ਗੈਂਗਸਟਰ ਨੇ ਜੇਲ੍ਹ ’ਚੋਂ LIVE ਰਹਿ ਕੇ ਕਰਵਾਇਆ ਹਮਲਾ! ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਮੁੰਡਾ
Saturday, Jul 11, 2026 - 03:32 PM (IST)
ਲੁਧਿਆਣਾ (ਰਾਜ)- ਲੁਧਿਆਣਾ ਦੇ ਛੋਟੀ ਹੈਬੋਵਾਲ ਇਲਾਕੇ ਵਿਚ ਇਕ ਬੇਹੱਦ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੰਜਾਬ ਪੁਲਸ ਤੇ ਜੇਲ੍ਹ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਵੀਰਵਾਰ ਦੇਰ ਰਾਤ ਅੱਧਾ ਦਰਜਨ ਤੋਂ ਵੱਧ ਬਾਈਕ ਸਵਾਰ ਬੇਖ਼ੌਫ਼ ਬਦਮਾਸ਼ਾਂ ਨੇ ਇਕ ਘਰ ਵਿਚ ਜਬਰੀ ਦਾਖਲ ਹੋ ਕੇ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ।
ਬਦਮਾਸ਼ਾਂ ਨੇ ਇਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਹਮਲਾਵਰ ਵਾਰਦਾਤ ਦੌਰਾਨ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਇਕ ਖ਼ਤਰਨਾਕ ਗੈਂਗਸਟਰ ਮੋਵਿਸ਼ ਨਾਲ ਵ੍ਹਟਸਐਪ ਵੀਡੀਓ ਕਾਲ ਰਾਹੀਂ ਲਾਈਵ ਜੁੜੇ ਹੋਏ ਸਨ ਤੇ ਉਸੇ ਦੇ ਇਸ਼ਾਰੇ ’ਤੇ ਹਮਲੇ ਦੀ ਇਸ ਪੂਰੀ ਸਕ੍ਰਿਪਟ ਨੂੰ ਅੰਜਾਮ ਦੇ ਰਹੇ ਸਨ।
ਇਸ ਹਮਲੇ ਵਿਚ ਜ਼ਖਮੀ ਨੌਜਵਾਨ ਰਾਹੁਲ ਕੁਮਾਰ ਨੂੰ ਡੀ.ਐੱਮ.ਸੀ. ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਰਾਹੁਲ ਕੁਮਾਰ ਤੇ ਉਸ ਦੇ ਪਿਤਾ ਬੱਗਾ ਲਾਲ ਨੇ ਦੱਸਿਆ ਕਿ ਵੀਰਵਾਰ ਦੇਰ ਸ਼ਾਮ ਜਦੋਂ ਪੂਰਾ ਪਰਿਵਾਰ ਘਰ ਵਿਚ ਮੌਜੂਦ ਸੀ ਤਾਂ ਅਚਾਨਕ 3-4 ਬਾਈਕਸ ’ਤੇ ਸਵਾਰ ਹੋ ਕੇ ਆਏ 7-8 ਅਣਪਛਾਤੇ ਨੌਜਵਾਨ ਘਰ ਦਾ ਦਰਵਾਜ਼ਾ ਤੋੜ ਕੇ ਜਬਰੀ ਅੰਦਰ ਵੜ ਗਏ।
