ਦੇਸ਼ ’ਚ ਪੈਦਾ ਹੋਏ ਨਫ਼ਰਤ ਦੇ ਬਾਜ਼ਾਰ ’ਚ ਪਿਆਰ ਦੀ ਦੁਕਾਨ ਖੋਲ੍ਹਣ ਨਿਕਲਿਆ ਹਾਂ : ਰਾਹੁਲ ਗਾਂਧੀ

01/17/2023 2:25:30 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼, ਜਸਵਿੰਦਰ)-ਜਲੰਧਰ ਜ਼ਿਲ੍ਹੇ ਤੋਂ ਹੁੰਦੀ ਹੋਈ ‘ਭਾਰਤ ਜੋੜੋ ਯਾਤਰਾ’ ਦਾ ਟਾਂਡਾ ਪਹੁੰਚਣ ’ਤੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਤੇ ਮਾਝਾ ਆਗੂਆਂ ਦੀ ਅਗਵਾਈ ’ਚ ਭਰਵਾਂ ਸਵਾਗਤ ਕੀਤਾ ਗਿਆ। ਚੌਲਾਂਗ ਤੋਂ ਦਾਰਾਪੁਰ ਬਾਈਪਾਸ ਤੱਕ ਦੀ ਯਾਤਰਾ ਦੌਰਾਨ ਉੜਮੁੜ ਵਿਧਾਨ ਸਭਾ ਹਲਕਾ ਅਤੇ ਮਾਝੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਰਕਰਾਂ ਤੇ ਲੋਕਾਂ ਦੇ ਨਾਲ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਇੰਦਰਵੀਰ ਸਿੰਘ ਬੁਲਾਰੀਆ, ਰਮਨਜੀਤ ਸਿੰਘ ਸਿੱਕੀ, ਓ. ਪੀ. ਸੋਨੀ, ਸੁਖਪਾਲ ਸਿੰਘ ਭੁੱਲਰ, ਸੁਖਵਿੰਦਰ ਸਿੰਘ ਡੈਨੀ ਦੀ ਅਗਵਾਈ ਵਿਚ ਰਾਹੁਲ ਗਾਂਧੀ ਦਾ ਵੱਖ-ਵੱਖ ਥਾਵਾਂ ’ਤੇ ਸਵਾਗਤ ਕੀਤਾ ਗਿਆ। ਆਖਰੀ ਸਟਾਪ ਦਾਰਾਪੁਰ ਬਾਈਪਾਸ ’ਤੇ ਸੀ, ਜਿਥੇ ਰਾਹੁਲ ਗਾਂਧੀ ਨੇ ਜਨਸਭਾ ਨੂੰ ਸੰਬੋਧਨ ਕੀਤਾ।

ਇਹ ਖ਼ਬਰ ਵੀ ਪੜ੍ਹੋ : ਵਰਕਸ਼ਾਪ ’ਚ ਲਿਖਿਆ ਖ਼ਾਲਿਸਤਾਨ ਦਾ ਨਾਅਰਾ, ਮਾਲਕ ਖ਼ਿਲਾਫ਼ ਮਾਮਲਾ ਦਰਜ

ਇਸ ਮੌਕੇ ਕਾਂਗਰਸੀ ਆਗੂ ਕੇ. ਸੀ. ਵੇਣੂ ਗੋਪਾਲ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਇੰਡੀਅਨ ਓਵਰਸੀਜ਼ ਕਾਂਗਰਸ ਅਮਰੀਕਾ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜੀਆਂ ਹਾਜ਼ਰ ਸਨ। ਇਸ ਦੌਰਾਨ ਰਾਹੁਲ ਨੇ ਕਿਹਾ ਕਿ ਉਹ ਦੇਸ਼ ’ਚ ਪੈਦਾ ਹੋਏ ਨਫ਼ਰਤ ਦੇ ਬਾਜ਼ਾਰ ’ਚ ਪਿਆਰ ਦੀ ਦੁਕਾਨ ਖੋਲ੍ਹਣ ਲਈ ਨਿਕਲੇ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਵੀ ਇਹੀ ਫਲਸਫ਼ਾ ਦੇ ਕੇ ਨਫ਼ਰਤ ਅਤੇ ਬੇਇਨਸਾਫੀ ਵਿਰੁੱਧ ਲੜਨ ਦਾ ਉਪਦੇਸ਼ ਦਿੱਤਾ ਹੈ ਅਤੇ ਇਸੇ ਫਲਸਫੇ ’ਤੇ ਚੱਲਦਿਆਂ ਦੇਸ਼ ਦੇ ਲੱਖਾਂ ਲੋਕਾਂ ਦੀ ਸ਼ਕਤੀ ਨਾਲ ਉਹ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਆਏ ਹਨ। ਰਾਹੁਲ ਨੇ ਕਿਹਾ ਕਿ ਦੇਸ਼ ’ਚ ਡਰ ਅਤੇ ਨਫ਼ਰਤ ਫੈਲਾਉਣ ਦੇ ਨਾਲ-ਨਾਲ ਭਰਾ ਨੂੰ ਭਰਾ ਨਾਲ ਲੜਾਇਆ ਜਾ ਰਿਹਾ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ : ‘ਹੁਣ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਬੱਚਿਆਂ ਦੇ ਮਾਪਿਆਂ ਖ਼ਿਲਾਫ਼ ਵੀ ਦਰਜ ਹੋਵੇਗਾ ਪਰਚਾ’

