ਲਵ ਮੈਰਿਜ ਤੋਂ ਕੁਝ ਦਿਨਾਂ ਬਾਅਦ ਪੈ ਗਿਆ ਪੰਗਾ, ਅਚਾਨਕ ਗਾਇਬ ਹੋਇਆ ਲਾੜਾ

Wednesday, Oct 09, 2024 - 06:09 PM (IST)

ਡੇਰਾਬਸੀ (ਵਿਕਰਮ ਜੀਤ) : ਡੇਰਾਬਸੀ ਦੇ ਨੇੜਲੇ ਪਿੰਡਾਂ ’ਚ ਰਹਿਣ ਵਾਲੇ ਲੜਕੇ ਅਤੇ ਲੜਕੀ ਵੱਲੋਂ ਲਵ-ਮੈਰਿਜ ਕਰਵਾਉਣ ਮਗਰੋਂ ਲੜਕਾ ਗ਼ਾਇਬ ਹੋ ਗਿਆ। ਵਿਆਹੁਤਾ ਨੇ ਦੋਸ਼ ਲਾਇਆ ਕਿ ਲੜਕੇ ਦੇ ਪਰਿਵਾਰ ਵਾਲੇ ਉਸ ਦੇ ਪਤੀ ਨੂੰ ਇਹ ਕਹਿ ਕੇ ਨਾਲ ਲੈ ਗਏ ਸਨ ਕਿ ਦੋਵਾਂ ਦਾ ਵਿਆਹ ਰੀਤੀ ਰਿਵਾਜ਼ਾਂ ਨਾਲ ਕਰਕੇ ਲੜਕੀ ਨੂੰ ਵਿਆਹ ਕੇ ਲੈ ਜਾਣਗੇ ਪਰ ਲੜਕੇ ਦਾ ਕੋਈ ਪਤਾ ਨਹੀਂ ਹੈ। ਵਿਆਹੁਤਾ ਨੇ ਦੋਸ਼ ਲਾਇਆ ਕਿ 21 ਸਤੰਬਰ ਸਵੇਰੇ ਉਸ ਦੇ ਪਤੀ ਦੀ ਭੈਣ, ਜੀਜਾ ਅਤੇ ਹੋਰ ਰਿਸ਼ਤੇਦਾਰ ਉਸ ਦੇ ਪਤੀ ਨੂੰ ਨਾਲ ਲੈ ਗਏ ਸਨ, ਜਿਸ ਤੋਂ ਬਾਅਦ ਉਸ ਦਾ ਕੁਝ ਵੀ ਪਤਾ ਨਹੀਂ ਲੱਗਿਆ। ਵਿਆਹੁਤਾ ਨੇ ਦੱਸਿਆ ਕਿ ਅੰਤਰਜਾਤੀ ਵਿਆਹ ਲਈ ਲੜਕੇ ਦੇ ਘਰ ਵਾਲੇ ਪਹਿਲਾਂ ਤਿਆਰ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੇ ਅਗਸਤ ਮਹੀਨੇ ’ਚ ਵਿਆਹ ਕਰਵਾ ਲਿਆ ਸੀ ਤੇ ਹਾਈਕੋਰਟ ਤੋਂ ਸੁਰੱਖਿਆ ਵੀ ਲਈ ਸੀ।

ਵਿਆਹੁਤਾ ਨੇ ਦੱਸਿਆ ਕਿ ਨੇੜਲੇ ਪਿੰਡ ਰਹਿਣ ਵਾਲੇ ਕੁਲਬੀਰ ਸਿੰਘ ਨਾਲ ਉਸ ਦੀ ਦੋਸਤੀ ਸੀ, ਜੋ ਪਿਆਰ ’ਚ ਤਬਦੀਲ ਹੋ ਗਈ। ਦੋਵਾਂ ਨੇ ਵਿਆਹ ਕਰਵਾਉਣ ਲਈ ਆਪੋ-ਆਪਣੇ ਪਰਿਵਾਰਾਂ ਨਾਲ ਗੱਲ ਕੀਤੀ, ਜਿਸ ’ਤੇ ਕੁਲਬੀਰ ਦੇ ਪਰਿਵਾਰ ਵਾਲੇ ਰਾਜ਼ੀ ਨਾ ਹੋਏ। ਇਸ ਤੋਂ ਬਾਅਦ ਦੋਵਾਂ ਨੇ ਲਵ ਮੈਰਿਜ ਕਰਵਾ ਲਈ ਅਤੇ ਪਟਿਆਲਾ ਜਾ ਕੇ ਰਹਿਣ ਲੱਗੇ। ਕੁਲਬੀਰ ਦਾ ਪਰਿਵਾਰ ਉਨ੍ਹਾਂ ਦਾ ਪਿੱਛਾ ਕਰਦਾ ਪਟਿਆਲਾ ਪਹੁੰਚ ਗਿਆ, ਜਿੱਥੋਂ ਗੱਲ ਪੁਲਸ ਥਾਣੇ ਤੱਕ ਪਹੁੰਚ ਗਈ। ਉੱਥੇ ਕੁਲਬੀਰ ਦੇ ਪਰਿਵਾਰ ਨੇ ਲੜਕੀ ਨੂੰ ਆਪਣੀ ਨੂੰਹ ਵਜੋਂ ਅਪਣਾਉਣ ਦਾ ਭਰੋਸਾ ਦਿੰਦਿਆਂ ਦੋਵਾਂ ਦਾ ਵਿਆਹ ਰੀਤੀ ਰਿਵਾਜ਼ਾਂ ਨਾਲ ਕਰਨ ਦਾ ਭਰੋਸਾ ਦਿੱਤਾ। ਇਸ ਮਗਰੋਂ ਹੀ ਉਹ ਡੇਰਾਬੱਸੀ ਆ ਗਏ। ਇਥੇ ਇਕ ਰਾਤ ਕੁਲਬੀਰ ਦੀ ਭੈਣ, ਜੀਜਾ ਅਤੇ ਹੋਰ ਰਿਸ਼ਤੇਦਾਰ ਉਨ੍ਹਾਂ ਨਾਲ ਇਕ ਰਾਤ ਹੋਟਲ ’ਚ ਰੁਕੇ, ਜਿਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਹ ਕੁਲਬੀਰ ਨੂੰ ਨਾਲ ਲੈ ਕੇ ਜਾਣਗੇ ਅਤੇ 6-7 ਅਕਤੂਬਰ ਨੂੰ ਉਸ ਨੂੰ ਵਿਆਹ ਕੇ ਲੈ ਜਾਣਗੇ।

ਵਿਆਹੁਤਾ ਨੇ ਦੱਸਿਆ ਕਿ ਕੁਝ ਦਿਨ ਤੋਂ ਕੁਲਬੀਰ ਨਾਲ ਗੱਲ ਹੋਣੀ ਬੰਦ ਹੋ ਗਈ, ਹੁਣ ਕੁਲਬੀਰ ਦਾ ਪਰਿਵਾਰ ਉਸ ਨਾਲ ਕੋਈ ਗੱਲਬਾਤ ਵੀ ਨਹੀਂ ਕਰ ਰਿਹਾ ਅਤੇ ਕੁਲਬੀਰ ਦੀ ਵੀ ਕੋਈ ਜਾਣਕਾਰੀ ਨਹੀਂ ਦੇ ਰਿਹਾ। ਉਸ ਦਾ ਪਰਿਵਾਰ ਵਿਆਹ ਦੀ ਤਿਆਰੀ ਕਰਕੇ ਬੈਠਾ ਸੀ, ਦੂਜੇ ਪਾਸੇ ਕੁਲਬੀਰ ਦਾ ਕੋਈ ਪਤਾ ਟਿਕਾਣਾ ਨਹੀਂ ਹੈ। ਉਨ੍ਹਾਂ ਨੇ ਹਾਈਕੋਰਟ ਤੋ ਸੁਰੱਖਿਆ ਵੀ ਲਈ ਹੋਈ ਸੀ ਪਰ ਉਸ ਦੇ ਪਤੀ ਦਾ ਪਰਿਵਾਰ ਉਨ੍ਹਾਂ ਨੂੰ ਆਪਣੀਆਂ ਗੱਲਾਂ ’ਚ ਲਾ ਕੇ ਉਸ ਦੇ ਪਤੀ ਨੂੰ ਨਾਲ ਲੈ ਗਿਆ। ਇਸ ਬਾਰੇ ਗੱਲ ਕਰਨ ’ਤੇ ਥਾਣਾ ਮੁਖੀ ਮਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Gurminder Singh

Content Editor

Related News