ਬਦਮਾਸ਼ਾਂ ਨੇ ਅੰਦਰ ਆਉਂਦੇ ਹੀ ਸਭ ਤੋਂ ਪਹਿਲਾਂ ਰਾਹੁਲ ਨੂੰ ਘੇਰ ਲਿਆ ਤੇ ਉਸ ਦਾ ਮੋਬਾਈਲ ਖੋਹ ਕੇ ਜ਼ਮੀਨ ’ਤੇ ਸੁੱਟ ਦਿੱਤਾ ਤਾਂ ਜੋ ਉਹ ਮਦਦ ਲਈ ਪੁਲਸ ਜਾਂ ਕਿਸੇ ਹੋਰ ਨੂੰ ਫ਼ੋਨ ਨਾ ਕਰ ਸਕੇ। ਇਸ ਤੋਂ ਬਾਅਦ ਮੁਲਜ਼ਮਾਂ ਨੇ ਘਰ ਦੇ ਕੀਮਤੀ ਸਾਮਾਨ ਤੇ ਫਰਨੀਚਰ ਦੀ ਭੰਨਤੋੜ ਸ਼ੁਰੂ ਕਰ ਦਿੱਤੀ। ਰਾਹੁਲ ਮੁਤਾਬਕ ਜਦੋਂ ਬਦਮਾਸ਼ ਉਸ ਨੂੰ ਕੁੱਟ ਰਹੇ ਸਨ, ਤਾਂ ਇਕ ਹਮਲਾਵਰ ਨੇ ਆਪਣੇ ਮੋਬਾਈਲ ’ਤੇ ਵੀਡੀਓ ਕਾਲ ਚਾਲੂ ਕੀਤੀ ਹੋਈ ਸੀ, ਜਿਸ ’ਤੇ ਜੇਲ ਵਿਚ ਬੰਦ ਗੈਂਗਸਟਰ ਮੋਵਿਸ਼ ਲਾਈਵ ਦਿਖ ਰਿਹਾ ਸੀ।
ਹਮਲਾਵਰਾਂ ਨੇ ਹਥਿਆਰਾਂ ਦੇ ਜ਼ੋਰ ’ਤੇ ਰਾਹੁਲ ਨੂੰ ਬੰਧਕ ਬਣਾਇਆ ਤੇ ਜੇਲ ਵਿਚ ਬੈਠੇ ਆਪਣੇ ਆਕਾ ਨੂੰ ਲਾਈਵ ਟਾਰਚਰ ਦਿਖਾਇਆ। ਗੈਂਗਸਟਰ ਦਾ ਹੁਕਮ ਮਿਲਦਿਆਂ ਹੀ ਬਦਮਾਸ਼ਾਂ ਨੇ ਤੇਜ਼ਧਾਰ ਦਾਤ ਨਾਲ ਰਾਹੁਲ 'ਤੇ ਤਾਬੜਤੋੜ ਵਾਰ ਕੀਤੇ, ਜਿਸ ਨਾਲ ਉਹ ਲਹੂ-ਲੁਹਾਨ ਹੋ ਕੇ ਫ਼ਰਸ਼ ’ਤੇ ਡਿੱਗ ਪਿਆ। ਜਦੋਂ ਉਸ ਦੇ ਬਿਰਧ ਪਿਤਾ ਬੱਗਾ ਲਾਲ ਬਚਾਅ ਲਈ ਅੱਗੇ ਆਏ ਤਾਂ ਬਦਮਾਸ਼ਾਂ ਨੇ ਉਨ੍ਹਾਂ ਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਹਮਲਾਵਰਾਂ ਵਿਚੋਂ ਤਿੰਨ ਬਦਮਾਸ਼ਾਂ ਕੋਲ ਲੋਡਿਡ ਰਿਵਾਲਵਰ ਸਨ, ਜੋ ਉਨ੍ਹਾਂ ਨੇ ਪਰਿਵਾਰ ਦੇ ਦੂਜੇ ਮੈਂਬਰਾਂ ਦੀ ਛਾਤੀ ’ਤੇ ਤਾਣ ਰੱਖੇ ਸਨ ਤਾਂ ਜੋ ਕੋਈ ਰੌਲਾ ਨਾ ਪਾ ਸਕੇ। ਜਾਣਕਾਰੀ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਕਰੀਬ 10 ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਦੋਵਾਂ ਧਿਰਾਂ ਨੇ ਇਕ-ਦੂਜੇ ਨੂੰ ਦੇਖ ਲੈਣ ਦੀਆਂ ਸ਼ਰੇਆਮ ਧਮਕੀਆਂ ਦਿੱਤੀਆਂ ਸਨ ਤੇ ਲਲਕਾਰਿਆ ਸੀ। ਫਿਲਹਾਲ ਪੁਲਸ ਹਸਪਤਾਲ ਵਿਚ ਜ਼ੇਰੇ ਇਲਾਜ ਰਾਹੁਲ ਦੇ ਬਿਆਨਾਂ ਦੇ ਆਧਾਰ ’ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