ਇਨ੍ਹਾਂ ਹਾਲਾਤ ’ਚ ਲੱਖਾਂ ਲੋਕ ਸਦਭਾਵਨਾ ਦਾ ਸੰਦੇਸ਼ ਦੇਣ ਲਈ ਤਪੱਸਿਆ ਦੀ ਭਾਵਨਾ ਨਾਲ ਬਾਹਰ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਵੱਧ ਸੰਨਿਆਸੀ ਵਿਦਿਆਰਥੀ, ਕਿਸਾਨ, ਮਜ਼ਦੂਰ, ਛੋਟੇ ਕਾਰੋਬਾਰੀ, ਨੌਜਵਾਨ ਹਨ, ਜਿਨ੍ਹਾਂ ਦੀ ਮਿਹਨਤ ਦਾ ਫ਼ਲ ਮਿਲਣ ਦੀ ਬਜਾਏ ਚੋਰੀ ਹੋ ਰਿਹਾ ਹੈ ਅਤੇ ਜੋ ਤਪੱਸਿਆ ਨਹੀਂ ਕਰ ਰਿਹਾ, ਉਹ ਫ਼ਲ ਪਾ ਰਿਹਾ ਹੈ। ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਹੋਇਆ, ਅਰਬਪਤੀਆਂ ਦਾ  ਲੱਖਾਂ ਕਰੋੜਾਂ ਦਾ ਕਰਜ਼ਾ ਚੁਟਕੀ ’ਚ ਮੁਆਫ਼ ਕਰ ਦਿੱਤਾ ਗਿਆ ਹੈ। ਕਿਸਾਨ ਅੰਦੋਲਨ ਦਾ ਜ਼ਿਕਰ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਦੇਸ਼ ’ਚ ਸੰਨਿਆਸੀਆਂ ’ਤੇ ਹਮਲੇ ਹੋ ਰਹੇ ਹਨ, ਕਿਸਾਨਾਂ ਨੇ ਖੇਤੀ ਕਾਨੂੰਨਾਂ ਵਿਰੁੱਧ ਆਪਣੇ ਪਸੀਨੇ ਅਤੇ ਖੂਨ ਦਾ ਫ਼ਲ ਮੰਗਣ ਲਈ ਇਕ ਸਾਲ ਤਪੱਸਿਆ ਕੀਤੀ ਅਤੇ 700 ਦੇ ਤਕਰੀਬਨ ਕਿਸਾਨ ਸ਼ਹੀਦ ਹੋਏ। ਜਦੋਂ ਉਨ੍ਹਾਂ ਨੇ ਇਨ੍ਹਾਂ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਾਰਲੀਮੈਂਟ ’ਚ ਆਵਾਜ਼ ਬੁਲੰਦ ਕੀਤੀ ਤਾਂ ਭਾਜਪਾ ਸਰਕਾਰ ਨੇ ਉਨ੍ਹਾਂ ਨੂੰ ਸ਼ਹੀਦ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਪੀ. ਐੱਮ. ਨੇ ਇਕ ਸਾਲ ਬਾਅਦ ਕਿਹਾ ਕਿ ਉਨ੍ਹਾਂ ਨੇ ਇਕ ਗ਼ਲਤੀ ਕੀਤੀ ਹੈ। ਰਾਹੁਲ ਨੇ ਕਿਹਾ ਕਿ ਜੇਕਰ ਮਨਮੋਹਨ ਸਿੰਘ ਪੀ. ਐੱਮ. ਹੁੰਦੇ ਤਾਂ ਉਹ ਉੱਥੇ ਖ਼ੁਦ ਕਿਸਾਨਾਂ ਵਿਚ ਜਾ ਕੇ ਉਨ੍ਹਾਂ ਦੀ ਗੱਲ ਸੁਣਦੇ ।

