ਸਿਮਰਜੀਤ ਬੈਂਸ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਖਰੀਦਿਆ ਚਿੱਟਾ (ਵੀਡੀਓ)

03/11/2019 5:13:59 PM

ਲੁਧਿਆਣਾ (ਪਾਲੀ)— ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਿੱਧੇ ਤੌਰ 'ਤੇ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪ. ਅਮਰਿੰਦਰ  ਸਿੰਘ ਸਮੇਤ ਸੂਬੇ  ਦੀ ਪੁਲਸ ਨੂੰ ਕਟਹਿਰੇ 'ਚ ਖੜ੍ਹਾ ਕਰਦਿਆਂ ਦੋਸ਼ ਲਾਇਆ ਕਿ ਕੈਪਟਨ ਵਲੋਂ ਨਸ਼ਿਆਂ ਦੇ ਖਾਤਮੇ ਲਈ ਝੂਠੀ ਸਹੁੰ ਖਾਧੀ ਗਈ ਸੀ ਅਤੇ ਪਿਛਲੇ ਦਿਨੀਂ ਕੈਪਟਨ ਅਮਰਿੰਦਰ ਨੇ ਸਾਫ ਕਿਹਾ ਸੀ ਕਿ ਨਸ਼ਾ ਸਮੱਗਲਰਾਂ ਦੀ ਕਮਰ ਤੋੜ ਦਿੱਤੀ ਗਈ ਹੈ ਪਰ ਅਜੇ ਵੀ ਪੰਜਾਬ 'ਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ।

ਵਿਧਾਇਕ ਬੈਂਸ ਅੱਜ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਦਫਤਰ ਦੇ ਬਾਹਰ  ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਬੈਂਸ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਆਪਣੇ ਇਕ ਦੋਸਤ ਨੂੰ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਕਰ ਕੇ  ਚਿੱਟਾ ਲੈਣ ਲਈ ਭੇਜਿਆ। ਉਨ੍ਹਾਂ ਦਾ ਦੋਸਤ ਚੀਮਾ ਚੌਕ ਅਤੇ ਟਰਾਂਸਪੋਰਟ ਨਗਰ ਨੇੜਲੇ  ਇਲਾਕੇ 'ਚ ਗਿਆ ਅਤੇ ਉਸ ਨੇ ਵੇਖਿਆ ਕਿ ਜਿਸ ਤਰ੍ਹਾਂ ਸਬਜ਼ੀ ਵਾਲੇ ਆਲੂ ਵੇਚਦੇ ਹੁੰਦੇ ਹਨ, ਉਸੇ ਤਰ੍ਹਾਂ ਸ਼ਰੇਆਮ ਚਿੱਟਾ (ਨਸ਼ਾ) ਵਿਕ ਰਿਹਾ ਸੀ। ਬੈਂਸ ਅਨੁਸਾਰ ਉਨ੍ਹਾਂ ਦਾ ਦੋਸਤ ਚਿੱਟੇ ਦੀਆਂ ਦੋ ਪੁੜੀਆਂ ਖਰੀਦ ਲਿਆਇਆ ਅਤੇ ਬੈਂਸ ਨੇ ਥੋੜ੍ਹੀ ਹੀ ਦੇਰ ਬਾਅਦ ਦੋ ਪੁੜੀਆਂ ਹੋਰ ਖਰੀਦਣ ਲਈ ਭੇਜਿਆ ਤਾਂ ਉਨ੍ਹਾਂ ਦਾ ਦੋਸਤ ਦੁਬਾਰਾ ਉਸੇ ਵਿਅਕਤੀ ਕੋਲੋਂ ਚਿੱਟਾ ਖਰੀਦ ਕੇ ਲਿਆਇਆ।

