ਪਰਿਵਾਰ ਦੇ ਖ਼ਿਲਾਫ਼ ਜਾ ਕੇ ਪ੍ਰੇਮ ਵਿਆਹ ਕਰਵਾਉਣ ਵਾਲੀ ਭੈਣ ਨੂੰ ਭਰਾ ਨੇ ਕੀਤਾ ਅਗਵਾ

Monday, Jul 25, 2022 - 06:07 PM (IST)

ਪਰਿਵਾਰ ਦੇ ਖ਼ਿਲਾਫ਼ ਜਾ ਕੇ ਪ੍ਰੇਮ ਵਿਆਹ ਕਰਵਾਉਣ ਵਾਲੀ ਭੈਣ ਨੂੰ ਭਰਾ ਨੇ ਕੀਤਾ ਅਗਵਾ

ਮੋਗਾ (ਅਜ਼ਾਦ) : ਆਪਣੀ ਭੈਣ ਦੇ ਪ੍ਰੇਮ ਵਿਆਹ ਤੋਂ ਦੁਖੀ ਹੋ ਕੇ ਭਰਾ ਵੱਲੋਂ ਆਪਣੇ ਹਥਿਆਰਬੰਦ ਸਾਥੀਆਂ ਨੂੰ ਨਾਲ ਲੈ ਕੇ ਆਪਣੀ ਭੈਣ ਨੂੰ ਜ਼ਬਰੀ ਅਗਵਾ ਕਰਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸੁਖਪ੍ਰੀਤ ਸਿੰਘ ਉਰਫ ਅਰਸ਼ਦੀਪ ਸਿੰਘ ਨਿਵਾਸੀ ਪਿੰਡ ਵੱਡਾ ਘਰ ਨੇ ਕਿਹਾ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ, ਉਸ ਨੇ ਬੀਤੀ 19 ਜੁਲਾਈ ਨੂੰ ਅਮਨਦੀਪ ਕੌਰ (25) ਨਿਵਾਸੀ ਵਜੀਦਪੁਰ ਦੇ ਨਾਲ ਪ੍ਰੇਮ ਵਿਆਹ ਮਾਣਯੋਗ ਅਦਾਲਤ ਵਿਚ ਜਾ ਕੇ ਕੀਤਾ ਸੀ। ਇਸ ਗੱਲ ਨੂੰ ਲੈ ਕੇ ਮੇਰੀ ਪਤਨੀ ਦੇ ਮਾਪੇ ਅਤੇ ਭਰਾ ਮੈਨੂੰ ਧਮਕੀਆਂ ਦੇਣ ਲੱਗ ਪਏ।

ਬੀਤੀ 20 ਜੁਲਾਈ ਨੂੰ ਜਦੋਂ ਆਪਣੀ ਪਤਨੀ ਨੂੰ ਨਾਲ ਲੈ ਕੇ ਆਪਣੀ ਮਾਸੀ ਕੋਲ ਪਿੰਡ ਸਾਫੂਵਾਲਾ ਗਿਆ ਤਾਂ ਉਥੇ ਮੇਰਾ ਸਾਲਾ ਮਨਦੀਪ ਸਿੰਘ, ਟੋਨੀ ਸ਼ਰਮਾ, ਕੇਵਲ ਸਿੰਘ, ਦੀਪਕ ਸ਼ਰਮਾ ਸਾਰੇ ਨਿਵਾਸੀ ਵਜੀਦਪੁਰ (ਫਿਰੋਜ਼ਪੁਰ), ਜਿਨ੍ਹਾਂ ਨਾਲ 5-6 ਅਣਪਛਾਤੇ ਵਿਅਕਤੀ ਵੀ ਸਨ। ਤਿੰਨ ਗੱਡੀਆਂ ’ਤੇ ਮੇਰੀ ਮਾਸੀ ਦੇ ਘਰ ਆ ਪੁੱਜੇ ਅਤੇ ਰਾਜ਼ੀਨਾਮੇ ਦੀ ਗੱਲ ਕਰਨ ਦੇ ਬਹਾਨੇ ਝਗੜਾ ਕਰਨ ਲੱਗ ਪਏ ਅਤੇ ਇਸ ਦੌਰਾਨ ਮੇਰੀ ਪਤਨੀ ਅਮਨਦੀਪ ਕੌਰ ਨੂੰ ਧੱਕੇ ਨਾਲ ਅਗਵਾ ਕਰ ਕੇ ਲੈ ਗਏ, ਜਿਸ ’ਤੇ ਅਸੀਂ ਰੌਲਾ ਪਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ। 

ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਥਾਣਾ ਸਦਰ ਮੋਗਾ ਦੇ ਮੁੱਖ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੁਖਪ੍ਰੀਤ ਸਿੰਘ ਦੇ ਬਿਆਨਾਂ ’ਤੇ ਉਸ ਦੇ ਸਾਲੇ ਮਨਦੀਪ ਸਿੰਘ ਅਤੇ ਦੂਜੇ ਕਥਿਤ ਮੁਲਜ਼ਮਾਂ ਖ਼ਿਲਾਫ ਅਗਵਾ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਕਥਿਤ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਉਨ੍ਹਾਂ ਦੇ ਲੁਕਣ ਵਾਲੇ ਸ਼ੱਕੀ ਠਿਕਾਣਿਆਂ ’ਤੇ ਛਾਪਾਮਾਰੀ ਕਰ ਰਹੇ ਹਨ, ਜਿਨ੍ਹਾਂ ਦੇ ਜਲਦ ਕਾਬੂ ਆ ਜਾਣ ਦੀ ਸੰਭਾਵਨਾ ਹੈ।


author

Gurminder Singh

Content Editor

Related News