ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੇ 75 ਨਵੇਂ ਮਾਮਲੇ ਆਏ ਸਾਹਮਣੇ, 4 ਦੀ ਮੌਤ

Tuesday, Oct 13, 2020 - 01:43 AM (IST)

ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੇ 75 ਨਵੇਂ ਮਾਮਲੇ ਆਏ ਸਾਹਮਣੇ, 4 ਦੀ ਮੌਤ

ਲੁਧਿਆਣਾ, (ਸਹਿਗਲ)- ਜ਼ਿਲ੍ਹੇ ਵਿਚ ਅੱਜ ਕੋਰੋਨਾ ਵਇਰਸ ਦੇ 75 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਦੋਂਕਿ ਇਨ੍ਹਾਂ ਵਿਚੋਂ 4 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਹਤ ਅਧਿਕਾਰੀਆਂ ਮੁਤਾਬਕ ਇਨ੍ਹਾਂ ਮਰੀਜ਼ਾਂ ਵਿਚ 61 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ, ਜਦੋਂਕਿ 14 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ, ਜਿਨ੍ਹਾਂ 4 ਵਿਅਕਤੀਆਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚ ਤਿੰਨ ਲੁਧਿਆਣਾ ਦੇ ਜਦੋਂਕਿ ਇਕ ਜੰਮੂ-ਕਸ਼ਮੀਰ ਸੂਬੇ ਦਾ ਰਹਿਣ ਵਾਲਾ ਸੀ। ਸਿਹਤ ਅਧਿਕਾਰੀਆਂ ਮੁਤਾਬਕ ਇਹ ਇਕ ਸੁਖਦ ਅਹਿਸਾਸ ਹੈ ਕਿ ਡਿਸਚਾਰਜ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਅੱਜ 98 ਮਰੀਜ਼ ਹਸਪਤਾਲਾਂ ਤੋਂ ਡਿਸਚਾਰਜ ਹੋਏ ਹਨ। ਮਹਾਨਗਰ ਵਿਚ ਹੁਣ ਤੱਕ 19,233 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 802 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 2489 ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਸਨ, ਜਿਨ੍ਹਾਂ ਵਿਚੋਂ 290 ਮੀਰਜ਼ ਦੀ ਮੌਤ ਹੋ ਚੁੱਕੀ ਹੈ। ਜ਼ਿਲੇ ਵਿਚ ਸਿਹਤ ਵਿਭਾਗ ਦੀ ਮੰਨੀਏ ਤਾਂ 450 ਮਰੀਜ਼ ਰਹਿ ਗਏ ਹਨ, ਹੁਣ ਤੱਕ 17983 ਮਰੀਜ਼ ਠੀਕ ਹੋ ਚੁੱਕੇ ਹਨ।

ਜ਼ਿਲ੍ਹੇ ਦੇ ਰੂਰਲ ਮੈਡੀਕਲ ਅਫਸਰਾਂ, ਜਿਨ੍ਹਾਂ ਦੀ ਡਿਊਟੀ ਕੋਰੋਨਾ ਮਹਾਮਾਰੀ ਦੌਰਾਨ ਵੱਖ-ਵੱਖ ਥਾਵਾਂ ’ਤੇ ਲੱਗੀ ਸੀ, ਨੇ ਸੋਮਵਾਰ ਤੋਂ ਕੋਵਿਡ-19 ਡਿਊਟੀ ਦਾ ਪੂਰੀ ਤਰ੍ਹਾਂ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ। ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਕਿ ਜ਼ਿਲਾ ਸਿਹਤ ਅਧਿਕਾਰੀਆਂ ਅਤੇ ਉਨ੍ਹਾਂ ਨੂੰ ਵੀ ਕਈ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਗਿਅਾ ਹੈ ਕਿ ਕੋਵਿਡ-19 ਦੌਰਾਨ ਉਨ੍ਹਾਂ ਨਾਲ ਪੂਰੀ ਤਰ੍ਹਾਂ ਵਿਤਕਰਾ ਕੀਤਾ ਜਾ ਰਿਹਾ ਹੈ।

