ਲੁਧਿਆਣਾ ''ਚ ਇਕੋ ਦਿਨ ਕੋਰੋਨਾ ਦੇ 48 ਕੇਸ ਆਏ ਸਾਹਮਣੇ
Friday, May 01, 2020 - 01:04 AM (IST)
ਲੁਧਿਆਣਾ,(ਸਹਿਗਲ): ਸ਼ਹਿਰ 'ਚ ਕੋਰੋਨਾ ਵਾਇਰਸ ਦੇ ਵੀਰਵਾਰ ਦੇਰ ਸ਼ਾਮ ਨੂੰ 14 ਹੋਰ ਨਵੇਂ ਮਾਮਲੇ ਸਾਹਮਣੇ ਆਏ, ਜਿਸ ਕਾਰਨ ਲੁਧਿਆਣਾ 'ਚ ਇਕੋ ਦਿਨ ਹੀ ਆਉਣ ਵਾਲੇ ਕੋਰੋਨਾ ਮਰੀਜ਼ਾਂ ਦੀ ਗਿਣਤੀ 48 ਹੋ ਗਈ। ਇਸ ਦੇ ਨਾਲ ਹੀ ਲੁਧਿਆਣਾ 'ਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 77 ਤਕ ਪਹੁੰਚ ਗਈ ਹੈ। ਡੀ. ਸੀ. ਪ੍ਰਦੀਪ ਕੁਮਾਰ ਅਗਰਵਾਲ ਨੇ ਕੋਰੋਨਾ ਵਾਇਰਸ ਦੇ 48 ਨਵੇਂ ਮਾਮਲੇ ਸਾਹਮਣੇ ਆਉਣ ਦੀ ਗੱਲ ਕਹੀ। ਉਨ੍ਹਾਂ ਮੁਤਾਬਕ ਇਨ੍ਹਾਂ 'ਚੋਂ 36 ਮਾਮਲੇ ਨਾਂਦੇੜ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਹਨ, ਜਦਕਿ ਇਕ ਮਾਮਲਾ ਮਹਿਲਾ ਜੇਲ ਤੋਂ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਦੋ ਮਜ਼ਦੂਰ ਚਸ਼ਮੇ ਗਵਾਲੀਅਰ ਤੋਂ ਆਏ ਹਨ ਅਤੇ ਦੂਜਾ ਸਿੱਧਾ ਸਿਵਲ ਹਸਪਤਾਲ ਪਹੁੰਚਿਆ ਹੈ।
6 ਮਾਮਲੇ ਸ਼ਹਿਰ ਨਾਲ ਸਬੰਧਿਤ
ਡੀ. ਸੀ. ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ 6 ਨਵੇਂ ਮਾਮਲੇ ਸ਼ਹਿਰ ਨਾਲ ਸੰਬੰਧਿਤ ਹਨ। ਇਨ੍ਹਾਂ 'ਚੋਂ ਇਕ ਪਹਿਲਾਂ ਤੋਂ ਹੀ ਪਾਜ਼ੇਟਿਵ ਆ ਚੁਕੀ ਬੀ. ਡੀ. ਪੀ. ਓ. ਦੇ ਸੰਪਰਕ 'ਚ ਆਉਣ ਵਾਲਾ ਮਾਮਲਾ ਹੈ। ਪਾਜ਼ੇਵਿਟ ਮਰੀਜ਼ਾਂ ਦੀ ਗਿਣਤੀ ਹੋਈ 77 ਡੀ. ਸੀ. ਨੇ ਦੱਸਿਆ ਕਿ ਜ਼ਿਲੇ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 77 ਹੋ ਗਈ ਹੈ। ਹੁਣ ਤਕ ਕੁੱਲ 2380 ਨਮੂਨੇ ਪ੍ਰੀਖਣ ਲਈ ਭੇਜੇ ਗਏ ਹਨ। ਜਿਨ੍ਹਾਂ 'ਚੋਂ 77 ਮਾਮਲੇ ਲੁਧਿਆਣਾ ਦੇ ਪਾਜ਼ੇਟਿਵ ਪਾਏ ਗਏ ਹਨ। 8 ਮਰੀਜ਼ਾਂ ਨੂੰ ਪੋਸਟ ਟ੍ਰੀਟਮੈਂਟ ਦਿੱਤਾ ਗਿਆ ਹੈ ਅਤੇ 5 ਲੋਕਾਂ ਦੀ ਮੌਤ ਹੋ ਚੁਕੀ ਹੈ।
ਨਿਯਮਾਂ ਦੀ ਪਾਲਣਾ ਕਰਨ ਲੋਕ, ਨਹੀਂ ਤਾਂ ਹੋਵੇਗੀ ਕਾਰਵਾਈ
ਅਗਰਵਾਲ ਨੇ ਜ਼ਿਲਾ ਲੁਧਿਆਣਾ ਦੇ ਵਾਸੀਆਂ ਨੂੰ ਸਥਿਤੀ ਨੂੰ ਗੰਭੀਰਤਾ ਨਾਲ ਸਮਝਣ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਨੂੰ ਘਰ ਅੰਦਰ ਰਹਿਣ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਵੇਰੇ 7 ਵਜੇ ਤੋਂ 11 ਵਜੇ ਤਕ ਦੀ ਦਿੱਤੀ ਗਈ ਛੂਟ ਦਾ ਦੁਰਪ੍ਰਯੋਗ ਨਹੀਂ ਕਰਨਾ ਚਾਹੀਦਾ ਹੈ। ਜੇਕਰ ਲੋਕ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਹਨ ਤਾਂ ਪੁਲਸ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰੇਗੀ।