ਲੁਧਿਆਣਾ ਨਾਰਥ ਦੇ MLA ਮਦਨ ਲਾਲ ਬੱਗਾ ਨਾਲ ਖ਼ਾਸ ਗੱਲਬਾਤ, ਕਿਹਾ-ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾ ਕੇ ਰਹਾਂਗੇ

Wednesday, Jun 28, 2023 - 03:59 PM (IST)

ਲੁਧਿਆਣਾ ਨਾਰਥ ਦੇ MLA ਮਦਨ ਲਾਲ ਬੱਗਾ ਨਾਲ ਖ਼ਾਸ ਗੱਲਬਾਤ, ਕਿਹਾ-ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾ ਕੇ ਰਹਾਂਗੇ

ਜਲੰਧਰ (ਰਮਨਦੀਪ ਸੋਢੀ)-ਲੁਧਿਆਣਾ ’ਚ ਫੈਲਦੇ ਜਾ ਰਹੇ ਹਵਾ, ਪਾਣੀ ਅਤੇ ਆਵਾਜਾਈ ਪ੍ਰਦੂਸ਼ਣ ਬਾਰੇ ‘ਜਗ ਬਾਣੀ’ ਨਾਲ ਆਮ ਆਦਮੀ ਪਾਰਟੀ ਦੇ ਲੁਧਿਆਣਾ ਨਾਰਥ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਖੁੱਲ੍ਹ ਕੇ ਗੱਲਬਾਤ ਕੀਤੀ। ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਐੱਮ. ਐੱਲ. ਏ. ਬੱਗਾ ਨੇ ਜਿੱਥੇ ਪਾਰਟੀ ’ਤੇ ਲੱਗ ਰਹੇ ਘਪਲਿਆਂ ਦੇ ਦੋਸ਼ਾਂ ਦੇ ਜਵਾਬ ਦਿੱਤੇ, ਉੱਥੇ ਹੀ ਗੁਰਬਾਣੀ ਪ੍ਰਸਾਰਨ ਦੇ ਮੁੱਦੇ ’ਤੇ ਵੀ ਵਿਚਾਰ ਚਰਚਾ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼-

