ਲੁਧਿਆਣਾ ਪ੍ਰਸ਼ਾਸਨ ਦਾ 'ਆਕਸੀਜਨ' ਦੀ ਸਪਲਾਈ ਸਬੰਧੀ ਅਹਿਮ ਫ਼ੈਸਲਾ, ਪਲਾਂਟਾਂ ਬਾਹਰ ਪੁਲਸ ਫੋਰਸ ਤਾਇਨਾਤ

Saturday, Apr 24, 2021 - 03:29 PM (IST)

ਲੁਧਿਆਣਾ (ਨਰਿੰਦਰ) : ਕੋਰੋਨਾ ਮਹਾਮਾਰੀ ਦੌਰਾਨ ਇਸ ਸਮੇਂ ਪੂਰੇ ਦੇਸ਼ ਨੂੰ ਆਕਸੀਜਨ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ ਵਿੱਚ ਵੀ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਬੀਤੇ ਦਿਨ ਇੱਕ ਹਜ਼ਾਰ ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਵੀ ਵਧਣ ਲੱਗੀ ਹੈ। ਲੁਧਿਆਣਾ ਪ੍ਰਸ਼ਾਸਨ ਵੱਲੋਂ ਇੰਡਸਟਰੀ ਨੂੰ ਦਿੱਤੀ ਜਾਣ ਵਾਲੀ ਆਕਸੀਜਨ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਅਹਿਮ ਫ਼ੈਸਲਾ ਲੈਂਦੇ ਹੋਏ ਕਿਹਾ ਗਿਆ ਹੈ ਕਿ ਸਿਰਫ਼ ਮਰੀਜ਼ਾਂ ਨੂੰ ਹੀ ਆਕਸੀਜਨ ਦੀ ਸਪਲਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਮੌਸਮ ਨੇ ਤੋੜਿਆ 50 ਸਾਲਾਂ ਦਾ ਰਿਕਾਰਡ, ਪਹਿਲੀ ਵਾਰ ਇੰਨਾ ਠੰਡਾ ਰਿਹਾ 'ਅਪ੍ਰੈਲ' ਮਹੀਨਾ

PunjabKesari

ਜ਼ਿਲ੍ਹੇ ਦੇ ਤਿੰਨੇ ਆਕਸੀਜਨ ਬਣਾਉਣ ਵਾਲੇ ਪਲਾਂਟਾਂ ਦੇ ਬਾਹਰ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਪੁਲਸ ਵੱਲੋਂ ਇਕ-ਇਕ ਸਿਲੰਡਰ ਦਾ ਹਿਸਾਬ ਰੱਖਿਆ ਜਾ ਰਿਹਾ ਹੈ। ਲੁਧਿਆਣਾ ਵੈੱਲ ਟੈੱਕ ਆਕਸੀਜਨ ਪਲਾਂਟ ਦਾ 'ਜਗਬਾਣੀ' ਵੱਲੋਂ ਜਾਇਜ਼ਾ ਲਿਆ ਗਿਆ ਤਾਂ ਮੌਕੇ 'ਤੇ ਏ. ਸੀ. ਪੀ. ਟ੍ਰੈਫਿਕ ਵਰੁਣਜੀਤ ਨੇ ਦੱਸਿਆ ਕਿ ਪੁਲਸ ਵੱਲੋਂ ਸਖ਼ਤੀ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਿਨ-ਰਾਤ ਸਾਡੀ ਪੀ. ਸੀ. ਆਰ. ਆਕਸੀਜਨ ਬਣਾਉਣ ਵਾਲੇ ਪਲਾਂਟਾਂ ਦੇ ਬਾਹਰ ਤਾਇਨਾਤ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਦੇ ਆਕਸੀਜਨ ਦੇ ਸਿਲੰਡਰਾਂ ਦੀ ਕਾਲਾਬਾਜ਼ਾਰੀ ਨਹੀਂ ਹੋ ਸਕੇਗੀ ਅਤੇ ਜੋ ਵੀ ਅਜਿਹਾ ਕਰੇਗਾ, ਉਸ ਖ਼ਿਲਾਫ਼ ਕਾਰਵਾਈ ਹੋਵੇਗੀ। ਮੌਕੇ 'ਤੇ ਮੌਜੂਦ ਏ. ਐੱਸ. ਆਈ. ਜਸਵਿੰਦਰ ਪਾਲ ਨੇ ਦੱਸਿਆ ਕਿ ਇੱਕ-ਇੱਕ ਸਿਲੰਡਰ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਇਸ ਦੀ ਸਾਰੀ ਰਿਪੋਰਟ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਵੱਡੀ ਖ਼ਬਰ : ਹਸਪਤਾਲ 'ਚ ਆਕਸੀਜਨ ਦੀ ਘਾਟ ਕਾਰਨ 6 ਮਰੀਜ਼ਾਂ ਦੀ ਮੌਤ, ਜਾਣੋ ਕੀ ਬੋਲੇ ਪ੍ਰਬੰਧਕ (ਵੀਡੀਓ

ਉਧਰ ਫੈਕਟਰੀ ਦੇ ਮੁੱਖ ਪ੍ਰਬੰਧਕ ਗਗਨ ਦੀਪ ਸਿੰਘ ਨੇ ਦੱਸਿਆ ਕਿ ਲੁਧਿਆਣਾ ਵਿੱਚ ਫਿਲਹਾਲ ਤਾਂ ਹਾਲਾਤ ਕਾਬੂ ਹੇਠ ਹਨ ਪਰ ਆਉਂਦੇ ਦਿਨਾਂ 'ਚ ਸੰਕਟ ਖੜ੍ਹਾ ਹੋ ਸਕਦਾ ਹੈ ਕਿਉਂਕਿ ਮਰੀਜ਼ ਲਗਾਤਾਰ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇੰਡਸਟਰੀ ਨੂੰ ਆਕਸੀਜਨ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਅਤੇ ਹੁਣ ਸਿਰਫ ਮਰੀਜ਼ਾਂ ਨੂੰ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਕਸੀਜਨ ਲਈ ਕੋਈ ਫਾਲਤੂ ਪੈਸੇ ਚਾਰਜ ਨਹੀਂ ਕੀਤੇ ਜਾ ਰਹੇ ਅਤੇ ਪਹਿਲਾਂ ਵਰਗਾ ਹੀ ਰੇਟ ਲੱਗ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


 


Babita

Content Editor

Related News