ਹਾਲਾਂਕਿ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਹਰ ਤਰ੍ਹਾਂ ਦੀ ਡਿਊਟੀ ਅਦਾ ਕੀਤੀ ਹੈ। ਚਾਹੇ ਉਹ ਰੈਪਿਡ ਰਿਸਪਾਂਸ ਟੀਮ ਵਿਚ ਹੋਵੇ, ਚਾਹੇ ਫਲੂ ਕਾਰਨਰ ਹੋਵੇ, ਆਈ. ਸੀ. ਯੂ. ਵਾਰਡ ਜਾਂ ਹਸਪਤਾਲਾਂ ਵਿਚ ਉਨ੍ਹਾਂ ਦੀ ਡਿਊਟੀ ਲਾਈ ਗਈ ਹੋਵੇ। ਸਿਹਤ ਪ੍ਰਸ਼ਾਸਨ ਦੇ ਧਿਆਨ ਵਿਚ ਕਈ ਵਾਰ ਇਹ ਮੁੱਦਾ ਲਿਆਂਦਾ ਗਿਆ ਹੈ ਕਿ ਡਿਊਟੀ ਲਗਾਉਣ ਵਿਚ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਹਰ ਹਾਈ ਰਿਸਕ ਵਾਲੀ ਜਗ੍ਹਾ ’ਤੇ ਰੂਰਲ ਮੈਡੀਕਲ ਅਫਸਰਾਂ ਨੂੰ ਤਾਇਨਾਤ ਕੀਤਾ ਗਿਆ ਹੈ, ਜਦੋਂ ਕਿ ਮੈਡੀਕਲ ਅਫਸਰਾਂ ਨੂੰ ਬੈਕਫੁਟ ’ਤੇ ਰੱਖਿਆ ਗਿਆ।

ਇਸ ਕੇਸ ਨੂੰ ਉਨ੍ਹਾਂ ਨੇ ਕਈ ਵਾਰ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਅਤੇ ਕਿਹਾ ਕਿ ਡਿਊਟੀ ਲਗਾਉਣ ਵਿਚ 50-50 ਦਾ ਅਨੁਪਾਤ ਹੋਣਾ ਚਾਹੀਦਾ ਹੈ ਪਰ ਕਿਸੇ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ। ਹੁਣ ਹਾਰ ਕੇ ਉਨ੍ਹਾਂ ਨੇ ਇਹ ਫੈਸਲਾ ਕੀਤਾ ਹੈ ਕਿ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਕੋਵਿਡ-19 ਡਿਊਟੀ ਤੋਂ ਅਰਾਮ ਚਾਹੀਦਾ ਹੈ ਅਤੇ ਉਹ ਆਪਣੇ ਵਿਭਾਗ ਵਿਚ ਵਾਪਸ ਜਾਣਾ ਚਾਹੁੰਦੇ ਹਨ। ਹੁਣ ਉਹ ਆਈ. ਸੀ. ਯੂ. ਵਿਚ ਡਿਊਟੀ ਨਹੀਂ ਕਰਨਗੇ ਕਿਉਂਕਿ ਗੰਭੀਰ ਰੂਪ ਨਾਲ ਬੀਮਾਰ ਮਰੀਜ਼ਾਂ ਲਈ ਉਹ ਟ੍ਰੇਂਡ ਨਹੀਂ ਅਤੇ ਜੋ ਸਿੱਖਿਅਤ ਹਨ, ਉਨ੍ਹਾਂ ਮੈਡੀਕਲ ਅਫਸਰਾਂ ਨੂੰ ਅਜਿਹੀ ਡਿਊਟੀ ’ਤੇ ਨਹੀਂ ਲਾਇਆ ਗਿਆ। ਇਸ ਲਈ ਸਮੂਹਿਕ ਤੌਰ ’ਤੇ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਕੋਈ ਵੀ ਰੂਰਲ ਮੈਡੀਕਲ ਅਫਸਰ ਰਾਤ ਨੂੰ ਫਲੂ ਕਾਰਨਰ ’ਤੇ ਜਾਂ ਦਯਾਨੰਦ ਹਸਪਤਾਲ ਵਿਚ ਡਿਊਟੀ ਨਹੀਂ ਕਰੇਗਾ।

ਇਸ ਅਲਟੀਮੇਟਮ ਨਾਲ ਸਿਹਤ ਵਿਭਾਗ ਵਿਚ ਹਫੜਾ-ਦਫੜੀ ਮਚ ਗਈ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੇ ਰੂਰਲ ਮੈਡੀਕਲ ਅਫਸਰਾਂ ਦੀਆ ਮੰਗਾਂ ਸਿਵਲ ਸਰਜਨ ਕੋਲ ਭੇਜ ਦਿੱਤੀਆਂ। ਕੋਵਿਡ-19 ਮਹਾਮਾਰੀ ਦੌਰਾਨ ਆਪਣੀਆਂ ਮਨਮਰਜ਼ੀਆਂ ਕਰਨ ਵਾਲੇ ਸਿਹਤ ਵਿਭਾਗ ਨੇ ਨਰਮ ਪੈਂਦੇ ਹੋਏ ਰੂਰਲ ਮੈਡੀਕਲ ਅਫਸਰਾਂ ਦਾ ਨਵਾਂ ਰੋਸਟਰ ਤਿਆਰ ਕਰ ਦਿੱਤਾ ਹੈ, ਜਿਸ ਵਿਚ ਸਿਹਤ ਵਿਭਾਗ ਦੇ ਮੈਡੀਕਲ ਅਫਸਰਾਂ ਨਾਲ ਉਨ੍ਹਾਂ ਦੀਆਂ 50 : 50 ਦੇ ਅਨੁਪਾਤ ਨਾਲ ਡਿਊਟੀਆਂ ਲਗਾਈਆਂ ਜਾਣਗੀਆਂ।

ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਆਯੂਰਵੈਦ ਵਿਭਾਗ ਦੇ ਅਧਿਕਾਰੀਆਂ ਨੇ ਵੀ ਅਜਿਹੀਆਂ ਸ਼ਿਕਾਇਤਾਂ ਕੀਤੀਆਂ ਸਨ ਕਿ ਆਯੂਰਵੈਦਿਕ ਡਾਕਟਰਾਂ ਨੂੰ ਹਾਈ ਰਿਸਕ ਵਾਲੀਆਂ ਥਾਵਾਂ ’ਤੇ ਤਾਇਨਾਤ ਕੀਤਾ ਜਾ ਰਿਹਾ ਹੈ, ਜਦੋਂ ਕਿ ਉਨ੍ਹਾਂ ਦੀਆਂ ਡਿਸਪੈਂਸਰੀਆਂ ਡਾਕਟਰਾਂ ਤੋਂ ਖਾਲੀ ਪਈਆਂ ਹਨ ਅਤੇ ਲੋਕ ਆਯੂਰਵੈਦਿਕ ਡਾਕਟਰਾਂ ਦੀ ਗੈਰ-ਹਾਜ਼ਰੀ ਵਿਚ ਬਿਨਾਂ ਇਲਾਜ ਦੇ ਵਾਪਸ ਜਾ ਰਹੇ ਹਨ।

3806 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ਨੇ ਅੱਜ ਜਾਂਚ ਉਪਰੰਤ 3806 ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਇਸ ਤੋਂ ਇਲਾਵਾ 1501 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।

104 ਮਰੀਜ਼ਾਂ ਨੂੰ ਕੀਤਾ ਹੋਮ ਕੁਆਰੰਟਾਈਨ

ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਸਕ੍ਰੀਨਿੰਗ ਉਪਰੰਤ 104 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਕੀਤਾ ਹੈ। ਮੌਜੂਦਾ ਵਿਚ 1903 ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਗਏ ਹਨ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ

ਇਲਾਕਾ        ਉਮਰ/ਲਿੰਗ        ਹਸਪਤਾਲ

ਭਾਰਤ ਨਗਰ        57 ਮਹਿਲਾ        ਓਸਵਾਲ

ਦੁੱਗਰੀ, ਫੇਸ-1        77 ਪੁਰਸ਼        ਓਸਵਾਲ

ਨਿਊ ਸੁਭਾਸ਼ ਨਗਰ        71 ਪੁਰਸ਼        ਸਿਵਲ

ਪੰਜਾਬ ’ਚ ਕੀ ਘੱਟ ਹੋਈ ਮਰੀਜ਼ਾਂ ਦੀ ਗਿਣਤੀ

ਪੰਜਾਬ ਦੇ ਵੱਖ-ਵੱਖ ਜ਼ਿਲਿਆਂ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਪਹਿਲਾਂ ਨਾਲੋਂ ਕਾਫੀ ਘੱਟ ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿਚ 581 ਮਰੀਜ਼ ਸਾਹਮਣੇ ਆਏ, ਜਦੋਂਕਿ ਇਨ੍ਹਾਂ ਵਿਚੋਂ 27 ਦੀ ਮੌਤ ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਰਾਜ ਦੇ ਵੱਖ-ਵੱਖ ਜ਼ਿਲਿਆਂ ਵਿਚ 581 ਮਰੀਜ਼ ਸਾਹਮਣੇ ਆਏ, ਜਦੋਂਕਿ ਇਨ੍ਹਾਂ ਵਿਚੋਂ 27 ਦੀ ਮੌਤ ਹੋ ਚੁੱਕੀ ਹੈ। ਰਾਜ ਦੇ ਨੋਡਲ ਅਫਸਰ ਮੁਤਾਬਕ ਵੱਖ-ਵੱਖ ਜ਼ਿਲਿਆਂ ਵਿਚ 202 ਮਰੀਜ਼ ਆਕਸੀਜ਼ਨ ਸਪੋਰਟ ’ਤੇ ਹਨ, ਜਦੋਂਕਿ 32 ਵੈਂਟੀਲੇਟਰ ’ਤੇ, 22 ਨਵੇਂ ਮਰੀਜ਼ਾਂ ਨੂੰ ਅੱਜ ਅਕਸੀਜਨ ਸਪੋਰਟ ’ਤੇ ਰੱਖਿਆ ਗਿਆ ਹੈ, ਜਦੋਂਕਿ 8 ਮਰੀਜ਼ਾਂ ਨੂੰ ਹਾਲਤ ਗੰਭੀਰ ਹੋਣ ਕਾਰਨ ਵੈਂਟੀਲੇਟਰ ’ਤੇ ਲਾਇਆ ਗਿਆ ਹੈ। ਵਰਣਨਯੋਗ ਹੈ ਕਿ ਰਾਜ ਵਿਚ ਹੁਣ ਤੱਕ 124535 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 3860 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜਿਨ੍ਹਾਂ 27 ਮਰੀਜ਼ਾਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚ ਗੁਰਦਾਸਪੁਰ ਵਿਚ 5, ਅੰਮ੍ਰਿਤਸਰ ਵਿਚ 4, ਲੁਧਿਆਣਾ ਵਿਚ 3, ਫਿਰੋਜ਼ਪੁਰ, ਹੁਸ਼ਿਆਰਪੁਰ, ਜਲੰਧਰ ਅਤੇ ਪਟਿਆਲਾ ਵਿਚ 2-2 ਤੋਂ ਇਲਾਵਾ ਫਰੀਦਕੋਟ, ਫਤਹਿਗੜ੍ਹ ਸਾਹਿਬ, ਫਾਜ਼ਿਲਕਾ, ਕਪੂਰਥਲਾ, ਮੁਕਤਸਰ, ਐੱਸ. ਬੀ. ਐੱਸ. ਨਗਰ ਅਤੇ ਪਠਾਨਕੋਟ ਵਿਚ 1-1 ਮਰੀਜ਼ ਦੀ ਮੌਤ ਹੋਈ ਹੈ।

