1 ਸਾਲ ਬਾਅਦ ਵੀ ਨਗਰ ਨਿਗਮ ਨੂੰ ਨਹੀਂ ਮਿਲਿਆ ਨਵਾਂ ਮੇਅਰ, ਹੁਣ ਕੁੱਝ ਹੋਰ ਮਹੀਨੇ ਕਰਨੀ ਪਵੇਗੀ ਉਡੀਕ
Monday, Mar 25, 2024 - 12:37 PM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ ਦੇ ਜਨਰਲ ਹਾਊਸ ਦਾ ਕਾਰਜਕਾਲ ਖ਼ਤਮ ਹੋਣ ਦਾ 1 ਸਾਲ 25 ਮਾਰਚ ਨੂੰ ਪੂਰਾ ਹੋ ਜਾਵੇਗਾ ਪਰ ਹੁਣ ਤੱਕ ਨਵੇਂ ਮੇਅਰ ਦੀ ਨਿਯੁਕਤੀ ਨਹੀਂ ਹੋ ਸਕੀ ਹੈ। ਇਹ 1991 ’ਚ ਜਨਰਲ ਹਾਊਸ ਦਾ ਗਠਨ ਹੋਣ ਤੋਂ ਬਾਅਦ ਪਹਿਲਾ ਮੌਕਾ ਹੈ, ਜਦ 1 ਸਾਲ ਤੋਂ ਨਗਰ ਨਿਗਮ ਦਾ ਕੰਮ-ਕਾਜ ਮੇਅਰ ਤੋਂ ਬਿਨਾਂ ਚੱਲ ਰਿਹਾ ਹੈ ਕਿਉਂਕਿ ਸਰਕਾਰ ਵੱਲੋਂ ਤਾਂ ਸਟੇਟ ਇਲੈਕਸ਼ਨ ਨੂੰ ਪਿਛਲੇ ਸਾਲ 15 ਨਵੰਬਰ ਤੋਂ ਪਹਿਲਾਂ ਨਵੇਂ ਸਿਰੇ ਨਗਰ ਨਿਗਮ ਚੋਣ ਕਰਵਾਉਣ ਲਈ ਸਿਫਾਰਿਸ਼ ਭੇਜ ਦਿੱਤੀ ਗਈ ਸੀ ਪਰ ਹੁਣ ਤੱਕ ਸ਼ਡਿਊਲ ਹੀ ਜਾਰੀ ਨਹੀਂ ਕੀਤਾ ਗਿਆ। ਹੁਣ ਜੂਨ ’ਚ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਚੋਣਾਂ ਕਰਵਾਉਣ ਨੂੰ ਲੈ ਕੇ ਫ਼ੈਸਲਾ ਕੀਤਾ ਜਾਵੇਗਾ, ਜਿਸ ਕਾਰਨ ਨਵੇਂ ਮੇਅਰ ਲਈ ਹੁਣ ਕੁੱਝ ਹੋਰ ਮਹੀਨੇ ਇੰਤਜ਼ਾਰ ਕਰਨਾ ਹੋਵੇਗਾ। ਇਸ ਦੌਰਾਨ ਕਮਿਸ਼ਨਰ ਦੀ ਅਗਵਾਈ ਵਾਲੀ ਟੈਕਨੀਕਲ ਕਮੇਟੀ ਵੱਲੋਂ ਨਗਰ ਨਿਗਮ ਦੇ ਜਨਰਲ ਹਾਊਸ ਤੋਂ ਲੈ ਕੇ ਐੱਫ. ਐਂਡ ਸੀ. ਸੀ. ਨਾਲ ਸਬੰਧਤ ਫੈਸਲੇ ਲਈ ਜਾ ਰਹੇ ਹਨ।
ਹੁਣ ਅਗਸਤ ’ਚ ਹੋਵੇਗੀ ਕੋਰਟ ਕੇਸ ਦੀ ਸੁਣਵਾਈ
ਨਗਰ ਨਿਗਮ ਚੋਣ ’ਚ ਹੋ ਰਹੀ ਦੇਰੀ ਨੂੰ ਲੈ ਕੇ ਕੋਰਟ ’ਚ ਵੀ ਕੇਸ ਚੱਲ ਰਿਹਾ ਹੈ। ਜਿੱਥੇ ਪਹਿਲਾਂ ਸਰਕਾਰ ਵੱਲੋਂ ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਨਾ ਹੋਣ ਅਤੇ ਫਿਰ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਣ ਦੀ ਗੱਲ ਕਹੀ ਗਈ। ਹੁਣ ਹੋਈ ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰ ਵੱਲੋਂ ਰਿਪੋਰਟ ਦਾਖ਼ਲ ਕਰਨ ਲਈ ਕੁਝ ਹੋਰ ਸਮਾਂ ਮੰਗਿਆ ਗਿਆ, ਜਿਸ ’ਤੇ ਕੋਰਟ ਵੱਲੋਂ 28 ਅਗਸਤ ਦੀ ਤਾਰੀਖ਼ ਤੈਅ ਕਰ ਦਿੱਤੀ ਗਈ ਹੈ।