ਵਧਾਈਆਂ ਜੀ ਵਧਾਈਆਂ! ਤੁਹਾਡੀ 25 ਲੱਖ ਰੁਪਏ ਦੀ ਲਾਟਰੀ ਨਿਕਲੀ
Friday, Mar 08, 2019 - 06:39 PM (IST)
ਮਾਛੀਵਾੜਾ ਸਾਹਿਬ (ਟੱਕਰ) : ਕੌਣ ਬਣੇਗਾ ਮਹਾਂਕਰੋੜਪਤੀ ਦੇ ਨਾਮ 'ਤੇ ਲੱਕੀ ਡਰਾਅ ਰਾਹੀਂ ਲੱਖਾਂ ਰੁਪਏ ਜਿੱਤਣ ਦਾ ਦਾਅਵਾ ਕਰਕੇ ਸਰਗਰਮ ਠੱਗ ਗਿਰੋਹ ਰੋਜ਼ਾਨਾ ਹੀ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਠੱਗ ਰਿਹਾ ਹੈ। ਇਸ ਦੇ ਉਲਟ ਪੁਲਸ ਤੇ ਪ੍ਰਸ਼ਾਸਨ ਇਨ੍ਹਾਂ ਨੂੰ ਦਬੋਚਣ 'ਚ ਨਾਕਾਮ ਸਾਬਤ ਹੋ ਰਿਹਾ ਹੈ ਜਿਸ ਕਾਰਨ ਠੱਗਾਂ ਦਾ ਇਹ ਗੋਰਖਧੰਦਾ ਵੱਧਦਾ ਜਾ ਰਿਹਾ ਹੈਸ਼ ਹੁਣ ਇਹ ਠੱਗ ਗਿਰੋਹ ਵਲੋਂ ਪੰਜਾਬ ਦੇ ਪੇਂਡੂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਤੇ ਫੋਨ ਕਰ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਵਧਾਈਆਂ ਜੀ ਵਧਾਈਆਂ ਤੁਹਾਡਾ ਮੋਬਾਇਲ ਨੰਬਰ ਲੱਕੀ ਡਰਾਅ ਵਿਚ ਸ਼ਾਮਿਲ ਹੋਇਆ ਜਿਸ ਤਹਿਤ ਤੁਹਾਨੂੰ 25 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। 25 ਲੱਖ ਰੁਪਏ ਦੀ ਲਾਟਰੀ ਨਿਕਲਣ 'ਤੇ ਸਾਰਾ ਪਰਿਵਾਰ ਫੁੱਲਿਆ ਨਹੀਂ ਸਮਾਉਂਦਾ ਕਿ ਉਹ ਘਰ ਬੈਠੇ ਹੀ ਲੱਖਪਤੀ ਬਣ ਗਏ ਅਤੇ ਫਿਰ ਉਨ੍ਹਾਂ ਨੂੰ ਲਾਟਰੀ ਦੀ ਰਾਸ਼ੀ ਲੈਣ ਲਈ ਇਕ ਬੈਂਕ ਦਾ ਖਾਤਾ ਨੰਬਰ ਦਿੱਤਾ ਜਾਂਦਾ ਹੈ ਜਿਸ ਵਿਚ 20 ਤੋਂ 40 ਹਜ਼ਾਰ ਰੁਪਏ ਜਮ੍ਹਾ ਕਰਵਾਉਣ 'ਤੇ ਇਹ 25 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਜਾਂਦਾ ਹੈ।
