ਲਵ ਮੈਰਿਜ ਤੋਂ ਖਫਾ ਕੁੜੀ ਦੇ ਪਰਿਵਾਰ ਨੇ ਅੱਧੀ ਰਾਤ ਨੂੰ ਕੀਤਾ ਹਮਲਾ, ਤਸਵੀਰਾਂ ''ਚ ਦੇਖੋ ਕਿਵੇਂ ਹੋਈ ਗੁੰਡਾਗਰਦੀ

05/24/2017 7:04:39 PM

ਪਠਾਨਕੋਟ (ਸ਼ਾਰਦਾ) : ਬੀਤੀ ਰਾਤ ਪਠਾਨਕੋਟ ਤੋਂ ਤਿੰਨ ਕਿਲੋਮੀਟਰ ਦੂਰੀ ''ਤੇ ਸਥਿਤ ਪਿੰਡ ਖਾਨਪੁਰ ਵਿਚ ਰਹਿਣ ਵਾਲੇ ਗੁੱਜਰ ਪਰਿਵਾਰ ''ਤੇ 20 ਤੋਂ 25 ਦੇ ਕਰੀਬ ਅਣਪਛਾਤੇ ਹਮਲਾਵਰਾਂ ਵੱਲੋਂ ਜਾਨਲੇਵਾ ਹਮਲਾ ਕੀਤੇ ਜਾਣ ਦਾ ਸਮਾਚਾਰ ਹੈ। ਹਮਲਾਵਰਾਂ ਵੱਲੋਂ ਕੀਤੇ ਗਏ ਹਮਲੇ ਵਿਚ ਘਰ ਦੇ ਮੁਖੀਆ ਸਮੇਤ ਉਸ ਦੇ ਤਿੰਨ ਬੇਟੇ ਗੰਭੀਰ ਤੌਰ ''ਤੇ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਪਠਾਨਕੋਟ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀਆਂ ਦੀ ਪਛਾਣ 65 ਸਾਲਾ ਫਿਜ਼ਲਦੀਨ ਅਤੇ ਉਸ ਦੇ ਤਿੰਨ ਬੇਟੇ ਆਲਮਦੀਨ (35 ਸਾਲ), ਸ਼ੇਰਅਲੀ (32 ਸਾਲ) ਅਤੇ ਤੇਗ ਅਲੀ (28) ਸਾਲ ਵੱਜੋਂ ਹੋਈ। ਘਟਨਾ ਰਾਤ 2 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ ਜਦੋਂ ਹਮਲਾਵਰਾਂ ਨੇ ਗੁੱਜਰਾਂ ਦੇ ਡੇਰਿਆਂ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਜਾਂਦੇ ਸਮੇਂ ਉਹ ਡੇਰੇ ਨੂੰ ਅੱਗ ਦੇ ਹਵਾਲੇ ਕਰ ਗਏ।
ਅੱਗ ਕਾਰਨ ਕੀਮਤੀ ਸਮਾਨ ਅਤੇ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ। ਉਥੇ ਹੀ ਹਸਪਤਾਲ ਵਿਚ ਭਰਤੀ ਫਜ਼ਲਦੀਨ ਦੇ ਬੇਟੇ ਤੇਗ ਅਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ''ਤੇ ਹਮਲਾ ਕਰਨ ਵਾਲੇ ਦੀਨਾਨਗਰ ਦੇ ਰਹਿਦ ਵਾਲੇ ਹਨ। ਪੀੜਤ ਪਰਿਵਾਰ ਨੇ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਮਲਾਵਰ ਜਾਂਦੇ ਸਮੇਂ ਉਨ੍ਹਾਂ ਦੇ ਟਰੱਕਾਂ ਦੇ ਤਾਲਿਆਂ ਨੂੰ ਤੋੜ ਕੇ ਉਨ੍ਹਾਂ ਵਿਚ ਰੱਖੀ ਨਕਦੀ ਅਤੇ ਸੋਣੇ ਦੇ ਗਹਿਣੇ ਵੀ ਨਾਲ ਲੈ ਗਏ।
ਪ੍ਰੇਮ ਵਿਆਹ ਬਣਿਆ ਹਮਲੇ ਦਾ ਕਾਰਨ
ਹਮਲਾਵਰਾਂ ਵੱਲੋਂ ਕੀਤੇ ਗਏ ਹਮਲੇ ਦਾ ਮੁੱਖ ਕਾਰਣ ਪ੍ਰੇਮ ਵਿਆਹ ਦੱਸਿਆ ਜਾ ਰਿਹਾ ਹੈ ਕਿਉਂਕਿ ਤਿੰਨ ਮਹੀਨੇ ਪਹਿਲਾਂ ਹਮਲੇ ਵਿਚ ਜ਼ਖ਼ਮੀ ਫਜਲਦੀਨ ਦੇ ਭਰਾ ਰੋਸ਼ਨਦੀਨ ਦਾ ਬੇਟਾ ਸੈਫ ਅਲੀ ਨੇ ਦੀਨਾਨਗਰ ਦੇ ਰਹਿਣ ਵਾਲੇ ਗੁੱਜਰ ਪਰਿਵਾਰ ਦੀ ਬੇਟੀ ਨਾਲ ਪ੍ਰੇਮ ਵਿਆਹ ਕਰ ਲਿਆ ਸੀ ਅਤੇ ਉਹ ਤਿੰਨ ਮਹੀਨੇ ਤੋਂ ਪ੍ਰੋਟੈਕਸ਼ਨ ਹੋਮ ਵਿਚ ਰਹਿ ਰਹੇ ਸਨ ਅਤੇ ਇਹੀ ਪ੍ਰੇਮ ਵਿਆਹ ਉਸ ਦੇ ਪਰਿਵਾਰ ਵਾਲਿਆਂ ਦੀ ਅੱਖ ਦੀ ਕਿਰਕਿਰੀ ਬਣਿਆ ਹੋਇਆ ਸੀ। ਬੀਤੀ ਰਾਤ ਲੜਕੀ ਵਾਲੇ ਪਰਿਵਾਰ ਨੂੰ ਸੂਚਨਾ ਮਿਲੀ ਸੀ ਉਪਰੋਕਤ ਨਵ-ਵਿਆਹੁਤਾ ਜੋੜਾ ਘਰ ਆਇਆ ਹੋਇਆ ਹੈ। ਜਿਸ ਦੇ ਚਲਦੇ ਉਨ੍ਹਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਕਿਵੇਂ ਹੋਈ ਹਮਲਾਵਰਾਂ ਦੀ ਪਛਾਣ
ਘਟਨਾ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਤੇਗ ਅਲੀ ਨੇ ਦੱਸਿਆ ਕਿ ਉਕਤ ਹਮਲਾਵਰ ਪਿੰਡ ਤੋਂ ਦੂਰ ਸਥਿਤ ਸੜਕ ਤੇ ਆਪਣੀਆਂ ਗੱਡੀਆਂ ਨੂੰ ਲਗਾ ਕੇ ਹਮਲਾ ਕਰਨ ਆਏ ਸਨ, ਇਸ ਦੌਰਾਨ ਜਦੋਂ ਵਾਪਿਸ ਜਾ ਰਹੇ ਸਨ ਤਾਂ ਉਸ ਨੇ ਇਕ ਹਮਲਾਵਰ ਨੂੰ ਕਾਬੂ ਕਰ ਲਿਆ ਜਿਸ ਦੇ ਚਲਦੇ ਪਕੜ ਵਿਚ ਆਏ ਹਮਲਾਵਰ ਨੇ ਆਪਣੇ ਸਾਥੀਆਂ ਨੂੰ ਅਵਾਜ਼ਾਂ ਲਗਾ ਕੇ ਉਸ ਨੂੰ ਛੁਡਾਉਣ ਵਾਲੇ ਉਨ੍ਹਾਂ ਦੇ ਨਾਮ ਲੈ ਕੇ ਅਵਾਜ਼ਾ ਲਗਾ ਰਿਹਾ ਸੀ ਜਿਸ ਤੋਂ ਬਾਅਦ ਹਮਲਾਵਰ ਉਸ ਨੂੰ ਛੁਡਾ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਦਾ ਨਾਮ ਲਿਆ ਸੀ ਉਹ ਸਬ ਦੀਨਾਨਗਰ ਸਥਿਤ ਲੜਕੀ ਦੇ ਪਰਿਵਾਰ ਵਾਲਿਆਂ ਦੇ ਰਿਸ਼ਤੇਦਾਰ ਸਨ।
ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਡੇਰੇ ''ਤੇ ਹੋਏ ਹਮਲੇ ਤੋਂ ਬਾਅਦ ਸ਼ਾਹਪੁਰਕੰਡੀ ਦੇ ਥਾਣਾ ਮੁਖੀ ਕਿਸ਼ਨ ਚੰਦ ਨੇ ਮੌਕੇ ''ਤੇ ਪੁੱਜ ਕੇ ਘਟਨਾ ਸਥਿਤੀ ਦਾ ਜਾਇਜ਼ਾ ਲਿਆ। ਉਪਰੰਤ ਘਟਨਾ ਸਬੰਧੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ। ਪੁਲਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਰੂਰਲ ਕਿਰਪਾਲ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਵੱਲੋਂ ਲਿਖ਼ਤੀ ਤੌਰ ''ਤੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਜਿਸ ਦੇ ਅਧਾਰ ਤੇ ਜਾਂਚ ਕਰਕੇ ਘਟਨਾ ਵਿਚ ਸ਼ਾਮਲ ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Gurminder Singh

Content Editor

Related News