ਇਹ ਖ਼ਬਰ ਵੀ ਪੜ੍ਹੋ : ਸਰਦੀ ਦੀਆਂ ਛੁੱਟੀਆਂ ਦੌਰਾਨ ਸ਼ੁਰੂ ਕੀਤੀ ਆਨਲਾਈਨ ਪੜ੍ਹਾਈ ਨੂੰ ਲੈ ਕੇ ਸਿੱਖਿਆ ਮੰਤਰੀ ਬੈਂਸ ਦਾ ਅਹਿਮ ਬਿਆਨ

ਦੇਸ਼ ਨੂੰ ਮਹਿੰਗਾਈ, ਬੇਰੁਜ਼ਗਾਰੀ, ਤਿੰਨ ਕਾਲੇ ਖੇਤੀ ਕਾਨੂੰਨ, ਗ਼ਲਤ ਜੀ. ਐੱਸ. ਟੀ. ਅਤੇ ਕੋਵਿਡ ਦੇ ਦੌਰ ’ਚ ਮੁਸੀਬਤ ਦੇਣ ਵਾਲੀ ਸਰਕਾਰ ਦੇ ਖ਼ਿਲਾਫ਼ ਉਨ੍ਹਾਂ ਦਾ ਸੰਘਰਸ਼ ਹੈ ਅਤੇ ਯਾਤਰਾ ਦਾ ਸੰਦੇਸ਼ ਹੈ ਕਿ ਦੇਸ਼ ਦੇ ਸੰਨਿਆਸੀਆਂ ਨੂੰ ਉਨ੍ਹਾਂ ਦੀ ਮਿਹਨਤ ਦਾ ਫ਼ਲ ਮਿਲਣਾ ਚਾਹੀਦਾ ਹੈ। ਇਸ ਮੌਕੇ ਰਾਹੁਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਦਾ ਇਤਿਹਾਸ ਹੈ ਕਿ ਇਸ ਨੂੰ ਬਾਹਰੋਂ ਨਹੀਂ ਚਲਾਇਆ ਜਾ ਸਕਦਾ ਪਰ ਇਸ ਦੇ ਉਲਟ ਕੇਜਰੀਵਾਲ ਦਿੱਲੀ ਤੋਂ ਰਿਮੋਟ ਨਾਲ ਭਗਵੰਤ ਮਾਨ ਦੀ ਸਰਕਾਰ ਚਲਾ ਰਹੇ ਹਨ। ਭਾਸ਼ਣ ਤੋਂ ਬਾਅਦ ਰਾਹੁਲ ਗੱਡੀ ’ਚ ਸਵਾਰ ਹੋ ਕੇ ਖੁੱਡਾ ਵਿਖੇ ਯਾਤਰਾ ਦੇ ਠਹਿਰਾਅ ਲਈ ਬਣੇ ਪੜਾਅ ਲਈ ਰਵਾਨਾ ਹੋ ਗਏ, ਜਿੱਥੇ ਰਾਤ ਦੇ ਵਿਸ਼ਰਾਮ ਤੋਂ ਬਾਅਦ ਸਵੇਰੇ 7 ਵਜੇ ਯਾਤਰਾ ਦਸੂਹਾ ਲਈ ਰਵਾਨਾ ਹੋਵੇਗੀ। ਇਸ ਮੌਕੇ ਰਾਸ਼ਟਰੀ ਕਾਂਗਰਸ ਦੇ ਆਗੂ ਜੈ ਰਾਮ ਰਮੇਸ਼, ਕਨ੍ਹਈਆ ਕੁਮਾਰ, ਯੋਗਿੰਦਰ ਯਾਦਵ, ਵਿਰੋਧੀ ਧਿਰ ਦੇ ਉਪ ਨੇਤਾ ਡਾ. ਰਾਜ ਕੁਮਾਰ ਚੱਬੇਵਾਲ, ਬਰਿੰਦਰ ਢਿੱਲੋਂ, ਪਵਨ ਆਦੀਆ, ਦਲਜੀਤ ਸਿੰਘ ਗਿਲਜੀਆਂ, ਯਾਮਿਨੀ ਗੋਮਰ, ਮਹਿੰਦਰ ਸਿੰਘ ਗਿਲਜੀਆਂ ਤੇ ਹੋਰ ਆਗੂ ਹਾਜ਼ਰ ਸਨ।
 


Manoj

Content Editor

Related News