ਪੰਜਾਬ ''ਚ ਲੱਗਿਆ LPG ਦਾ ਲੰਗਰ! ਮੁਫ਼ਤ ''ਚ ਵੰਡੇ ਗਏ ਸਿਲੰਡਰ

Tuesday, Apr 07, 2026 - 02:57 PM (IST)

ਪੰਜਾਬ ''ਚ ਲੱਗਿਆ LPG ਦਾ ਲੰਗਰ! ਮੁਫ਼ਤ ''ਚ ਵੰਡੇ ਗਏ ਸਿਲੰਡਰ

ਲੁਧਿਆਣਾ (ਮਹਿੰਦਰੂ): ਇਕ ਪਾਸੇ ਜਿੱਥੇ ਦੇਸ਼ ਭਰ ਵਿਚ ਐੱਲ. ਪੀ. ਜੀ. ਸਿਲੰਡਰਾਂ ਲਈ ਲੋਕਾਂ ਨੂੰ ਕਾਫ਼ੀ ਭੱਜਦੌੜ ਕਰਨੀ ਪੈ ਰਹੀ ਹੈ, ਉੱਥੇ ਹੀ ਪੰਜਾਬ ਦੇ ਇਕ ਸਮਾਜ ਸੇਵੀ ਨੇ ਨਿਵੇਕਲੀ ਪਹਿਲ ਕਰਦਿਆਂ ਵੱਡੀ ਮਿਸਾਲ ਪੈਦਾ ਕਰ ਦਿੱਤੀ ਹੈ, ਜਿਸ ਨੇ ਆਪਣੇ ਪੁੱਤਰ ਦੇ ਜਨਮ ਦਿਨ ਮੌਕੇ ਐੱਲ. ਪੀ. ਜੀ. ਸਿਲੰਡਰਾਂ ਦਾ ਲੰਗਰ ਹੀ ਲਗਾ ਦਿੱਤਾ ਹੈ। 

ਦਰਅਸਲ, ਲੁਧਿਆਣਾ ਦੇ ਸਮਾਜ ਸੇਵਕ ਰਾਕੇਸ਼ ਜੈਨ ਅਤੇ ਰਮਾ ਜੈਨ ਨੇ ਆਪਣੇ ਪੁੱਤਰ ਦਿਵਿਆਂਸ਼ ਜੈਨ ਦੇ ਜਨਮ ਦਿਨ ਮੌਕੇ ਲਾਇਆ ਐੱਲ. ਪੀ. ਜੀ. ਸਿਲੰਡਰਾਂ ਦਾ ਲੰਗਰ ਲਗਾਇਆ ਹੈ। ਉਨ੍ਹਾਂ ਵੱਲੋਂ 11 ਲੋੜਵੰਦ ਪਰਿਵਾਰਾਂ ਨੂੰ 5-5 ਕਿੱਲੋ ਵਾਲੇ ਐੱਲ. ਪੀ. ਜੀ. ਸਿਲੰਡਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਅਗਲੇ ਕੈਂਪ ਵਿਚ 50 ਪਰਿਵਾਰਾਂ ਨੂੰ ਸਿਲੰਡਰ ਵੰਡਣ ਦੀ ਇੱਛਾ ਵੀ ਜ਼ਾਹਿਰ ਕੀਤੀ ਹੈ। 

ਪੰਜਾਬ ਛੱਡ ਕੇ ਜਾਣ ਦੀ ਤਿਆਰੀ 'ਚ ਸੀ ਪਰਿਵਾਰ

'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਰਾਕੇਸ਼ ਜੈਨ ਨੇ ਕਿਹਾ ਕਿ ਅੱਜ ਹਜ਼ਾਰਾਂ ਲੋਕਾਂ ਨੂੰ ਗੈਸ ਸਿਲੰਡਰ ਨਹੀਂ ਮਿਲ ਰਹੇ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੁਝ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ। ਇਸ ਵਾਰ ਜਦੋਂ ਉਨ੍ਹਾਂ ਨੇ ਇਨ੍ਹਾਂ ਪਰਿਵਾਰਾਂ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਿਆ ਕਿ ਉਹ ਸਿਲੰਡਰ ਨਾ ਮਿਲਣ ਕਾਰਨ ਕਾਫ਼ੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੂੰ ਜਿੱਥੇ ਗੈਸ ਸਿਲੰਡਰ ਨਹੀਂ ਮਿਲ ਰਿਹਾ, ਉੱਥੇ  ਹੀ ਕੁਝ ਮੌਕਾਪ੍ਰਸਤ ਲੋਕਾਂ ਵੱਲੋਂ ਪਾਥੀਆਂ ਅਤੇ ਲੱਕੜ ਵੀ ਮਹਿੰਗੇ ਭਾਅ 'ਤੇ ਵੇਚੀ ਜਾ ਰਹੀ ਹੈ। ਇਸ ਕਾਰਨ ਉਨ੍ਹਾਂ ਪਰਿਵਾਰਾਂ ਨੇ ਪੰਜਾਬ ਛੱਡ ਕੇ ਆਪਣੇ ਪਿੰਡ ਜਾਣ ਦੀ ਤਿਆਰੀ ਕਰ ਲਈ ਸੀ। ਫ਼ਿਰ ਉਨ੍ਹਾਂ ਨੇ ਇਨ੍ਹਾਂ ਦੀ ਮਦਦ ਕਰਨ ਦੀ ਸੋਚੀ ਤੇ ਆਪਣੇ ਪੁੱਤ ਦੇ ਜਨਮ ਦਿਨ ਮੌਕੇ 11 ਅਜਿਹੇ ਪਰਿਵਾਰਾਂ ਨੂੰ ਗੈਸ ਸਿਲੰਡਰ ਵੰਡੇ ਹਨ। ਉਨ੍ਹਾਂ ਦੱਸਿਆ ਕਿ ਏਜੰਸੀ ਵੱਲੋਂ ਦੱਸਿਆ ਗਿਆ ਹੈ ਕਿ ਉਹ ਇਨ੍ਹਾਂ ਸਿਲੰਡਰਾਂ ਨੂੰ ਮਹੀਨੇ ਵਿਚ ਤਿੰਨ ਵਾਰ ਭਰਵਾ ਸਕਦੇ ਹਨ। ਉਨ੍ਹਾਂ ਨੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਔਖ਼ੀ ਘੜੀ ਵਿਚ ਲੋਕਾਂ ਦੀ ਮਦਦ ਲਈ ਅੱਗੇ ਆਉਣ।


author

Anmol Tagra

Content Editor

Related News