ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੁਰੂ ਨਹੀਂ ਹੋ ਸਕਣਗੇ 100 ਕਰੋਡ਼ ਦੇ ਨਵੇਂ ਵਿਕਾਸ ਕਾਰਜ

Sunday, Mar 03, 2019 - 03:57 AM (IST)

ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੁਰੂ ਨਹੀਂ ਹੋ ਸਕਣਗੇ 100 ਕਰੋਡ਼ ਦੇ ਨਵੇਂ ਵਿਕਾਸ ਕਾਰਜ
ਲੁਧਿਆਣਾ (ਹਿਤੇਸ਼)-ਕਾਂਗਰਸ ਸਰਕਾਰ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ 100 ਕਰੋਡ਼ ਦੇ ਨਵੇਂ ਵਿਕਾਸ ਕਾਰਜ ਕਰਵਾਉਣ ਦੀ ਜੋ ਯੋਜਨਾ ਬਣਾਈ ਗਈ ਸੀ, ਉਸ ’ਤੇ ਗ੍ਰਹਿਣ ਲੱਗ ਗਿਆ ਹੈ, ਜਿਸ ਦੇ ਤਹਿਤ ਕਾਫੀ ਵਿਕਾਸ ਕਾਰਜਾਂ ਦੇ ਅਜੇ ਟੈਂਡਰ ਆਉਣ ਦਾ ਇੰਤਜ਼ਾਰ ਹੈ ਅਤੇ ਜਿਨ੍ਹਾਂ ਵਿਕਾਸ ਕਾਰਜਾਂ ਲਈ ਵਰਕ ਹੁਕਮ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਉਨ੍ਹਾਂ ’ਤੇ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਘੱਟ ਹੀ ਨਜ਼ਰ ਆ ਰਹੀ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਨਗਰ ਨਿਗਮ ਦੇ ਮੌਜੂਦਾ ਸੈਸ਼ਨ ਵਿਚ ਫੰਡ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਮੇਅਰ ਨੇ ਕਾਫੀ ਦੇਰ ਤੋਂ ਨਵੇਂ ਵਿਕਾਸ ਕਾਰਜਾਂ ਲਈ ਐਸਟੀਮੇਟ ਬਣਾਉਣ ’ਤੇ ਰੋਕ ਲਾ ਕੇ ਰੱਖੀ ਸੀ। ਇਸੇ ਤਰ੍ਹਾਂ ਪਹਿਲਾਂ ਤੋਂ ਪਾਸ ਹੋ ਚੁੱਕੀਆਂ ਫਾਈਲਾਂ ’ਤੇ ਟੈਂਡਰ ਲਾਉਣ ਅਤੇ ਵਰਕਰ ਆਰਡਰ ਜਾਰੀ ਕਰਨ ਦੀ ਪ੍ਰਕਿਰਿਆ ਵੀ ਠੱਪ ਕਰ ਦਿੱਤੀ ਗਈ। ਇਸ ਹਾਲਾਤ ਵਿਚ ਨਗਰ ਨਿਗਮ ਚੋਣਾਂ ਦੌਰਾਨ ਵਿਕਾਸ ਕਾਰਜ ਕਰਵਾਉਣ ਬਾਰੇ ਕੀਤੇ ਗਏ ਵਾਅਦੇ ਪੂਰੇ ਲਾ ਹੋਣ ਨੂੰ ਲੈ ਕੇ ਲੋਕਾਂ ਵੱਲੋਂ ਵਿਰੋਧ ਕਰਨ ਦੇ ਮੁੱਦੇ ’ਤੇ ਕਾਂਗਰਸ ਕੌਂਸਲਰ ਅਤੇ ਵਿਧਾਇਕਾਂ ਨੇ ਇਤਰਾਜ਼ ਜਤਾਇਆ ਤਾਂ ਮੇਅਰ ਵੱਲੋਂ ਠੇਕੇਦਾਰਾਂ ਨੂੰ ਪੈਂਡਿੰਗ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਅਦਾਇਗੀ ਜਾਰੀ ਕੀਤੀ ਗਈ। ਹੁਣ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਵੇਂ ਵਿਕਾਸ ਕਾਰਜਾਂ ਲਈ ਦਬਾਅ ਬਣਾਇਆ ਗਿਆ ਤਾਂ ਮੇਅਰ ਨੇ ਐੱਫ. ਐਂਡ ਸੀ. ਸੀ. ਦੀ ਮੀਟਿੰਗ ਵਿਚ 84 ਕਰੋਡ਼ ਦੀ ਲਾਗਤ ਵਾਲੇ ਨਵੇਂ ਐਸਟੀਮੇਟ ਨੂੰ ਮਨਜ਼ੂਰੀ ਦੇ ਦਿੱਤੀ ਪਰ ਇਨ੍ਹਾਂ ਵਿਚੋਂ 18 ਕਰੋਡ਼ ਦੇ ਟੈਂਡਰ ਵਿਧਾਇਕਾਂ ਵੱਲੋਂ ਵਿਕਾਸ ਕਾਰਜਾਂ ਲਈ ਕੈਪਟਨ ਅਮਰਿੰਦਰ ਸਿੰਘ ਤੋਂ ਮਿਲਣ ਵਾਲੇ 5 ਕਰੋਡ਼ ਦੀ ਲਿਸਟ ਵਿਚ ਸ਼ਾਮਲ ਕਰਨ ਦੀ ਵਜ੍ਹਾ ਨਾਲ ਖੁੱਲ੍ਹਣ ਤੋਂ ਪਹਿਲਾਂ ਹੀ ਰੱਦ ਕਰ ਦਿੱਤੇ ਗਏ। ਇਸ ਤੋਂ ਬਾਅਦ ਬਾਕੀ ਬਚੇ 66 ਕਰੋਡ਼ ਦੇ ਟੈਂਡਰਾਂ ਵਿਚੋਂ ਸਿਰਫ 26 ਕਰੋਡ਼ ਦੇ ਟੈਂਡਰਾਂ ਵਿਚ ਹੀ ਠੇਕੇਦਾਰਾਂ ਵੱਲੋਂ ਹਿੱਸਾ ਲਿਆ ਗਿਆ ਹੈ ਅਤੇ ਬਾਕੀ 40 ਕਰੋਡ਼ ਦੇ ਟੈਂਡਰ ਨਵੇਂ ਸਿਰੇ ਤੋਂ ਲਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਨ੍ਹਾਂ ਲਈ 14 ਦਿਨ ਦੀ ਉਡੀਕ ਕਰਨੀ ਹੋਵੇਗੀ। ਇਸ ਤੋਂ ਇਲਾਵਾ 31 ਕਰੋਡ਼ ਦੀ ਲਾਗਤ ਨਾਲ ਹੋਣ ਵਾਲੇ ਹਲਕਾ ਵਾਈਜ਼ ਵਿਕਾਸ ਕਾਰਜਾਂ ਦੇ ਟੈਂਡਰ 11 ਮਾਰਚ ਨੂੰ ਖੁੱਲ੍ਹਣੇ ਹਨ ਜਿਸ ਨਾਲ ਪਹਿਲਾਂ ਚੋਣ ਜ਼ਾਬਤਾ ਲਾਗੂ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿਚ ਜ਼ਿਆਦਾਤਰ ਵਿਕਾਸ ਕਾਰਜਾਂ ਦੇ ਟੈਂਡਰ ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਖੁੱਲ੍ਹ ਸਕਣਗੇ ਅਤੇ ਜੇਕਰ ਕੋਡ ਲਾਗੂ ਹੋਣ ਤੋਂ ਪਹਿਲਾਂ ਪੁਰਾਣੇ ਟੈਂਡਰਾਂ ’ਤੇ ਕੁਝ ਵਰਕ ਆਰਡਰ ਜਾਰੀ ਕਰ ਕੇ ਵੀ ਦਿੱਤੇ ਗਏ ਤਾਂ ਉਨ੍ਹਾਂ ’ਤੇ ਕੰਮ ਸ਼ੁਰੂ ਨਹੀਂ ਹੋ ਸਕਦਾ।

Related News