ਲੁਧਿਆਣਾ ਦੇ ਘਰਾਂ ’ਚ ਪੀਲੀਆ ਤੇ ਕੈਂਸਰ ਵਰਗੀਆਂ ਬਿਮਾਰੀਆਂ ਘਰ ਕਰ ਰਹੀਆਂ ਹਨ, ਕੀ ਕਹੋਗੇ?
ਲੁਧਿਆਣਾ ’ਚ ਹਵਾ, ਪਾਣੀ ਅਤੇ ਟ੍ਰੈਫਿਕ ਵਿਵਸਥਾ ਦੇ ਮਾੜੇ ਹਾਲ ਸਬੰਧੀ ਪੁੱਛੇ ਸਵਾਲ ’ਤੇ ਐੱਮ. ਐੱਲ. ਏ. ਬੱਗਾ ਨੇ ਕਿਹਾ ਕਿ ਮੇਰਾ ਟੀਚਾ ਵੀ ਇਨ੍ਹਾਂ ਤਿੰਨਾਂ ’ਤੇ ਫੋਕਸ ਕਰਨਾ ਰਿਹਾ ਹੈ। ਸਭ ਤੋਂ ਪਹਿਲਾਂ ਗੱਲ ਕਰਾਂ ਬੁੱਢੇ ਨਾਲੇ ਦੀ ਤਾਂ ਇਹ ਬੁੱਢਾ ਨਾਲਾ ਨਹੀਂ ਬੁੱਢਾ ਦਰਿਆ ਹੋਇਆ ਕਰਦਾ ਸੀ। ਬੁੱਢੇ ਦਰਿਆ ’ਚ ਸਾਡੇ ਬਜ਼ੁਰਗ ਤਿਉਹਾਰ ਮਨਾਉਂਦੇ ਸਨ। ਇਸ ਦੇ ਕਈ ਘਾਟ ਬਣੇ ਹੋਏ ਸਨ, ਜਿਵੇਂ ਜੀਵਨ ਰਾਮ ਘਾਟ, ਗਊ ਘਾਟ ਆਦਿ, ਜਿੱਥੇ ਪਾਣੀ ਕਾਫ਼ੀ ਸਾਫ਼ ਸੀ ਅਤੇ ਲੋਕ ਕੱਪੜੇ ਵੀ ਧੋਂਦੇ ਰਹੇ। ਅੱਜ ਇਸ ਦਰਿਆ ਵੱਲ ਧਿਆਨ ਨਾ ਦੇਣ ਕਾਰਨ ਇਹ ਬੁੱਢਾ ਨਾਲਾ ਬਣ ਕੇ ਰਹਿ ਗਿਆ, ਜਿਸ ਕਾਰਨ ਲੁਧਿਆਣਾ ਦੇ ਘਰਾਂ ’ਚ ਪੀਲੀਆ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਘਰ ਕਰਦੀਆਂ ਜਾ ਰਹੀਆਂ ਹਨ। ਮੈਂ ਬੁੱਢੇ ਨਾਲੇ ਲਈ ਹਰ ਰੋਜ਼ 3 ਤੋਂ 4 ਘੰਟੇ ਕੰਮ ਕਰ ਰਿਹਾ ਹਾਂ। ਦਰਿਆ ਦੀ ਸਫ਼ਾਈ ਕਰਵਾਈ ਜਾ ਰਹੀ ਹੈ। ਦਰਿਆਂ ਦੇ ਦੋਵੇਂ ਪਾਸੇ ਸੜਕ ਦੀ ਮੁਰੰਮਤ ਕਰਵਾਈ ਜਾ ਰਹੀ ਹੈ। ਲੋਕ ਸਾਥ ਵੀ ਦੇ ਰਹੇ ਹਨ ਪਰ ਕੁਝ ਲੋਕ ਅੱਜ ਵੀ ਦਰਿਆ ਨਾਲ ਲੱਗਦੀ ਸੜਕ ’ਤੇ ਕਬਜੇ ਕਰੀ ਬੈਠੇ ਹਨ, ਜਿਨ੍ਹਾਂ ਤੋਂ ਕਬਜੇ ਛੁਡਵਾ ਲਏ ਜਾਣਗੇ। ਰੋਡ ਬਣਾਉਣ ਲਈ ਸਰਕਾਰ ਵਲੋਂ ਪੈਸੇ ਵੀ ਆ ਚੁੱਕੇ ਹਨ। ਸੂਬੇ ਦੇ ਮੁੱਖ ਮੰਤਰੀ ਦੇ ਸਹਿਯੋਗ ਨਾਲ ਬੀਤੇ ਦਿਨੀਂ ਤਾਜਪੁਰ ਰੋਡ ’ਤੇ ਐੱਸ. ਟੀ. ਪੀ. ਸਟਾਰਟ ਹੋ ਗਿਆ ਹੈ। ਇਸ ਨਾਲ ਕਾਫ਼ੀ ਫਾਇਦਾ ਮਿਲੇਗਾ। ਕਿਉਂਕਿ ਜੋ ਗਊ ਘਾਟ ਤੋਂ ਲੈ ਤਾਜਪੁਰ ਰੋਡ ਤਕ ਡੇਅਰੀਆਂ ਅਤੇ ਸੀਵਰੇਜ ਦਾ ਪਾਣੀ ਬੁੱਢੇ ਨਾਲੇ ’ਚ ਡਿੱਗਦਾ ਸੀ, ਉਸ ਨੂੰ ਪਿੱਛੇ ਮੋੜਣ ’ਚ ਕਾਮਯਾਬ ਹੋਏ ਹਾਂ। ਸੀਵਰੇਜ ਕੁਨੈਕਸ਼ਨਸ ਦਾ ਪਾਣੀ ਦਰਿਆ ’ਚ ਪੈਣਾ ਬੰਦ ਹੋ ਜਾਵੇਗਾ, ਜਿਸ ਨਾਲ ਕਾਫ਼ੀ ਰਾਹਤ ਮਿਲੇਗੀ। ਮੇਰਾ ਹਲਕਾ ਦਰਿਆ ਦੇ ਨੇੜੇ ਦਾ ਹੀ ਹੈ।