ਹੈਲਥ ਵਲੰਟੀਅਰ ਨੇ ਕੀਤੀ ਸਥਾਈ ਕਰਨ ਦੀ ਮੰਗ

ਕੋਰੋਨਾ ਮਹਾਮਾਰੀ ਦੌਰਾਨ ਫਰੰਟ ਲਾਈਨ ’ਤੇ ਕੰਮ ਕਰਨ ਲਈ ਰੱਖੇ ਗਏ ਮੈਡੀਕਲ ਅਤੇ ਪੈਰਾ-ਮੈਡੀਕਲ ਵਲੰਟੀਅਰ ਸਟਾਫ ਨੂੰ ਕੋਰੋਨਾ ਮਹਮਾਰੀ ਦੇ ਹਾਲਾਤ ਵਿਚ ਸੁਧਾਰ ਨਜ਼ਰ ਆਉਂਦੇ ਹੀ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ ਹੈ। ਇਨ੍ਹਾਂ ਮੈਡੀਕਲ ਅਫਸਰਾਂ ਅਤੇ ਪੈਰਾ-ਮੈਡੀਕਲ ਸਟਾਫ ਨੇ ਸਰਕਾਰ ਤੋਂ ਉਨ੍ਹਾਂ ਨੂੰ ਸਿਹਤ ਵਿਭਾਗ ਵਿਚ ਸਥਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁਸ਼ਕਲ ਸਮੇਂ ਵਿਚ ਫਰੰਟ ਲਾਈਨ ’ਤੇ ਕੰਮ ਕੀਤਾ ਹੈ। ਉਨ੍ਹਾਂ ਦੇ ਨੋਟਿਸ ਵਿਚ ਆਇਆ ਹੈ ਕਿ ਸਿਹਤ ਵਿਭਾਗ ਵਿਚ ਮੈਡੀਕਲ ਅਫਸਰਾਂ ਅਤੇ ਪੈਰਾ-ਮੈਡੀਕਲ ਸਟਾਫ ਦੀਆਂ ਅਰਜ਼ੀਆਂ ਮੰਗੀਆਂ ਗਈਆਂ ਹਨ। ਅਜਿਹੇ ਵਿਚ ਉਨ੍ਹਾਂ ਨੂੰ ਪਹਿਲ ਦਿੱਤੀ ਜਾਵੇ ਅਤੇ ਸਿਹਤ ਵਿਭਾਗ ਵਿਚ ਉਨ੍ਹਾਂ ਨੂੰ ਪੱਕੇ ਅਹੁਦੇ ਦਿੱਤੇ ਜਾਣ। ਇਨ੍ਹਾਂ ਮੰਗਾਂ ਸਬੰਧੀ ਅੱਜ ਵਲੰਟੀਅਰ ਮੈਡੀਕਲ ਅਫਸਰ ਅਤੇ ਪੈਰਾ-ਮੈਡੀਕਲ ਸਟਾਫ ਨੇ ਆਪਣੀਆਂ ਮੰਗਾਂ ਦੇ ਸਮਰਥਨ ’ਚ ਪ੍ਰਦਰਸ਼ਨ ਵੀ ਕੀਤਾ।


author

Bharat Thapa

Content Editor

Related News