ਕੇਜਰੀਵਾਲ ਦੀ ਬਾਜ਼ ਅੱਖ ਹੁਣ ਪੰਜਾਬ ''ਤੇ!
Monday, Feb 10, 2020 - 09:23 AM (IST)
ਲੁਧਿਆਣਾ (ਮੁੱਲਾਂਪੁਰੀ) : ਦਿੱਲੀ 'ਚ ਤੀਜੀ ਵਾਰ 'ਆਪ' ਸਰਕਾਰ ਬਣਨ ਦੇ ਲਗਭਗ ਸਾਰੇ ਮੀਡੀਆ ਅਤੇ ਏਜੰਸੀਆਂ ਨੇ ਇਸ਼ਾਰੇ ਕਰ ਦਿੱਤੇ ਹਨ। ਬਾਕੀ ਨਤੀਜੇ ਕੱਲ ਜੱਗ-ਜ਼ਾਹਿਰ ਹੋ ਜਾਣਗੇ। ਦਿੱਲੀ 'ਚ ਜੇਕਰ ਸੱਚ-ਮੁੱਚ 'ਆਪ' ਦੀ ਸਰਕਾਰ ਬਣਦੀ ਹੈ ਤਾਂ ਭਰੋਸੇਯੋਗ ਸੂਤਰਾਂ ਨੇ ਇਸ਼ਾਰਾ ਕੀਤਾ ਕਿ ਇਸ ਵਾਰ ਕੇਜਰੀਵਾਲ ਮੁੱਖ ਮੰਤਰੀ ਖੁਦ ਬਣਨ ਦੀ ਬਜਾਏ ਮੁਨੀਸ਼ ਸਿਸੋਦੀਆ, ਜੋ ਉਪ-ਮੁੱਖ ਮੰਤਰੀ ਹਨ, ਨੂੰ ਸਹੁੰ ਚੁੱਕਾ ਸਕਦੇ ਹਨ ਕਿਉਂਕਿ ਕੇਜਰੀਵਾਲ ਦੀ ਬਾਜ਼ ਅੱਖ ਹੁਣ ਪੰਜਾਬ 'ਤੇ ਦੱਸੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਚੋਣ ਨਤੀਜੇ ਤੋਂ ਬਾਅਦ ਕੇਜਰੀਵਾਲ ਪੰਜਾਬ 'ਚ ਤੀਲਾ-ਤੀਲਾ ਹੋਏ ਝਾੜੂ ਨੂੰ ਇਕੱਠਾ ਕਰਨ ਲਈ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲੱਗਣ ਦੀ ਅਪੀਲ ਕਰ ਸਕਦੇ ਹਨ ਅਤੇ ਨਾਲ ਹੀ 2017 'ਚ ਮੁੱਖ ਮੰਤਰੀ ਦਾ ਉਮੀਦਵਾਰ ਨਾ ਦੇਣ ਲਈ ਪੰਜਾਬੀਆਂ ਤੋਂ ਮੁਆਫੀ ਮੰਗ ਸਕਦੇ ਹਨ।
ਸੂਤਰਾਂ ਨੇ ਦੱਸਿਆ ਕਿ ਭਾਵੇਂ 2 ਸਾਲ ਦਾ ਸਮਾਂ ਪਿਆ ਹੈ। ਕੇਜਰੀਵਾਲ ਦਿੱਲੀ ਤੋਂ ਬਾਅਦ ਹੁਣ ਜ਼ਿਆਦਾ ਸਮਾਂ ਪੰਜਾਬ 'ਚ ਲਾਉਣਗੇ ਅਤੇ ਵਾਲੰਟੀਅਰ ਬਣਾ ਕੇ ਪਿੰਡ-ਪਿੰਡ ਗੇੜਾ ਦੇ ਸਕਦੇ ਹਨ। ਖੁਦ ਮੁੱਖ ਮੰਤਰੀ ਬਣਨ ਦੀ ਗੱਲ ਨਹੀਂ ਕਰਨਗੇ ਸਗੋਂ ਸਿੱਧੂ ਨੂੰ ਹੀ ਅੱਗੇ ਲਿਆਉਣਗੇ ।