ਇਹ ਵੀ ਪੜ੍ਹੋ- ਮਨੀਕਰਨ ਸਾਹਿਬ ਤੋਂ ਪਰਤੇ ਗੁਰਦਾਸਪੁਰ ਦੇ ਪਰਿਵਾਰ ਦੀ ਬਦਲੀ ਕਿਸਮਤ, ਰਾਤੋਂ-ਰਾਤ ਬਣਿਆ ਕਰੋੜਪਤੀ

ਦਰਿਆ ’ਚ ਗੰਦਗੀ ਪੈਣੀ ਬੰਦ ਕਿਵੇਂ ਹੋਵੇਗੀ?
ਮੈਂ ਪਬਲਿਕ ਦੇ ਨਾਲ ਹਾਂ। ਲੋਕ ਅੱਜ ਕੈਂਸਰ ਵਰਗੀ ਭਿਆਨਕ ਬੀਮਾਰੀ ਤੋਂ ਪੀੜਤ ਹੋ ਰਹੇ ਹਨ, ਇਸ ਲਈ ਇੰਡਸਟਰੀ ਵਾਲਿਆਂ ਨਾਲ ਬੁੱਢੇ ਨਾਲੇ ਸਬੰਧੀ ਕੋਈ ਸਮਝੌਤਾ ਨਹੀਂ ਹੋ ਸਕਦਾ। ਮੈਂ ਇਹ ਮੁੱਦਾ ਕਈ ਵਾਰ ਵਿਧਾਨ ਸਭਾ ’ਚ ਉਠਾ ਚੁੱਕਿਆ ਹਾਂ। ਮੈਂ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਲਈ ਸਭ ਤੋਂ ਵੱਧ ਸਵਾਲ ਪੁੱਛੇ ਹਨ। ਮੁੱਖ ਮੰਤਰੀ ਮਾਨ ਖ਼ੁਦ ਇਸ ਮੁੱਦੇ ’ਤੇ ਕਾਫੀ ਗੰਭੀਰ ਹਨ। ਅਸੀਂ ਇਸ ਦੇ ਬੇਸ ਤੱਕ ਜਾਵਾਂਗੇ। ਅਸੀਂ ਇਸ ਲਈ ਸਬੰਧਤ ਵਿਭਾਗਾਂ ਨਾਲ ਮੀਟਿੰਗ ਕਰ ਕੇ ਅਧਿਕਾਰੀਆਂ ਨੂੰ ਆਖ ਦਿੱਤਾ ਹੈ ਕਿ ਬੁੱਢੇ ਨਾਲੇ ਅੰਦਰ ਇਕ ਵੀ ਬੂੰਦ ਇੰਡਸਟਰੀ ਦੇ ਪਾਣੀ ਦੀ ਨਾ ਆਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇ। ਅਸੀਂ ਸਿਰਫ ਲੋਕ ਹਿੱਤ ਲਈ ਕੰਮ ਕਰ ਰਹੇ ਹਾਂ।
ਅਸੀਂ ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾਵਾਂਗੇ। ਅੱਜ ਤੋਂ 8 ਮਹੀਨੇ ਪਹਿਲਾਂ ਜੋ ਸਥਿਤੀ ਸੀ, ਉਹ ਅੱਜ ਨਹੀਂ ਹੈ। ਦਰਿਆ ਦੇ ਨਾਲ-ਨਾਲ ਗ੍ਰੀਨ ਬੈਲਟ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਵਾਕ-ਵੇਅ ਬਣਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਇਸ ਸਬੰਧੀ ਸੀ. ਐੱਮ. ਭਗਵੰਤ ਮਾਨ ਖੁਦ ਸਾਰੀ ਰਿਪੋਰਟ ਲੈ ਰਹੇ ਹਨ। ਉਨ੍ਹਾਂ ਦੀ ਸੋਚ ਚੰਗੀ ਹੈ ਕਿਉਂਕਿ ਇਹ ਦਰਿਆ ਸਿਰਫ ਲੁਧਿਆਣਾ ਨੂੰ ਨਹੀਂ, ਸਗੋਂ ਪੂਰੀ ਮਾਲਵਾ ਬੈਲਟ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਫਿਰੋਜ਼ਪੁਰ ਤਕ ਇਹ ਮਾਰ ਕਰ ਰਿਹਾ ਹੈ। ਜਦ ਪੀਣ ਵਾਲਾ ਪਾਣੀ ਹੀ ਸਾਫ ਨਹੀਂ ਤੇ ਖੇਤਾਂ ਨੂੰ ਪਾਣੀ ਸਾਫ ਨਾ ਮਿਲਿਆ ਤਾਂ ਫਿਰ ਖੇਤੀ ਕਿਵੇਂ ਸਹੀ ਹੋ ਸਕਦੀ ਹੈ।

