ਇੰਜ. ਰੁਚਿਕਾ ਜ਼ਾਲਪੌਰੀ ਤੇ ਡਾ. ਕਿਰਨਦੀਪ ਨੇ ਅੰਤਰਰਾਸ਼ਟਰੀ ਸਿੰਪੋਜ਼ੀਅਮ ਦੌਰਾਨ ਜਿੱਤੇ ਇਨਾਮ

Wednesday, Feb 06, 2019 - 04:41 AM (IST)

ਇੰਜ. ਰੁਚਿਕਾ ਜ਼ਾਲਪੌਰੀ ਤੇ ਡਾ. ਕਿਰਨਦੀਪ ਨੇ ਅੰਤਰਰਾਸ਼ਟਰੀ ਸਿੰਪੋਜ਼ੀਅਮ ਦੌਰਾਨ ਜਿੱਤੇ ਇਨਾਮ
ਲੁਧਿਆਣਾ (ਸਲੂਜਾ)-ਇੰਡੀਅਨ ਸੋਸਾਇਟੀ ਆਫ਼ ਐਗਰੀਕਲਚਰਲ ਇੰਜੀਨੀਅਰਜ਼ ਦੀ 53ਵੀਂ ਸਾਲਾਨਾ ਕਾਨਵੋਕੇਸ਼ਨ ਬਨਾਰਸ ਹਿੰਦੂ ਯੂਨੀਵਰਸਿਟੀ ਵਾਰਾਨਸੀ ਵਿਚ ਹੋਈ। ਇਸ ’ਚ ਪੀ.ਏ.ਯੂ. ਦੇ ਭੋਜਨ ਪ੍ਰੋਸੈਸਿੰਗ ਅਤੇ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਇੰਜ. ਰੁਚਿਕਾ ਜ਼ਾਲਪੌਰੀ ਅਤੇ ਡਾ. ਕਿਰਨਦੀਪ ਨੇ ਅੰਤਰਰਾਸ਼ਟਰੀ ਸਿੰਪੋਜ਼ੀਅਮ ਦੌਰਾਨ ਇਨਾਮ ਜਿੱਤੇ। ‘ਵਾਤਾਵਰਣ ਪੱਖੀ ਖੇਤੀ ਅਤੇ ਇੰਜੀਨੀਅਰਿੰਗ ਤਕਨੀਕਾਂ’ ਦੇ ਸਿਰਲੇਖ ਵਾਲੇ ਇਸ ਸਿੰਪੋਜ਼ੀਅਮ ਵਿਚ ਰੁਚਿਕਾ ਜ਼ਾਲਪੌਰੀ ਨੇ ਆਲੂਆਂ ਵਿਚ ਪਾਣੀ ਦੀ ਘਾਟ ਸਬੰਧੀ ਨਵੀਆਂ ਵਿਕਸਿਤ ਤਕਨੀਕਾਂ ਅਤੇ ਡਾ. ਕਿਰਨਦੀਪ ਨੇ ਪੀਲੀਆਂ ਸ਼ਿਮਲਾ ਮਿਰਚਾਂ ਦੇ ਸਮਾਰਟ ਪੈਕਿੰਗ ਪ੍ਰਬੰਧ ਬਾਰੇ ਆਪਣੇ ਖੋਜ ਨੁਕਤੇ ਪੇਸ਼ ਕੀਤੇ। ਇਹ ਦੋਵੇਂ ਵਿਦਿਆਰਥੀ ਭੋਜਨ ਦੀ ਪ੍ਰੋਸੈਸਿੰਗ ਸਬੰਧੀ ਆਪਣਾ ਖੋਜ ਕਾਰਜ ਡਾ. ਪ੍ਰੀਤਇੰਦਰ ਕੌਰ ਦੀ ਨਿਗਰਾਨੀ ਹੇਠ ਪੂਰਾ ਕਰ ਰਹੇ ਹਨ। ਡਾ. ਕਿਰਨਦੀਪ ਭਾਰਤ-ਬਰਤਾਨੀਆਂ ਸਾਂਝੇ ਪ੍ਰਾਜੈਕਟ ’ਚ ਖੋਜ ਸਹਿਯੋਗੀ ਹੈ, ਜਦਕਿ ਇਸੇ ਪ੍ਰਾਜੈਕਟ ਵਿਚ ਇੰਜ. ਰੁਚਿਕਾ ਜੂਨੀਅਰ ਰਿਸਰਚ ਫੈਲੋ ਦੇ ਤੌਰ ’ਤੇ ਆਪਣਾ ਕਾਰਜ ਕਰ ਰਹੇ ਹਨ। ਖੇਤੀਬਾਡ਼ੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ, ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਕੁਮਾਰ ਅਤੇ ਹੋਰ ਉਚ ਅਧਿਕਾਰੀਆਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੀਂ ਮੁਬਾਰਕਬਾਦ ਪੇਸ਼ ਕੀਤੀ।

Related News