁਰਸ਼-121431, ਔਰਤਾਂ-143662, ਥਰਡ ਜੈਂਡਰ-4)
ਲੁਧਿਆਣਾ ਈਸਟ 'ਚ ਵੋਟਰਾਂ ਦੀ ਕੁੱਲ ਗਿਣਤੀ (217728, ਪੁਰਸ਼ 99331, ਔਰਤਾਂ-118373, ਥਰਡ ਜੈਂਡਰ-24)
ਲੁਧਿਆਣਾ ਸਾਊਥ 'ਚ ਵੋਟਰਾਂ ਦੀ ਕੁੱਲ ਗਿਣਤੀ (178167, ਪੁਰਸ਼-77189, ਔਰਤਾਂ-100965, ਥਰਡ ਜੈਂਡਰ-13)
ਆਤਮ ਨਗਰ 'ਚ ਵੋਟਰਾਂ ਦੀ ਕੁੱਲ ਗਿਣਤੀ (170654, ਪੁਰਸ਼-81028, ਔਰਤਾਂ-89617, ਥਰਡ ਜੈਂਡਰ-9)
ਲੁਧਿਆਣਾ ਸੈਂਟਰਲ 'ਚ ਵੋਟਰਾਂ ਦੀ ਕੁੱਲ ਗਿਣਤੀ (158931, ਪੁਰਸ਼-73778, ਔਰਤਾਂ-85142, ਥਰਡ ਜੈਂਡਰ-11)
ਲੁਧਿਆਣਾ ਵੈਸਟ 'ਚ ਵੋਟਰਾਂ ਦੀ ਕੁੱਲ ਗਿਣਤੀ (182455, ਪੁਰਸ਼-88238, ਔਰਤਾਂ-94208, ਥਰਡ ਜੈਂਡਰ-9)
ਲੁਧਿਆਣਾ ਨਾਰਥ 'ਚ ਵੋਟਰਾਂ ਦੀ ਕੁੱਲ ਗਿਣਤੀ (205063, ਪੁਰਸ਼-96238, ਔਰਤਾਂ-108798, ਥਰਡ ਜੈਂਡਰ-27)
ਗਿੱਲ 'ਚ ਵੋਟਰਾਂ ਦੀ ਕੁੱਲ ਗਿਣਤੀ (273104, ਪੁਰਸ਼-128372, ਔਰਤਾਂ-144723, ਥਰਡ ਜੈਂਡਰ-9)
ਪਾਇਲ 'ਚ ਵੋਟਰਾਂ ਦੀ ਕੁੱਲ ਗਿਣਤੀ (165608, ਪੁਰਸ਼-77908, ਔਰਤਾਂ-87697, ਥਰਡ ਜੈਂਡਰ-3)
ਦਾਖਾ 'ਚ ਵੋਟਰਾਂ ਦੀ ਕੁੱਲ ਗਿਣਤੀ (187760, ਪੁਰਸ਼-88737, ਔਰਤਾਂ-99021, ਥਰਡ ਜੈਂਡਰ-2)
ਰਾਏਕੋਟ 'ਚ ਵੋਟਰਾਂ ਦੀ ਕੁੱਲ ਗਿਣਤੀ (156301, ਪੁਰਸ਼-73478, ਔਰਤਾਂ-82823, ਥਰਡ ਜੈਂਡਰ-0)
ਜਗਰਾਓਂ 'ਚ ਵੋਟਰਾਂ ਦੀ ਕੁੱਲ ਗਿਣਤੀ (184819, ਪੁਰਸ਼-86771, ਔਰਤਾਂ-98040, ਥਰਡ ਜੈਂਡਰ-8)


author

Babita

Content Editor

Related News