ਹਵਾ ਪ੍ਰਦੂਸ਼ਣ ਅਤੇ ਟ੍ਰੈਫਿਕ ਵਿਵਸਥਾ ਲਈ ਕੀ ਕਰ ਰਹੇ ਹੋ?
ਹਵਾ ਪ੍ਰਦੂਸ਼ਣ ਕਾਰਨ ਲੁਧਿਆਣਾ ’ਚ ਦਾਖਲ ਹੁੰਦੇ ਸਾਰ ਸ਼ਾਮ ਸਮੇਂ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਅਸੀਂ ਕਿੰਨੀਂ ਤਕਲੀਫ ’ਚ ਹਾਂ। ਅੱਜ ਸਥਿਤੀ ਕਾਫੀ ਮਾੜੀ ਹੈ, ਜਿਸ ’ਤੇ ਕਾਬੂ ਪਾਉਣ ਲਈ ਯਤਨ ਕਰ ਰਹੇ ਹਾਂ। ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਲਈ ਅਸੀਂ ਕਾਫ਼ੀ ਫਿਕਰਮੰਦ ਹਾਂ। ਬੁੱਢੇ ਨਾਲੇ ਦੇ ਨਾਲ ਲੱਗਦੀਆਂ ਸੜਕਾਂ ਨੂੰ ਹਰ ਕੋਈ ਅਪਣਾ ਰਿਹਾ ਤੇ ਜਲਦ ਹੀ ਇਸ ਨਾਲੇ ਦੇ ਦੂਜੇ ਪਾਸੇ ਵੀ ਸੜਕਾਂ ਦਾ ਨਿਰਮਾਣ ਹੋ ਜਾਣ ਨਾਲ ਟ੍ਰੈਫਿਕ ਵਿਵਸਥਾ ’ਤੇ ਕਾਫੀ ਹਾਲਤ ਤਕ ਕਾਬੂ ਪਾਇਆ ਜਾ ਸਕਦਾ ਹੈ। ਲੁਧਿਆਣਾ ’ਚ ਚੱਲਣ ਵਾਲੇ ਆਟੋਜ਼ ਦੀ ਕੋਈ ਗਿਣਤੀ ਨਹੀਂ ਹੈ। ਅੱਜ ਤੋਂ 15-20 ਸਾਲ ਪਹਿਲਾਂ 26-30 ਹਜ਼ਾਰ ਦੇ ਕਰੀਬ ਆਟੋ ਚੱਲਦੇ ਸਨ, ਹੁਣ ਇਹ ਗਿਣਤੀ ਕਿੰਨੀ ਹੈ, ਕੋਈ ਅੰਦਾਜਾ ਨਹੀਂ ਲਾਇਆ ਜਾ ਸਕਦਾ। ਜੁਗਾੜੂ ਆਟੋ ਕਾਫ਼ੀ ਨੁਕਸਾਨ ਕਰਦੇ ਹਨ। ਪਿਛਲੀਆਂ ਸਰਕਾਰਾਂ ਨੇ ਵੋਟਾਂ ਦੇ ਚੱਕਰਾਂ ’ਚ ਇਸ ’ਤੇ ਕੋਈ ਧਿਆਨ ਨਹੀਂ ਦਿੱਤਾ ਪਰ ਇਸ ਵਾਰ ਸਾਡੇ ਵਲੋਂ ਟ੍ਰੈਫਿਕ, ਇੰਡਸਟਰੀ ਤੇ ਪ੍ਰਦੂਸ਼ਣ ’ਤੇ ਕੰਟਰੋਲ ਕਰਨ ਲਈ ਇੰਡਸਟਰੀ ਵਾਲਿਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਪ੍ਰਦੂਸ਼ਣ ’ਤੇ ਕਾਬੂ ਪਾਇਆ ਜਾ ਸਕੇ, ਕਿਉਂਕਿ ਬੰਦੇ ਦੀ ਜਾਨ ਤੋਂ ਵੱਧ ਕੁਝ ਨਹੀਂ ਹੈ।

