ਲੁਧਿਆਣਾ 'ਚ 'ਕੋਰੋਨਾ' ਦੀ ਸਖ਼ਤੀ, ਕੱਟੇ ਗਏ 2.60 ਕਰੋੜ ਰੁਪਏ ਦੇ 'ਚਲਾਨ'
Friday, Aug 21, 2020 - 04:27 PM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ ਪੁਲਸ ਹੁਣ ਤੱਕ ਕੋਰੋਨਾ ਕਾਲ ਦੌਰਾਨ 56,098 ਲੋਕਾਂ ਦੇ 2.60 ਕਰੋੜ ਰੁਪਏ ਦੇ ਚਲਾਨ ਕੱਟ ਚੁੱਕੀ ਹੈ। ਲੁਧਿਆਣਾ ਦੇ ਟ੍ਰੈਫਕ ਪੁਲਿਸ ਦੇ ਇੰਚਾਰਜ ਡੀ. ਸੀ. ਪੀ. ਸੁਖਪਾਲ ਸਿੰਘ ਬਰਾੜ ਨੇ ਦੱਸਿਆ ਨੇ ਕਿ ਜੂਨ ਮਹੀਨੇ 'ਚ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ 12 ਹਜ਼ਾਰ ਲੋਕਾਂ ਦੇ ਚਲਾਨ, ਜਦੋਂ ਕਿ ਜੁਲਾਈ ਮਹੀਨੇ 'ਚ 17 ਹਜ਼ਾਰ ਲੋਕਾਂ ਦੇ ਚਲਾਨ ਕੱਟੇ ਜਾ ਚੁੱਕੇ ਹਨ।
ਸੁਖਪਾਲ ਸਿੰਘ ਬਰਾੜ ਨੇ ਕਿਹਾ ਕਿ ਜੇਕਰ ਕੋਰੋਨਾ ਵਾਇਰਸ 'ਤੇ ਕਾਬੂ ਪਾਉਣਾ ਹੈ ਤਾਂ ਸਖ਼ਤੀ ਵਰਤਣੀ ਹੀ ਪਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਸੁਖਪਾਲ ਸਿੰਘ ਬਰਾੜ ਨੇ ਕਿਹਾ ਕਿ ਲੁਧਿਆਣਾ 'ਚ ਲਗਾਤਾਰ ਮਹਾਮਾਰੀ ਨਾਲ ਸਬੰਧਿਤ ਕੇਸ ਵੱਧਦੇ ਜਾ ਰਹੇ ਹਨ ਅਤੇ ਲੋਕ ਅਜੇ ਵੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ। ਖ਼ਾਸ ਕਰਕੇ ਮਾਸਕ ਨਹੀਂ ਲਾਉਂਦੇ, ਜਿਸ ਕਰਕੇ ਮਜਬੂਰਨ ਟ੍ਰੈਫਿਕ ਪੁਲਸ ਨੂੰ ਨਾ ਸਿਰਫ ਲੋਕਾਂ ਨੂੰ ਜਾਗਰੂਕ ਕਰਨਾ ਪੈ ਰਿਹਾ ਹੈ, ਸਗੋਂ ਚਲਾਨ ਵੀ ਕਰਨੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੋਈ ਸਾਡਾ ਟੀਚਾ ਨਹੀਂ ਹੈ, ਸਗੋਂ ਲੋਕਾਂ 'ਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣੀ ਅਤੇ ਸਖ਼ਤੀ ਕਰਨੀ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਇਸ ਸੰਬੰਧੀ ਜਾਣਕਾਰੀ ਹੈ ਕਿ ਜੇਕਰ ਉਹ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਉਨ੍ਹਾਂ ਦੇ ਚਲਾਨ ਹੋਣਗੇ। ਜ਼ਿਕਰਯੋਗ ਹੈ ਕਿ ਲੁਧਿਆਣਾ 'ਚ 53,605 ਲੋਕਾਂ ਦੇ ਮਾਸਕ ਨਾ ਪਾਉਣ ਕਰਕੇ ਹੁਣ ਤੱਕ 2.52 ਕਰੋੜ ਦੇ ਚਲਾਨ ਕੀਤੇ ਜਾ ਚੁੱਕੇ ਹਨ, ਜਦੋਂ ਕਿ 370 ਲੋਕਾਂ ਨੂੰ ਹਿਰਾਸਤ 'ਚ ਲਿਆ ਜਾ ਚੁੱਕਾ ਹੈ, 2196 ਲੋਕਾਂ ਦੇ ਜਨਤਕ ਥਾਵਾਂ 'ਤੇ ਥੁੱਕਣ ਦੇ 2.26 ਲੱਖ ਰੁਪਏ ਦੇ ਚਲਾਨ ਵੀ ਕੱਟੇ ਜਾ ਚੁੱਕੇ ਹਨ।
256 ਲੋਕਾਂ ਦੇ ਆਪਸੀ ਦਾਇਰਾ ਨਾ ਬਣਾਉਣ ਕਰਕੇ 4.96 ਲੱਖ ਦੇ ਚਲਾਨ ਕਟੇ ਗਏ ਹਨ, ਜਦੋਂ ਕਿ 191 ਅਪਰਾਧਿਕ ਮਾਮਲੇ ਦਰਜ ਕਰਕੇ 250 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ। 2 ਲੋਕਾਂ ਦੇ ਘਰੇਲੂ ਇਕਾਂਤਵਾਸ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਚਲਾਨ ਕੱਟੇ ਗਏ, ਜਦੋਂ ਕਿ ਰਾਤ ਦਾ ਕਰਫਿਊ ਤੋੜਨ ਦੇ ਮਾਮਲੇ 'ਚ 471 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 23 ਮਾਮਲੇ ਸਿਆਸੀ ਪਾਰਟੀਆਂ 'ਤੇ ਧਰਨੇ ਲਾਉਣ ਸਬੰਧੀ ਵੀ ਦਰਜ ਕੀਤੇ ਗਏ ਹਨ।