ਲੁਧਿਆਣਾ ਦੀ ਸਾਈਕਲ ਇੰਡਸਟਰੀ ਲਈ ਖ਼ੁਸ਼ੀ ਦੀ ਖ਼ਬਰ : ਵੈਸਟ ਬੰਗਾਲ ਤੋਂ ਮਿਲਿਆ 10.50 ਲੱਖ ਸਾਈਕਲਾਂ ਦਾ ਆਰਡਰ
Thursday, Dec 22, 2022 - 11:55 AM (IST)
ਲੁਧਿਆਣਾ (ਧੀਮਾਨ) : ਲੁਧਿਆਣਾ ਦੀਆਂ ਸਾਈਕਲ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੈਸਟ ਬੰਗਾਲ ਸਰਕਾਰ ਨੇ 10.50 ਲੱਖ ਸਾਈਕਲਾਂ ਦਾ ਸਰਕਾਰੀ ਟੈਂਡਰ ਅਲਾਟ ਕੀਤਾ ਹੈ। ਇਸ ਟੈਂਡਰ ਦੇ ਜ਼ਰੀਏ ਸਾਈਕਲਾਂ ਦੀ ਸਪਲਾਈ ਏਵਨ ਸਾਈਕਲ ਲਿਮਟਿਡ, ਹੀਰੋ ਸਾਈਕਲ ਅਤੇ ਹੀਰੋ ਈਕੋ ਟੇਕ ਮਿਲ ਕੇ ਕਰਨਗੇ। ਇਸ ਦੇ ਆਉਣ ਨਾਲ ਸਭ ਤੋਂ ਜ਼ਿਆਦਾ ਖ਼ੁਸ਼ੀ ਦੀ ਲਹਿਰ ਸਾਈਕਲਾਂ ਦੇ ਪੁਰਜ਼ੇ ਬਣਾਉਣ ਵਾਲੀਆਂ ਕੰਪਨੀਆਂ 'ਚ ਹੈ, ਜੋ ਇਨ੍ਹਾਂ ਕੰਪਨੀਆਂ ਨੂੰ ਬਤੌਰ ਵੈਂਡਰ ਮਾਲ ਸਪਲਾਈ ਕਰਦੀਆਂ ਹਨ। ਕੋਵਿਡ ਤੋਂ ਬਾਅਦ ਵੈਸਟ ਬੰਗਾਲ ਦੂਜਾ ਅਜਿਹਾ ਸੂਬਾ ਹੈ, ਜਿਸ ਨੇ ਸਰਕਾਰੀ ਟੈਂਡਰ ਕੱਢ ਕੇ ਸਾਈਕਲ ਇੰਡਸਟਰੀ 'ਚ ਨਵੀਂ ਜਾਨ ਫੂਕ ਦਿੱਤੀ ਹੈ।
ਇਸ ਤੋਂ ਪਹਿਲਾਂ ਤਾਮਿਲਨਾਡੂ ਸਰਕਾਰ ਨੂੰ ਲੁਧਿਆਣਾ ਦੀ ਇੰਡਸਟਰੀ 6.50 ਲੱਖ ਸਾਈਕਲ ਸਪਲਾਈ ਕਰ ਚੁੱਕੀ ਹੈ। ਇਸ ਦੇ ਨਾਲ ਹੀ ਗੁਜਰਾਤ ਸਰਕਾਰ ਵੱਲੋਂ ਵੀ 3 ਲੱਖ ਸਾਈਕਲਾਂ ਦਾ ਟੈਂਡਰ ਸੇਠ ਇੰਡਸਟਰੀਅਲ ਕਾਰਪੋਰੇਸ਼ਨ ਅਤੇ ਹੀਰੋ ਈਕੋ ਟੇਕ ਨੂੰ ਮਿਲਿਆ ਹੈ, ਜਿਸ ਦੀ ਸਪਲਾਈ ਦੀ ਤਿਆਰੀ ਜ਼ੋਰਾਂ 'ਤੇ ਚੱਲ ਰਹੀ ਹੈ। ਕੁੱਲ ਮਿਲਾ ਕੇ ਹੁਣ ਤੱਕ ਲੁਧਿਆਣਾ ਦੀ ਇੰਡਸਟਰੀ ਦੀਆਂ 20 ਲੱਖ ਸਾਈਕਲਾਂ ਦਾ ਸਰਕਾਰੀ ਆਰਡਰ ਆ ਚੁੱਕਾ ਹੈ।
ਕੋਵਿਡ ਤੋਂ ਬਾਅਦ ਸਰਕਾਰੀ ਟੈਂਡਰ 'ਤੇ ਸੂਬਿਆਂ ਨੇ ਰੋਕ ਲਾ ਦਿੱਤੀ ਸੀ ਪਰ ਹੁਣ ਫਿਰ ਤੋਂ ਟੈਂਡਰਾਂ ਨੇ ਆਕਸੀਜਨ 'ਤੇ ਪੁੱਜੀ ਛੋਟੀ ਸਾਈਕਲ ਇੰਡਸਟਰੀ ਨੂੰ ਮੈਦਾਨ 'ਚ ਦੌੜਨ ਦੇ ਲਾਇਕ ਤਿਆਰ ਕਰ ਦਿੱਤਾ ਹੈ। ਕੋਵਿਡ ਤੋਂ ਬਾਅਦ ਸਾਈਕਲਾਂ ਦੇ ਪੁਰਜ਼ਿਆਂ ਦੀ ਮੰਗ 'ਚ ਕਾਫੀ ਗਿਰਾਵਟ ਆ ਗਈ ਸੀ। ਇਸ ਕਾਰਨ ਕਾਰੋਬਾਰੀਆਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦੇਖੀਆਂ ਜਾ ਸਕਦੀਆਂ ਸਨ ਪਰ ਹੁਣ ਟੈਂਡਰਾਂ ਨੇ ਉਨ੍ਹਾਂ ਦੇ ਚਿਹਰਿਆਂ 'ਤੇ ਨਵੀਂ ਰੌਣਕ ਲਿਆ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