ਹੋਰ ਤਾਂ ਹੋਰ ਇਹ ਠੱਗ ਗਿਰੋਹ ਇੰਨਾ ਸ਼ਾਤਿਰ ਹੈ ਕਿ ਲਾਟਰੀ ਨਿਕਲਣ ਵਾਲੇ ਨੂੰ ਨੋਟਾਂ ਦੇ ਭਰੇ ਬੈਗਾਂ, ਅਲਮਾਰੀਆਂ ਦੀ ਵੀਡਿਓ ਭੇਜ ਕੇ ਉਕਸਾਉਂਦਾ ਹੈ ਕਿ ਉਹ ਜਲਦ ਤੋਂ ਜਲਦ ਬੈਂਕ ਵਿਚ ਰਾਸ਼ੀ ਜਮ੍ਹਾਂ ਕਰਵਾਉਣ ਤਾਂ ਜੋ ਉਨ੍ਹਾਂ ਦੇ ਖਾਤੇ ਵਿਚ ਲੱਖਾਂ ਰੁਪਏ ਆ ਸਕਣ। ਲਾਟਰੀ ਨਿਕਲਣ ਵਾਲੇ ਨੂੰ ਵਿਸ਼ਵਾਸ ਦਿਵਾਉਣ ਲਈ ਇਹ ਠੱਗ ਗਿਰੋਹ ਉਸਦੀ ਫੋਟੋ ਮੰਗਵਾ ਕੇ ਇਕ ਸਰਟੀਫਿਕੇਟ ਵੀ ਜਾਰੀ ਕਰ ਦਿੰਦਾ ਹੈ ਜਿਸ ਵਿਚ ਉਹ 25 ਲੱਖ ਰੁਪਏ ਦੇ ਇਨਾਮ ਦਾ ਹੱਕਦਾਰ ਦਰਸਾਇਆ ਜਾਂਦਾ ਹੈ।
ਇਹ ਠੱਗ ਗਿਰੋਹ ਲਾਟਰੀ ਵਾਲਿਆਂ ਨੂੰ ਆਪਣੇ ਹੋਰ ਵਿਸ਼ਵਾਸ ਵਿਚ ਲੈਣ ਲਈ ਆਪਣਾ ਜਾਅਲੀ ਆਧਾਰ ਕਾਰਡ ਵੀ ਭੇਜ ਦਿੰਦੇ ਹਨ ਪਰ ਫੋਨ ਦੀ ਲੋਕੇਸ਼ਨ ਦੀ ਪਹਿਚਾਣ ਨਾ ਹੋਵੇ ਇਸ ਲਈ ਉਹ ਕੇਵਲ ਵੱਟਸਐਪ ਰਾਹੀਂ ਹੀ ਗੱਲਬਾਤ ਕਰਦੇ ਹਨ। ਜੇਕਰ ਫਿਰ ਵੀ ਲਾਟਰੀ ਵਿਕ੍ਰੇਤਾ ਨੂੰ ਇਨ੍ਹਾਂ 'ਤੇ ਵਿਸ਼ਵਾਸ ਨਾ ਹੋਵੇ ਤਾਂ ਉਹ ਤੁਰੰਤ ਲਾਟਰੀ ਨਿਕਲਣ ਵਾਲੇ ਦੇ ਨਾਮ 'ਤੇ 25 ਲੱਖ ਰੁਪਏ ਦਾ ਚੈੱਕ ਬਣਾ ਅਤੇ ਬੈਂਕ ਵਿਚ ਜਮ੍ਹਾਂ ਕਰਵਾਈ ਰਾਸ਼ੀ ਦੀ ਰਸੀਦ ਵੀ ਭੇਜ ਦਿੰਦੇ ਹਨ ਤਾਂ ਜੋ ਵਿਅਕਤੀ ਨੂੰ ਇਹ ਵਿਸ਼ਵਾਸ ਹੋ ਜਾਵੇ ਕਿ ਉਸਦਾ ਲੱਖਾਂ ਰੁਪਏ ਦਾ ਚੈੱਕ ਜਾਰੀ ਹੋਣ ਵਾਲਾ ਹੈ। ਭੋਲੇ-ਭਾਲੇ ਲੋਕ ਠੱਗਾਂ ਦੇ ਬਹਿਕਾਵੇ ਵਿਚ ਜਦੋਂ ਹਜ਼ਾਰਾਂ ਦੀ ਰਾਸ਼ੀ ਜਮ੍ਹਾਂ ਕਰਵਾ ਦਿੰਦੇ ਹਨ ਤਾਂ ਉਸ ਤੋਂ ਬਾਅਦ ਠੱਗ ਗਿਰੋਹ ਮੋਬਾਇਲ 'ਤੇ ਗੱਲ ਕਰਨਾ ਹੀ ਬੰਦ ਕਰ ਦਿੰਦੇ ਹਨ। ਬੇਸ਼ੱਕ ਅਜਿਹੀ ਠੱਗੀ ਦੀਆਂ ਘਟਨਾਵਾਂ ਪਹਿਲਾਂ ਵੀ ਕੁੱਝ ਲੋਕਾਂ ਨਾਲ ਵਾਪਰ ਚੁੱਕੀਆਂ ਹਨ ਪਰ ਬਾਅਦ 'ਚ ਕੁੱਝ ਲੋਕ ਸ਼ਰਮ ਦੇ ਮਾਰੇ ਆਪਣੇ ਨਾਲ ਹੋਈ ਠੱਗੀ ਬਾਰੇ ਕਿਸੇ ਨੂੰ ਦੱਸਦੇ ਨਹੀਂ ਅਤੇ ਜੇਕਰ ਕੋਈ ਵਿਅਕਤੀ ਪੁਲਸ ਕੋਲ ਸ਼ਿਕਾਇਤ ਕਰਵਾਉਣ ਲਈ ਜਾਂਦਾ ਹੈ ਤਾਂ ਇਹ ਸ਼ਾਤਿਰ ਠੱਗ ਉਨ੍ਹਾਂ ਦੀ ਪਹੁੰਚ ਤੋਂ ਕਿਤੇ ਦੂਰ ਹੁੰਦੇ ਹਨ।