ਇਹ ਵੀ ਪੜ੍ਹੋ-ਜਲੰਧਰ ਦੇ ਬਸਤੀ ਗੁਜ਼ਾਂ 'ਚ ਹੋਏ ਕਰਿਆਨਾ ਸਟੋਰ ਮਾਲਕ ਦਾ ਮਰਡਰ ਕੇਸ ਟਰੇਸ, ਕਾਤਲ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ

ਇਨਫਰਾਸਟ੍ਰਕਚਰ ਲਈ ਕੀ ਯੋਗਦਾਨ ਹੈ?
ਅੱਜ 70-75 ਫ਼ੀਸਦੀ ਸਾਰੀਆਂ ਸੜਕਾਂ ਬਣਾ ਦਿੱਤੀਆਂ ਗਈਆਂ ਹਨ। ਮੇਰੇ ਪੂਰੇ ਹਲਕੇ ’ਚ ਵਿਕਾਸ ਕਾਰਜ ਜਾਰੀ ਹਨ। ਮੈਂ ਇਸੇ ਸਾਲ ਹੀ ਲੋਕਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰ ਦੇਵਾਂਗਾ। ਸਾਰੇ ਪਾਰਕ ਮੈਂ ਹਰੇ-ਭਰੇ ਕਰ ਲਏ ਹਨ। ਲੋਕਾਂ ਦੇ ਸਹਿਯੋਗ ਨਾਲ ਜਲੰਧਰ ਬਾਈਪਾਸ ਨਾਲ ਲੱਗਦੇ ਇਲਾਕੇ ’ਚ ਗ੍ਰੀਨ ਬੈਲਟ ਬਣਾਈ ਗਈ ਹੈ।

ਮੁਹੱਲਾ ਕਲੀਨਿਕ ਕਿਵੇਂ ਚੱਲ ਰਹੇ ਹਨ?
ਮੇਰੇ ਹਲਕੇ ’ਚ ਮੁਹੱਲਾ ਕਲੀਨਿਕ ਕਾਫ਼ੀ ਵਧੀਆ ਚੱਲ ਰਹੇ ਹਨ। ਮੈਂ ਹੁਣ ਤਕ 6 ਮੁੱਹਲਾ ਕਲੀਨਿਕ ਬਣਾ ਚੁੱਕਾ ਹਾਂ ਤੇ ਆਉਣ ਵਾਲੇ ਸਮੇਂ ’ਚ 4 ਹੋਰ ਖੋਲ੍ਹ ਦਿੱਤੇ ਜਾਣਗੇ। ਕੋਸ਼ਿਸ਼ ਕਰਾਂਗਾ ਕਿ ਮੇਰੇ ਹਲਕੇ ਦੇ 16 ਵਾਰਡਾਂ ’ਚ ਹੀ ਇਹ ਕਲੀਨਿਕ ਖੋਲ੍ਹ ਦਿੱਤੇ ਜਾਣ। ਹਰ ਮੁਹੱਲਾ ਕਲੀਨਿਕ ਦਾ ਲੋਕਾਂ ਨੂੰ ਸਿੱਧਾ ਲਾਭ ਮਿਲ ਰਿਹਾ ਹੈ। ਜਲਦੀ ਹੀ ਆਪਣੇ ਹਲਕੇ ’ਚ ਅਸੀਂ ਹਸਪਤਾਲ ਖੋਲ੍ਹਣ ਜਾ ਰਹੇ ਹਾਂ, ਜਿਸ ਦਾ ਉਦਘਾਟਨ ਮੁੱਖ ਮੰਤਰੀ ਤੋਂ ਕਰਵਾਉਣ ਦੀ ਕੋਸ਼ਿਸ਼ ਕਰਾਂਗੇ।

