ਮਿਸ ਕਾਲ ਤੋਂ ਸ਼ੁਰੂ ਹੋਈ ਪ੍ਰੇਮ ਕਹਾਣੀ ਪ੍ਰੇਮਿਕਾ ਦੀ ਲਾਸ਼ ਮਿਲਣ ''ਤੇ ਹੋਈ ਖਤਮ (ਤਸਵੀਰਾਂ)

12/17/2017 8:32:02 PM

ਹੁਸ਼ਿਆਰਪੁਰ (ਜ.ਬ) : ਫ਼ਿਲਮੀ ਅੰਦਾਜ਼ 'ਚ ਮਿਸ ਕਾਲ ਤੋਂ ਸ਼ੁਰੂ ਹੋਈ ਇਕ ਪ੍ਰੇਮ ਕਹਾਣੀ ਦਾ ਅੰਤ ਪ੍ਰੇਮਿਕਾ ਦੀ ਹੱਤਿਆ ਦੇ 46 ਦਿਨਾਂ ਬਾਅਦ ਲਾਸ਼ ਦੀ ਬਰਾਮਦਗੀ ਹੋਣ 'ਤੇ ਹੋ ਗਿਆ। ਲਾਸ਼ ਦੀ ਨਿਸ਼ਾਨਦੇਹੀ ਕਿਸੇ ਹੋਰ ਨੇ ਨਹੀਂ ਸਗੋਂ ਮ੍ਰਿਤਕਾ ਦੇ ਪ੍ਰੇਮੀ ਨੇ ਕੀਤੀ ਹੈ ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਦੇ ਪ੍ਰੇਮੀ ਅੰਕੁਰ ਗੁਪਤਾ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਅਤੇ 2 ਬੱਚਿਆਂ ਦੇ ਪਿਤਾ ਸੀ, ਜਿਸ ਦੀ ਨਿਸ਼ਾਨਦੇਹੀ 'ਤੇ ਯੂ. ਪੀ. ਦੀ ਪੁਲਸ ਹੁਸ਼ਿਆਰਪੁਰ ਆਈ ਅਤੇ ਲੜਕੀ ਦੀ ਲਾਸ਼ ਬਰਾਮਦ ਕੀਤੀ। ਜੰਗਲ 'ਚੋਂ ਬਰਾਮਦ ਮ੍ਰਿਤਕ ਸਮੀਨਾ ਦੀ ਲਾਸ਼ ਨੂੰ ਦੇਖਦੇ ਹੀ ਸਮੀਨਾ ਦੇ ਭਰਾ, ਜੀਜਾ ਤੇ ਹੋਰ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ 'ਚ ਹੰਝੂਆਂ ਦਾ ਹੜ੍ਹ ਆ ਗਿਆ। ਪੁਲਸ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ 'ਚ ਭਰਵਾਈ ਰੋਡ ਸਥਿਤ ਕਬਰਿਸਤਾਨ 'ਚ ਪੋਸਟਮਾਰਟਮ ਉਪਰੰਤ ਸਮੀਨਾ ਦੀ ਲਾਸ਼ ਨੂੰ ਦਫ਼ਨਾ ਦਿੱਤਾ ਗਿਆ।
ਕੀ ਹੈ ਮਾਮਲਾ
22 ਸਾਲਾ ਸਮੀਨਾ ਆਪਣੇ ਪਿੰਡ ਗੌਸਮਪੁਰ ਤੋਂ 17 ਅਕਤੂਬਰ 2017 ਨੂੰ ਅਚਾਨਕ ਗਾਇਬ ਹੋ ਗਈ ਸੀ ਤੇ ਪਰਿਵਾਰਕ ਮੈਂਬਰਾਂ ਨੇ ਇਸਦੀ ਸ਼ਿਕਾਇਤ ਥਾਣਾ ਪਟਵਾਈ 'ਚ ਕਰ ਦਿੱਤੀ। ਸ਼ੱਕ ਦੇ ਆਧਾਰ 'ਤੇ ਇਮਰਾਨ ਨਾਂ ਦੇ ਨੌਜਵਾਨ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਪਰ ਉਹ ਨਿਰਦੋਸ਼ ਨਿਕਲਿਆ। ਇਸ ਦੌਰਾਨ ਘਰ 'ਚੋਂ ਬਰਾਮਦ ਸਮੀਨਾ ਦੇ ਮੋਬਾਇਲ ਫੋਨ ਦੀ ਕਾਲ ਡਿਟੇਲ ਦੀ ਜਾਂਚ ਹੋਈ ਤਾਂ ਪੁਲਸ ਨੇ ਸ਼ੱਕ ਦੇ ਆਧਾਰ 'ਤੇ 12 ਦਸੰਬਰ 2017 ਨੂੰ 40 ਸਾਲਾ ਅੰਕੁਰ ਗੁਪਤਾ ਪੁੱਤਰ ਰਾਧਾ ਰਮਣ ਗੁਪਤਾ ਵਾਸੀ ਪਿੰਡ ਨਾਗਪੁਰ ਨੂਰਪੁਰ ਜ਼ਿਲਾ ਬਦਾਊਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਪੁੱਛਗਿੱਛ ਦੌਰਾਨ ਅੰਕੁਰ ਗੁਪਤਾ ਨੇ ਮੰਨਿਆ ਕਿ ਉਸ ਨੇ ਸਮੀਨਾ ਦੀ ਹੱਤਿਆ ਹੁਸ਼ਿਆਰਪੁਰ ਦੇ ਜੰਗਲ 'ਚ ਕਰਨ ਉਪਰੰਤ ਆਪਣੇ ਪਿੰਡ ਵਾਪਸ ਆ ਗਿਆ ਸੀ।