ਇਸ ਦੌਰਾਨ ਵਿਧਾਇਕ ਨੇ ਦੱਸਿਆ ਉਨ੍ਹਾਂ ਚੀਮਾ ਚੌਕ ਤੋਂ ਹੀ ਫੇਸਬੁੱਕ 'ਤੇ ਲਾਈਵ ਹੁੰਦੇ ਹੋਏ ਨਸ਼ੇ ਦੀਆਂ ਚਾਰੋਂ ਪੁੜੀਆਂ ਲੈ ਕੇ ਪੁਲਸ ਕਮਿਸ਼ਨਰ ਕੋਲ ਪੁੱਜੇ ਅਤੇ ਉਹ   ਚਾਰੋਂ ਪੁੜੀਆਂ ਪੁਲਸ ਕਮਿਸ਼ਨਰ ਨੂੰ ਦਿਖਾਈਆਂ। ਉਨ੍ਹਾਂ ਤਿੰਨ ਪੁੜੀਆਂ ਪੁਲਸ ਕਮਿਸ਼ਨਰ ਨੂੰ ਦੇ ਦਿੱਤੀਆਂ, ਜੋ ਇਸ ਦੀ ਸਰਕਾਰੀ ਲੈਬ ਤੋਂ ਜਾਂਚ ਕਰਵਾਉਣਗੇ, ਜਦੋਂ ਕਿ ਪੁਲਸ ਕਮਿਸ਼ਨਰ  ਦੀ ਮੌਜੂਦਗੀ 'ਚ ਇਕ ਪੁੜੀ ਉਨ੍ਹਾਂ ਨੇ ਆਪਣੇ ਕੋਲ ਰੱਖ ਲਈ, ਜਿਸ ਦੀ ਪ੍ਰਾਈਵੇਟ ਲੈਬ ਤੋਂ ਜਾਂਚ ਕਰਵਾਈ ਜਾਵੇਗੀ। ਇਸ ਦੌਰਾਨ ਵਿਧਾਇਕ ਬੈਂਸ ਨੇ ਪੁਲਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਕਰਦੇ ਹੋਏ ਮੰਗ ਕੀਤੀ ਕਿ ਇਹ ਨਸ਼ਾ ਪੁਲਸ ਚੌਕੀ ਅਤੇ ਸਬੰਧਤ ਪੁਲਸ ਥਾਣੇ ਦੇ ਐੱਸ. ਐੱਚ. ਓ. ਦੀ ਸਹਿਮਤੀ ਤੋਂ ਬਿਨਾਂ ਨਹੀਂ ਵਿਕ ਸਕਦਾ। ਇਸ ਲਈ ਸਬੰਧਤ ਥਾਣੇ ਤੇ ਚੌਕੀ ਦੇ ਐੱਸ. ਐੱਚ. ਓ. ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ, ਤਾਂ ਜੋ ਸੂਬੇ 'ਚ ਹੋਰ ਪੁਲਸ ਅਧਿਕਾਰੀਆਂ ਅਤੇ ਸਾਰੇ ਥਾਣਿਆਂ ਦੇ ਐੱਸ. ਐੱਚ. ਓਜ਼ ਨੂੰ ਨਸੀਹਤ ਮਿਲ ਸਕੇ ਤੇ ਉਹ ਆਪਣੇ ਇਲਾਕਿਆਂ 'ਚ ਵਿਕ ਰਹੇ ਨਸ਼ੇ 'ਤੇ ਕਾਬੂ ਪਾਉਣ ਲਈ ਮਜਬੂਰ ਹੋ ਜਾਣ।