ਮੋਬਾਇਲ ਟਰਾਂਸਫਾਰਮਰ ਦਾ ਆਈਡੀਆ ਕਿਵੇਂ ਆਇਆ?
ਮੈਂ ਆਪਣੇ ਹਲਕੇ ’ਚ 70 ਤੋਂ 75 ਬਿਜਲੀ ਦੇ ਟਰਾਂਸਫਾਰਮਰ ਨਵੇਂ ਰਖਵਾਂ ਚੁੱਕਾ ਹਾਂ। ਪੁਰਾਣੇ ਤੇ ਖਸਤਾਹਾਲ ਟਰਾਂਸਫਰਮਰ ਬਦਲਵਾਏ ਹਨ। ਕਾਰਪੋਰੇਸ਼ਨ ਦੇ ਟਿਊਬਵੈੱਲਸ ਦੇ ਵੀ ਟਰਾਂਸਫਰਮਰ ਵੱਖਰੇ ਕਰਵਾਏ ਗਏ ਹਨ। ਮੋਬਾਇਲ ਟਰਾਂਸਫਰਮਰ ਦੀ ਸ਼ੁਰੂਆਤ ਵੀ ਇਸ ਲਈ ਕਰਵਾਈ ਗਈ ਸੀ ਤਾਂ ਜੋ ਲੋਕਾਂ ਤਕ ਬਿਜਲੀ ਦੀ ਸਪਲਾਈ ਨਿਰਵਿਘਨ ਚੱਲਦੀ ਰਹੇ। ਜੇਕਰ ਕਿੱਧਰੇ ਟਰਾਂਸਫਾਰਮਰ ਨੂੰ ਲੈ ਕੇ ਕੋਈ ਸਮੱਸਿਆ ਆਉਂਦੀ ਹੈ, ਉਥੇ ਮੋਬਾਈਲ ਟਰਾਂਸਫਾਰਮਰ ਭੇਜ ਦਿੱਤਾ ਜਾਂਦਾ ਹੈ।
ਫਲਾਈਓਵਰਾਂ ਹੇਠਾਂ ਬੱਚਿਆਂ ਦੇ ਖੇਡਣ ਥਾਂ ਬਣਾਉਣ ਦਾ ਆਈਡੀਆ ਇਕ ਫਿਲਮ ਵੇਖਣ ਤੋਂ ਬਾਅਦ ਆਇਆ। ਅਧਿਕਾਰੀਆਂ ਨਾਲ ਇਸ ਸਬੰਧੀ ਗੱਲ ਕੀਤੀ ਅਤੇ ਫਿਰ ਅਸੀਂ ਫਲਾਈਓਵਰਾਂ ਹੇਠਾਂ ਬੱਚਿਆਂ ਦੇ ਖੇਡਣ ਲਈ ਥਾਂ ਬਣਾ ਦਿੱਤੀ ਗਈ, ਜਿਨ੍ਹਾਂ ’ਚ ਅਸੀਂ ਬੈਡਮਿੰਟਨ ਕੋਰਟਸ ਨਾਲ ਸ਼ੁਰੂਆਤ ਕੀਤੀ ਗਈ ਹੈ। ਸ਼ਹਿਰਾਂ ’ਚ ਫਲਾਈਓਵਰਾਂ ਹੇਠਾਂ ਖਾਲੀ ਪਈ ਥਾਂ ਦਾ ਅਸੀਂ ਇਸਤੇਮਾਲ ਕਰ ਰਹੇ ਹਾਂ।

ਇਹ ਵੀ ਪੜ੍ਹੋ- ਵੈਸ਼ਨੋ ਦੇਵੀ ਤੋਂ ਘਰ ਪਰਤ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ ਨੇ ਘਰ 'ਚ ਵਿਛਾਏ ਸੱਥਰ, ਮਿਲੀ ਰੂਹ ਕੰਬਾਊ ਮੌਤ

