ਪੰਜਾਬ ਦਾ ਨਾਮੀ ਗੈਂਗਸਟਰ ਬਣਨ ਦਾ ਸੁਪਨਾ ਸੰਜੋਅ ਕੇ ਘੁੰਮ ਰਿਹਾ ਸੀ ਲਾਲੀ ਚੀਮਾ, ਫਡ਼ੇ ਜਾਣ ’ਤੇ ਚੱਬਿਆ ਆਪਣਾ ਮੋਬਾਇਲ

03/28/2019 3:51:09 AM

ਲੁਧਿਆਣਾ (ਰਿਸ਼ੀ, ਡਾ. ਪ੍ਰਦੀਪ)-ਲੁਧਿਆਣਾ ਮਾਲੇਰਕੋਟਲਾ ਰੋਡ ’ਤੇ ਥਾਣਾ ਡੇਹਲੋਂ ਨੇਡ਼ੇ ਮੰਗਲਵਾਰ ਸ਼ਾਮ 7.30 ਵਜੇ ਕ੍ਰਾਸ ਫਾਇਰਿੰਗ ਵਿਚ ਜ਼ਖਮੀ ਹੋਇਆ ਸੁੱਖਾ ਕਾਹਲਵਾਂ ਗੈਂਗ ਦਾ ਗੈਂਗਸਟਰ ਅਮਨਵੀਰ ਸਿੰਘ ਉਰਫ ਲਾਲੀ ਚੀਮਾ ਪੰਜਾਬ ਦਾ ਨਾਮੀ ਗੈਂਗਸਟਰ ਬਣਨ ਦਾ ਸੁਪਨਾ ਸੰਜੋਅ ਕੇ ਘੁੰਮ ਰਿਹਾ ਸੀ। ਪੰਜਾਬ ਵਿਚ ਖੁਦ ਨੂੰ ਪ੍ਰਸਿੱਧ ਕਰਨ ਲਈ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸੇ ਧਮਕੀ ਤੋਂ ਬਾਅਦ ਉਸ ਦੀ ਹਰ ਹਰਕਤ ’ਤੇ ਪੁਲਸ ਦੀ ਨਜ਼ਰ ਸੀ। ਉਪਰੋਕਤ ਜਾਣਕਾਰੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਦੇ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਨੇ ਦਿੱਤੀ, ਨਾਲ ਹੀ ਉਨ੍ਹਾਂ ਸਪੱਸ਼ਟ ਕਿਹਾ ਕਿ ਹਰ ਗੈਂਗਸਟਰ ਨਾਲ ਕਾਨੂੰਨ ਮੁਤਾਬਕ ਸਖਤੀ ਨਾਲ ਨਜਿੱਠਣ ਲਈ ਓ. ਸੀ. ਸੀ. ਯੂ. ਹਰ ਸਮੇਂ ਤਿਆਰ ਹੈ। ਬਿਹਤਰ ਹੋਵੇਗਾ ਕਿ ਸਾਰੇ ਖੁਦ ਹੀ ਪੁਲਸ ਦੇ ਸਾਹਮਣੇ ਪੇਸ਼ ਹੋ ਜਾਣ। ਆਈ. ਜੀ. ਕੁੰਵਰ ਵਿਜੇ ਪ੍ਰਤਾਪ ਮੁਤਾਬਕ ਜਦੋਂ ਪੁਲਸ ਨੇ ਉਸ ਨੂੰ ਦਬੋਚਿਆ ਤਾਂ ਪਹਿਲਾਂ ਉਸ ਨੇ ਪੁਲਸ ਪਾਰਟੀ ’ਤੇ ਕਈ ਫਾਇਰ ਕੀਤੇ ਪਰ ਜਦੋਂ ਉਸ ਨੂੰ ਪਤਾ ਲੱਗ ਗਿਆ ਕਿ ਉਹ ਬਚ ਕੇ ਨਹੀਂ ਨਿਕਲ ਸਕਦਾ ਤਾਂ ਉਸ ਨੇ ਆਪਣੀ ਜੇਬ ’ਚੋਂ ਮੋਬਾਇਲ ਫੋਨ ਕੱਢ ਕੇ ਚੱਬਣਾ ਸ਼ੁਰੂ ਕਰ ਦਿੱਤਾ ਤਾਂ ਕਿ ਉਸ ’ਚ ਸੇਫ ਸਾਰਾ ਡਾਟਾ ਖਰਾਬ ਹੋ ਜਾਵੇ ਅਤੇ ਉਸ ਦੇ ਹੋਰਨਾਂ ਸਾਥੀਆਂ ਤਕ ਪੁਲਸ ਨਾ ਪੁੱਜ ਸਕੇ, ਜਿਸ ਕਾਰਨ ਉਸ ਦਾ ਜਬਾਡ਼ਾ ਜ਼ਖਮੀ ਹੋ ਗਿਆ। ਪੁਲਸ ਉਸ ਦੇ ਮੋਬਾਇਲ ਨੂੰ ਫੋਰੈਂਸਿਕ ਵਿਭਾਗ ਕੋਲ ਭੇਜੇਗੀ ਤਾਂ ਕਿ ਸਾਰਾ ਡਾਟਾ ਪੁਲਸ ਦੇ ਹੱਥ ਲੱਗ ਸਕੇ। ਆਈ. ਜੀ. ਪ੍ਰਤਾਪ ਮੁਤਾਬਕ ਲਾਲੀ ਦੇ ਲਿੰਕ ਕਈ ਹੋਰ ਗੈਂਗਸਟਰਾਂ ਨਾਲ ਹਨ, ਉਸ ਰਾਹੀਂ ਸਾਰਿਆਂ ਤਕ ਪੁੱਜਣ ਦਾ ਯਤਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸਿਵਲ ਹਸਪਤਾਲ ਲੁਧਿਆਣਾ ਤੋਂ ਲਾਲੀ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ, ਜਦੋਂਕਿ ਉਸ ਦੇ ਸਾਥੀ ਤੋਂ ਰਿਮਾਂਡ ’ਤੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਲਾਲੀ ਦੇ ਠੀਕ ਹੋਣ ’ਤੇ ਉਸ ਤੋਂ ਵੀ ਕਈ ਅਹਿਮ ਖੁਲਾਸੇ ਹੋਣ ਦੀ ਆਸ ਹੈ। ਥਾਣਾ ਡੇਹਲੋਂ ’ਚ ਗੈਂਗਸਟਰ ਨਾਲ ਹੋਈ ਹੱਥੋਪਾਈ ’ਚ ਜ਼ਖਮੀ ਹੋਏ ਐੱਸ. ਆਈ. ਕਿਰਪਾਲ ਸਿੰਘ ਦੀ ਸ਼ਿਕਾਇਤ ’ਤੇ ਕਤਲ ਦਾ ਯਤਨ, ਸਰਕਾਰੀ ਡਿਊਟੀ ਵਿਚ ਵਿਘਨ ਪਾਉਣ, ਆਰਮਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਫਡ਼ੇ ਗੲੇ ਗੈਂਗਸਟਰਾਂ ਕੋਲੋਂ 30 ਬੋਰ ਦੀ 1 ਪਿਸਤੌਲ, 3 ਜ਼ਿੰਦਾ ਕਾਰਤੂਸ, 7.65 ਐੱਮ. ਐੱਮ. ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਜਦੋਂਕਿ ਕਾਰ ਸਮੇਤ ਫਰਾਰ ਹੋਏ ਤੀਜੇ ਸਾਥੀ ਦੀ ਵੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ।

Related News