ਬਿਜਲੀ ਸੰਕਟ ਕਾਰਨ ਇੰਡਸਟਰੀ ਬੰਦ ਕਰਨ ਦੇ ਫ਼ੈਸਲੇ ਤੋਂ ਭੜਕੇ ਲੁਧਿਆਣਾ ਦੇ ਕਾਰੋਬਾਰੀ
Friday, Jul 02, 2021 - 04:15 PM (IST)
ਲੁਧਿਆਣਾ (ਨਰਿੰਦਰ) : ਪੰਜਾਬ ਵਿੱਚ ਬਿਜਲੀ ਸੰਕਟ ਤੋਂ ਬਾਅਦ ਪਾਵਰ ਕਾਰਪੋਰੇਸ਼ਨ ਵੱਲੋਂ ਵੱਡੀਆਂ ਇੰਡਸਟਰੀਆਂ ਨੂੰ 2 ਦਿਨ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਇਸ ਤੋਂ ਬਾਅਦ ਕਾਰੋਬਾਰੀ ਭੜਕ ਗਏ ਹਨ ਅਤੇ ਪਾਵਰ ਕਾਰਪੋਰੇਸ਼ਨ ਦੇ ਇਸ ਫ਼ੈਸਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰ ਰਹੇ ਹਨ। ਲੁਧਿਆਣਾ ਏਸ਼ੀਆ ਦੀ ਸਭ ਤੋਂ ਵੱਡੀ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ (ਯੂ. ਸੀ. ਪੀ. ਐਮ. ਏ.) ਦੇ ਪ੍ਰਧਾਨ ਨੇ ਡੀ. ਐਸ. ਚਾਵਲਾ ਨੇ ਕਿਹਾ ਕਿ ਜਿਨ੍ਹਾਂ ਅਫ਼ਸਰਾਂ ਕਰਕੇ ਪੰਜਾਬ ਅੱਜ ਇਸ ਸਮੱਸਿਆ ਨਾਲ ਜੂਝ ਰਿਹਾ ਹੈ, ਉਨ੍ਹਾਂ ਨੂੰ ਤੁਰੰਤ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ।
ਡੀ. ਐਸ. ਚਾਵਲਾ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ ਪਰ ਜਿੰਨੀ ਪੰਜਾਬ ਵਿਚ ਬਿਜਲੀ ਬਣ ਰਹੀ ਹੈ, ਓਨੀ ਹੀ ਮੰਗ ਹੈ ਤਾਂ ਇਸ ਪਿੱਛੇ ਕੀ ਕਾਰਨ ਹੈ, ਇਸ ਲਈ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਵਰ ਕਾਰਪੋਰੇਸ਼ਨ ਵੱਲੋਂ ਉਨ੍ਹਾਂ ਨੂੰ ਅਚਨਚੇਤ ਇਹ ਮੈਸਜ ਕਰਕੇ ਦੱਸਿਆ ਜਾਂਦਾ ਹੈ ਕਿ 2 ਦਿਨ ਇੰਡਸਟਰੀ ਬੰਦ ਰਹੇਗੀ ਅਤੇ ਤਿੰਨ ਘੰਟੇ ਪਹਿਲਾਂ ਇਹ ਮੈਸਜ ਕੀਤਾ ਜਾਂਦਾ ਹੈ। ਇਸ ਨੇ ਕਾਰੋਬਾਰੀਆਂ ਨੂੰ ਵੱਡੀ ਦੁਚਿੱਤੀ 'ਚ ਪਾ ਦਿੱਤਾ ਹੈ, ਜਿਸ ਕਾਰਨ ਉਹ ਪਰੇਸ਼ਾਨ ਹਨ।
ਉਨ੍ਹਾਂ ਕਿਹਾ ਕਿ ਛੋਟੀਆਂ ਇੰਡਸਟਰੀਆਂ ਨੂੰ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ ਪਰ ਛੋਟੀਆਂ ਇੰਡਸਟਰੀਆਂ ਆਪਣਾ ਮਾਲ ਤਿਆਰ ਕਰਕੇ ਵੱਡੀਆਂ ਇੰਡਸਟਰੀਆਂ ਨੂੰ ਹੀ ਦਿੰਦੀਆਂ ਹਨ ਅਤੇ ਜੇਕਰ ਵੱਡੀਆਂ ਇੰਡਸਟਰੀਆਂ ਨਹੀਂ ਚੱਲਣਗੀਆਂ ਤਾਂ ਛੋਟੀਆਂ ਇੰਡਸਟਰੀਆਂ ਵੀ ਕੀ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਇਸ 'ਚ ਇਕ ਪੂਰੀ ਚੇਨ ਕੰਮ ਕਰਦੀ ਹੈ ਅਤੇ ਜੇਕਰ ਚੇਨ 'ਚੋਂ ਕੋਈ ਵੀ ਹਿੱਸਾ ਕੱਟ ਦਿੱਤਾ ਜਾਵੇ ਤਾਂ ਉਹ ਲਗਾਤਾਰ ਕੰਮ ਨਹੀਂ ਕਰ ਸਕੇਗੀ।