ਅਕਾਲੀਆਂ ਦੇ ਚਿਹਰੇ ''ਤੇ ''ਖਾਮੋਸ਼ੀ'', ''ਨਮੋਸ਼ੀ'' ਦਾ ਆਲਮ!

Friday, Jan 24, 2020 - 09:24 AM (IST)

ਲੁਧਿਆਣਾ (ਮੁੱਲਾਂਪੁਰੀ) : ਦਿੱਲੀ 'ਚ ਜਿਸ ਤਰੀਕੇ ਨਾਲ ਭਾਜਪਾ ਨੇ ਆਪਣੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਦਿਨੇਂ ਭੱਬੂ ਫੜਾ ਕੇ ਹਰਿਆਣੇ 'ਚ ਆਪਣੇ ਨਾਲ ਹੋਈ ਕਾਰਵਾਈ ਦਾ ਬਦਲਾ ਲੈ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਐਨ ਮੌਕੇ 'ਤੇ ਵਿਧਾਨ ਸਭਾ ਚੋਣਾਂ ਦੀਆਂ ਤਿੰਨ ਜਾਂ ਚਾਰ ਸੀਟਾਂ 'ਤੇ ਰੇੜਕਾ ਬਣਾ ਕੇ ਸਿਆਸੀ ਪਾੜੇ 'ਚ ਕੱਢ ਦਿੱਤਾ ਹੈ, ਉਸ ਨਾਲ ਸ਼੍ਰੋਅਦ ਦੀ ਦਿੱਲੀ 'ਚ ਤਾਂ ਕਿਰਕਿਰੀ ਹੋਈ ਸੀ, ਉਸ ਤੋਂ ਜ਼ਿਆਦਾ ਪੰਜਾਬ 'ਚ ਹੋ ਰਹੀ ਹੈ, ਜਿਸ ਕਾਰਨ ਪੰਜਾਬ 'ਚ ਅਕਾਲੀ ਨੇਤਾ ਅਤੇ ਵਰਕਰਾਂ 'ਚ ਨਮੋਸ਼ੀ ਅਤੇ ਖਾਮੋਸ਼ੀ ਦਾ ਆਲਮ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪੰਜਾਬ 'ਚ ਕਾਂਗਰਸ ਦਾ ਰਾਜ ਹੈ ਅਤੇ ਵਿਰੋਧੀ ਧਿਰ ਦੀ ਕੁਰਸੀ 'ਆਪ' ਕੋਲ ਹੈ। ਇਹ ਦੋਵੇਂ ਪਾਰਟੀਆਂ ਦੇ ਨੇਤਾ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਥੇ ਨਸੀਹਤਾਂ ਦੇ ਰਹੇ ਹਨ, ਉਥੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਵੀ ਮੰਗ ਰਹੇ ਹਨ। ਇਥੇ ਹੀ ਬਸ ਨਹੀਂ, ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀ ਢੀਂਡਸਾ, ਬ੍ਰਹਮਪੁਰਾ, ਸੇਖਵਾਂ ਅਤੇ ਬੈਂਸ ਭਰਾ ਅਕਾਲੀ ਦਲ ਦੇ ਨੇਤਾਵਾਂ ਦੀਆਂ ਰਾਜਸੀ ਟਕੋਰਾਂ ਕਰਨ ਲੱਗ ਪਏ।

ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਾਲਾਤ 'ਤੇ ਸਿਆਸੀ ਮਾਹਰਾਂ ਨੇ ਕਿਹਾ ਕਿ ਦਿੱਲੀ ਦੀਆਂ ਚੋਣਾਂ ਦਾ ਬਾਈਕਾਟ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਨਾਗਰਿਕਤਾ ਕਾਨੂੰਨ ਕਾਰਣ ਮੁਸਲਮਾਨਾਂ ਦੇ ਹੱਕ 'ਚ ਖੜ੍ਹਨ ਲਈ ਕੀਤਾ, ਆਖ ਰਿਹਾ ਹੈ ਪਰ ਦਿੱਲੀ ਵਾਲੀ ਭਾਜਪਾ ਨੇ ਸਾਫ ਕਰ ਦਿੱਤਾ ਹੈ ਕਿ ਉਹ ਨਾਗਰਿਕਤਾ ਕਾਨੂੰਨ 'ਚ ਕੋਈ ਸੋਧ ਅਤੇ ਵਾਪਸੀ ਨਹੀਂ ਲਵੇਗੀ। ਇਸ ਲਈ ਹੁਣ ਦਿੱਲੀ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਟੈਂਡ ਹੋਵੇਗਾ, ਕਿਸੇ ਦੇ ਹੱਕ 'ਚ ਵੋਟ ਪਾਵੇਗਾ ਕਿਉਂਕਿ ਦਿੱਲੀ ਵਾਲੇ ਸਰਨਾ ਭਰਾ ਅਤੇ ਮਨਜੀਤ ਸਿੰਘ ਜੀ. ਕੇ. ਦੀ ਜਾਗੋ ਭਾਜਪਾ ਨਾਲ ਗੰਢਤੁਪ ਕਰਨ 'ਚ ਸਫਲ ਦੱਸੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੂੰ 2021 'ਚ ਸ਼੍ਰੋਮਣੀ ਕਮੇਟੀ ਚੋਣਾਂ ਦਿਖਾਈ ਦੇ ਰਹੀਆਂ ਹਨ ਅਤੇ ਉਹ ਦਿੱਲੀ ਭਾਜਪਾ 'ਤੇ ਇਸ ਗੱਲ ਤੋਂ ਖੁਸ਼ ਹੈ ਕਿ ਉਸ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਖਹਿੜਾ ਛੁਡਵਾ ਲਿਆ ਹੈ।

ਮਾਹਰਾਂ ਨੇ ਹੋਰ ਵੀ ਸਪੱਸ਼ਟ ਕੀਤਾ ਕਿ ਪਹਿਲਾਂ ਭਾਜਪਾ ਨੇ ਹਰਿਆਣਾ 'ਚ ਆਪਣੀ ਗੱਲ ਮੰਨਵਾਈ ਅਤੇ ਹੁਣ ਦਿੱਲੀ 'ਚ ਮੰਨਵਾ ਕੇ ਅਗਲੀ ਤਿਆਰੀ ਪੰਜਾਬ 'ਚ 2022 ਲਈ ਕਰ ਲਈ ਹੈ, ਜੋ ਅਕਾਲੀ ਦਲ ਲਈ ਖਤਰੇ ਤੋਂ ਖਾਲੀ ਨਹੀਂ। ਮਾਹਿਰਾਂ ਨੇ ਨਾਲ ਹੀ ਕਿਹਾ ਕਿ ਜੇਕਰ ਭਾਜਪਾ ਨੇ ਇਸੇ ਤਰ੍ਹਾਂ ਦਾ ਰਵੱਈਆ ਰੱਖਿਆ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਪੰਜਾਬ 'ਚ ਬਹੁਜਨ ਸਮਾਜ ਪਾਰਟੀ ਨਾਲ ਹੱਥ ਮਿਲਾ ਕੇ ਨਵੇਂ ਪੈਂਤੜੇ ਖੇਡ ਸਕਦਾ ਹੈ ਪਰ ਹਾਲ ਦੀ ਘੜੀ ਤਾਂ ਅਕਾਲੀਆਂ ਦੇ ਚਿਹਰੇ 'ਤੇ ਲਾਲੀ ਨਹੀਂ, ਸਗੋਂ ਨਮੋਸ਼ੀ ਹੈ।


cherry

Content Editor

Related News