ਘਪਲਿਆਂ ਦੇ ਸਵਾਲਾਂ ’ਚ ਘਿਰੀ ਪਾਰਟੀ ਬਾਰੇ ਕੀ ਕਹੋਗੇ?
ਮੈਂ ਸੁਖਬੀਰ ਸਿੰਘ ਬਾਦਲ ਦੀ ਸਰਕਾਰ ’ਚ ਸਾਢੇ 9 ਸਾਲ ਰਿਹਾ। ਮੈਂ 2007 ਦਾ ਇਲੈਕਸ਼ਨ ਆਜ਼ਾਦ ਲੜਿਆ। ਬਾਦਲ ਨੇ ਮੈਨੂੰ ਬੇਹੱਦ ਪਿਆਰ ਦਿੱਤਾ। ਅਸੀਂ ਕਾਫੀ ਵਿਕਾਸ ਕਰਵਾਇਆ। ਉਦੋਂ ਮੈਂ ਬਿਲਕੁਲ ਠੀਕ ਸੀ। ਅੱਜ ਮੇਰੇ ’ਤੇ ਇਲਜ਼ਾਮ ਲਗਾਏ ਜਾ ਰਹੇ ਹਨ। ਅੱਜ ਪ੍ਰਤਾਪ ਸਿੰਘ ਬਾਜਵਾ ਸਵਾਲ ਖੜ੍ਹੇ ਕਰਦੇ ਹਨ, ਲੋਕਾਂ ਨੇ ਕੁੱਝ ਦੇਖ ਕੇ ਹੀ 92 ਐੱਮ. ਐੱਲ. ਏ. ਚੋਣ ਜਿਤਾ ਕੇ ਵਿਧਾਨ ਸਭਾ ’ਚ ਭੇਜੇ ਹਨ, ਕੁਝ ਦੇਖ ਕੇ ਹੀ ਭੇਜੇ ਹਨ। ਫਿਰ ਇਹ ਬਾਜਵਾ ਜੀ ਦਾ ਬਿਆਨ 92 ਐੱਮ. ਐੱਲ. ਏਜ਼ ਲਈ ਨਹੀਂ, ਸਗੋਂ ਲੋਕਾਂ ਦੇ ਫੈਸਲੇ ’ਤੇ ਹੈ।

ਗੁਰਬਾਣੀ ਪ੍ਰਸਾਰਣ ਦੇ ਮੁੱਦੇ ਨੂੰ ਕਿਵੇਂ ਵੇਖਦੇ ਹੋ?
ਮੈਂ ਗੁਰੂ ਘਰ ਨੂੰ ਮੰਨਣ ਵਾਲਾ ਬੰਦਾ ਹਾਂ। ਗੁਰਬਾਣੀ ਸਾਡੇ ਲਈ ਵੀ ਸਤਿਕਾਰਯੋਗ ਹੈ ਪਰ ਸਾਰੇ ਅਧਿਕਾਰ ਇਕ ਘਰ ਨੂੰ ਕਿਉਂ। ਹਰ ਕੋਈ ਗੁਰਬਾਣੀ ਦਾ ਪ੍ਰਚਾਰ ਜਾਂ ਪ੍ਰਸਾਰ ਕਿਉਂ ਨਾ ਕਰ ਸਕੇ। ਸਿੱਖ ਧਰਮ ਦਾ ਹਰ ਧਰਮ ਸਤਿਕਾਰ ਕਰਦਾ ਹੈ। ਐੱਸ. ਜੀ. ਪੀ. ਸੀ. ਇਕ ਘਰ ਤੋਂ ਚੱਲਦੀ ਹੈ। ਲੋਕ ਇਹ ਨਹੀਂ ਚਾਹੁੰਦੇ। ਲੋਕ ਚਾਹੁੰਦੇ ਹਨ, ਕਿ ਗੁਰਬਾਣੀ ਦਾ ਪ੍ਰਸਾਰਣ ਹਰੇਕ ਚੈਨਲ ’ਤੇ ਚੱਲੇ। ਸੀ. ਐੱਮ. ਮਾਨ ਸਾਹਿਬ ਦੀ ਸੋਚ ਬਹੁਤ ਵਧੀਆ ਹੈ। ਹਾਊਸ ਨੇ ਨਵਾਂ ਐਕਟ ਬਹੁਮਤ ਨਾਲ ਪਾਸ ਕੀਤਾ ਹੈ। ਇਹ ਲੋਕਾਂ ਦੀ ਸੋਚ ਹੈ। ਮਾਨ ਸਾਹਿਬ ਨੇ ਜੋ ਕੀਤਾ, ਬਿਲਕੁਲ ਠੀਕ ਕੀਤਾ ਹੈ। ਮੈਂ ਮੁੱਖ ਮੰਤਰੀ ਮਾਨ ਦੇ ਫ਼ੈਸਲੇ ਦਾ ਸਵਾਗਤ ਕਰਦਾ ਹਾਂ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News