ਮਿਲੇ ਮਟੀਰੀਅਲ ਦੀ ਜਾਂਚ ਤੋਂ ਬਾਅਦ ਕੀਤੀ ਜਾਵੇਗੀ ਬਣਦੀ ਕਾਰਵਾਈ : ਪੁਲਸ ਕਮਿਸ਼ਨਰ
ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਇਸ ਸਾਰੇ ਮਾਮਲੇ 'ਚ ਮਿਲੇ ਮਟੀਰੀਅਲ ਦੀ ਜਾਂਚ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲਗਦੇ ਥਾਣੇ ਨੂੰ ਇਤਲਾਹ ਦਿੱਤੀ ਗਈ ਹੈ ਕਿ ਤਾਂ ਜੋ ਉਹ ਨਿਰਪੱਖ ਜਾਂਚ ਕਰ ਕੇ ਇਸ ਸਾਰੇ ਮਾਮਲੇ ਦੇ ਬਾਰੇ ਉਨ੍ਹਾਂ ਨੂੰ ਦੱਸਣਗੇ। ਉਸ ਤੋਂ ਬਾਅਦ ਜੋ ਵੀ ਇਸ ਵਿਚ ਦੋਸ਼ੀ ਪਾਇਆ ਗਿਆ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਦੋ ਘੰਟੇ ਰਹੇ ਬੈਂਸ ਲਾਈਵ, ਫਿਰ ਵੀ ਵਿਕਦਾ ਰਿਹਾ ਚਿੱਟਾ, ਕੋਈ ਵੀ ਪੁਲਸ ਅਧਿਕਾਰੀ ਮੌਕੇ 'ਤੇ ਨਾ ਪੁੱਜਿਆ :
ਇਸ ਦੌਰਾਨ ਸਵੇਰੇ 9 ਵਜੇ ਤੋਂ ਵਿਧਾਇਕ ਬੈਂਸ ਚੀਮਾ ਚੌਕ ਤੇ ਟਰਾਂਸਪੋਰਟ ਨਗਰ ਦੇ ਨੇੜਲੀ ਜਗ੍ਹਾ ਜਿੱਥੇ ਨਸ਼ਾ ਸ਼ਰੇਆਮ ਵਿਕ ਰਿਹਾ ਸੀ, ਉਥੋਂ ਆਪਣੇ ਫੇਸਬੁਕ 'ਤੇ ਲਾਈਵ ਹੋਣ ਤੋਂ ਬਾਅਦ ਪੁਲਸ ਕਮਿਸ਼ਨਰ ਦਫਤਰ ਪੁੱਜੇ, 11 ਵਜੇ ਪੁਲਸ ਕਮਿਸ਼ਨਰ ਦੇ ਆਉਣ 'ਤੇ ਉਨ੍ਹਾਂ ਨੂੰ ਚਿੱਟੇ ਦੀਆਂ ਪੁੜੀਆਂ ਦਿੱਤੀਆਂ। ਇਸ ਦੌਰਾਨ ਵੀ ਨਸ਼ਾ ਵੇਚਣ ਵਾਲਾ ਵਿਅਕਤੀ ਚਿੱਟਾ ਵੇਚਦਾ ਰਿਹਾ ਪਰ ਇਨ੍ਹਾਂ ਦੋ ਘੰਟਿਆਂ ਦੌਰਾਨ ਫੇਸਬੁਕ 'ਤੇ ਜਿੱਥੇ ਪੰਜਾਬ, ਪੰਜਾਬ ਦੇ ਬਾਹਰਲੇ ਰਾਜਾਂ ਅਤੇ ਸ਼ਹਿਰਾਂ ਤੋਂ ਇਲਾਵਾ ਬਾਹਰਲੇ ਮੁਲਕਾਂ ਦੇ ਲੋਕਾਂ ਨੇ ਇਸ ਕਾਰਵਾਈ ਦੀ ਸ਼ਲਾਘਾ ਕੀਤੀ, ਉੱਥੇ ਲੁਧਿਆਣਾ ਸਮੇਤ ਸੂਬੇ ਭਰ ਦੀ ਪੁਲਸ ਅਤੇ ਪੁਲਸ ਅਧਿਕਾਰੀਆਂ ਨੂੰ ਕੁੱਝ ਵੀ ਪਤਾ ਨਾ ਲੱਗਾ।

667 ਸ਼ਿਕਾਇਤਾਂ 'ਚੋਂ ਕਿਸੇ ਇਕ 'ਤੇ ਵੀ ਨਹੀਂ ਹੋਈ ਕਾਰਵਾਈ :
ਬੈਂਸ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਇਕ ਹੈਲਪ ਲਾਈਨ ਨੰਬਰ ਜਾਰੀ ਕਰ ਕੇ ਪੰਜਾਬ ਦੇ ਲੋਕਾਂ ਨੂੰ ਕਿਹਾ ਸੀ ਕਿ ਉਹ ਨਸ਼ਾ ਵੇਚਣ ਵਾਲੇ ਸਮੱਗਲਰਾਂ ਦਾ ਪਤਾ, ਫੋਨ ਨੰਬਰ ਅਤੇ ਨਾਂ ਦੱਸਣ, ਜਿਸ ਸਬੰਧੀ ਪੰਜਾਬ ਤੋਂ 667 ਸ਼ਿਕਾਇਤਾਂ ਮਿਲੀਆਂ ਅਤੇ ਵਿਧਾਇਕ ਬੈਂਸ ਅਨੁਸਾਰ ਉਨ੍ਹਾਂ ਸਾਰੀਆਂ ਸ਼ਿਕਾਇਤਾਂ ਨੂੰ ਉਹ ਖੁਦ ਮੁੱਖ ਮੰਤਰੀ ਦੇ ਦਫਤਰ ਅਤੇ ਐੱਸ. ਟੀ. ਐੱਫ. ਮੁਖੀ ਨੂੰ ਦੇ ਕੇ ਆਏ, ਜਿਸ ਤੋਂ ਬਾਅਦ ਪੁਲਸ ਅਧਿਕਾਰੀਆਂ ਵਲੋਂ ਉਨ੍ਹਾਂ ਮਾਮਲਿਆਂ ਦੀ ਜਾਂਚ ਕਰ ਕੇ ਜੋ ਰਿਪੋਰਟ ਭੇਜੀ ਗਈ, ਉਸ ਅਨੁਸਾਰ ਕਿਸੇ ਵੀ ਇਕ ਵਿਅਕਤੀ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਸਗੋਂ ਇਹ ਕਿਹਾ ਗਿਆ ਕਿ ਨਿਗਰਾਨੀ ਜਾਰੀ ਹੈ। ਖੁਫੀਆ ਤੰਤਰ ਲਾ ਦਿੱਤਾ ਗਿਆ ਹੈ। 


cherry

Content Editor

Related News