ਮਿਸ ਕਾਲ ਤੋਂ ਸਮੀਨਾ ਨੂੰ ਫਸਾਇਆ ਸੀ ਪ੍ਰੇਮਜਾਲ 'ਚ
ਹੁਸ਼ਿਆਰਪੁਰ ਚੱਕਸਾਧੂ ਜੰਗਲ 'ਚ ਲਾਸ਼ ਬਰਾਮਦ ਕਰਕੇ ਪੋਸਟਮਾਰਟ ਕਰਵਾਉਣ ਪਹੁੰਚੇ ਪਟਵਾਈ ਥਾਣੇ ਦੇ ਐੱਸ. ਐੱਚ. ਓ. ਰਾਜੇਸ਼ ਤਿਵਾਰੀ ਨੇ ਦੱਸਿਆ ਕਿ ਇਸ ਪ੍ਰੇਮ ਪ੍ਰਸੰਦ ਦੀ ਸ਼ੁਰੂਆਤ ਇਕ ਮਿਸ ਕਾਲ ਤੋਂ ਹੋਈ ਸੀ। ਬਾਅਦ 'ਚ ਅੰਕੁਰ ਨੇ ਸਮੀਨਾ ਨੂੰ ਨਵਾਂ ਮੋਬਾਇਲ ਫੋਨ ਗਿਫ਼ਟ ਕੀਤਾ ਸੀ। ਪੁਲਸ ਨੇ ਉਸੇ ਫੋਨ ਦੇ ਕਾਲ ਡਿਟੇਲ ਦੇ ਆਧਾਰ 'ਤੇ ਹੱਤਿਆ ਦੇ ਦੋਸ਼ੀ ਅੰਕੁਰ ਗੁਪਤਾ ਦੀ ਗ੍ਰਿਫ਼ਤਾਰੀ 12 ਦਸੰਬਰ 2017 ਨੂੰ ਕੀਤੀ ਸੀ।
ਬਹੁਤ ਹੁਸ਼ਿਆਰੀ ਨਾਲ ਦਿੱਤਾ ਹੱਤਿਆ ਨੂੰ ਅੰਜਾਮ
ਐੱਸ. ਐੱਚ. ਓ. ਰਾਜੇਸ਼ ਤਿਵਾਰੀ ਨੇ ਦੱਸਿਆ ਕਿ 17 ਦਸੰਬਰ ਨੂੰ ਸਮੀਨਾ ਨੂੰ ਲੈ ਕੇ ਅੰਕੁਰ ਪਹਿਲਾਂ ਚੰਦੋਸੀ ਤੇ ਬਾਅਦ 'ਚ ਮੋਟਰਸਾਈਕਲ 'ਤੇ ਸਵਾਰ ਹੋ ਕੇ ਦਿੱਲੀ ਪਹੁੰਚਿਆ ਸੀ। ਦਿੱਲੀ 'ਚ ਮੋਟਰਸਾਈਕਲ ਛੱਡ ਬੱਸ ਰਾਹੀਂ ਉਹ ਹੁਸ਼ਿਆਰਪੁਰ ਦੇ ਪੁਰਹੀਰਾ ਸਥਿਤ ਇਕ ਟਿਊਬਵੈੱਲ 'ਤੇ ਕੰਮ ਕਰਨ ਵਾਲੇ ਆਪਣੇ ਪਿੰਡ ਦੇ ਹੀ ਦੋਸਤ ਦੇ ਘਰ ਪਹੁੰਚਿਆ ਅਤੇ ਸਮੀਨਾ ਨੂੰ ਆਪਣੀ ਪਤਨੀ ਦੱਸਿਆ। ਬਾਅਦ 'ਚ ਜਦੋਂ ਦੋਸਤ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਉਸ ਨੇ 30 ਅਕਤੂਬਰ ਨੂੰ ਉਸ ਨੂੰ ਘਰੋਂ ਜਾਣ ਨੂੰ ਕਹਿ ਦਿੱਤਾ। ਬੇ-ਘਰ ਹੋਣ ਤੋਂ ਬਾਅਦ ਅੰਕੁਰ ਸਮੀਨਾ ਨੂੰ ਧੋਖੇ ਨਾਲ 2 ਨਵੰਬਰ 2017 ਨੂੰ ਚੱਕਸਾਧੂ ਜੰਗਲ 'ਚ ਲੈ ਗਿਆ ਤੇ ਮੌਕਾ ਦੇਖਦੇ ਹੀ ਸਮੀਨਾ ਦੇ ਦੁਪੱਟੇ ਨਾਲ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਜੰਗਲ 'ਚ ਲਾਸ਼ ਦੇ ਉੱਪਰਲੇ ਸਾਰੇ ਕੱਪੜਿਆਂ ਨੂੰ ਉਤਾਰ ਕੇ ਸੁੱਟ ਦੇਣ ਤੋਂ ਬਾਅਦ ਸਾਰੇ ਗਹਿਣੇ ਲੈ ਕੇ ਆਪਣੇ ਪਿੰਡ ਵਾਪਸ ਆ ਗਿਆ। ਜਿੱਥੇ ਬਾਅਦ 'ਚ ਪੁਲਸ ਨੇ ਉਸ ਨੂੰ 12 ਦਸੰਬਰ 2017 ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਬਾਅਦ ਮੈਜਿਸਟ੍ਰੇਟ ਦੀ ਮਨਜ਼ੂਰੀ ਮਿਲਣ ਉਪਰੰਤ ਹੁਣ ਹੁਸ਼ਿਆਰਪੁਰ ਤੋਂ ਸਮੀਨਾ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ।


Related News