ਲੋਪੋਕੇ ਪੁਲਸ ਵੱਲੋਂ ਲੱਖਾਂ ਦੀ ਡਰੱਗ ਮਨੀ ਤੇ ਪਿਸਤੌਲ ਸਮੇਤ 4 ਤਸਕਰ ਕਾਬੂ
Wednesday, Feb 24, 2021 - 09:15 PM (IST)
ਲੋਪੋਕੇ, (ਸਤਨਾਮ)- ਅੱਜ ਪੁਲਸ ਥਾਣਾ ਲੋਪੋਕੇ ਅਧੀਨ ਪੈਂਦੇ ਸਰਹੱਦੀ ਪਿੰਡ ਨੱਥੂਪੁਰ ’ਚ ਐੱਸ. ਐੱਸ. ਪੀ. ਦਿਹਾਤੀ ਧਰੁਵ ਦਹੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡੀ. ਐੱਸ. ਪੀ. ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ, ਅਭੀਮੰਨਿਊ ਰਾਣਾ ਏ. ਐੱਸ. ਪੀ. ਮਜੀਠਾ/ਜੰਡਿਆਲਾ ਗੁਰੂ ਗੁਰਿੰਦਰਪਾਲ ਸਿੰਘ ਡੀ. ਐੱਸ. ਪੀ. (ਡੀ.) ਦੀ ਅਗਵਾਈ ਹੇਠ ਥਾਣਾ ਲੋਪੋਕੇ ਦੇ ਐੱਸ. ਐੱਚ. ਓ. ਹਰਪਾਲ ਸਿੰਘ ਸੋਹੀ ਵੱਲੋਂ ਗੁਪਤ ਸੂਚਨਾ ਦੇ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ 29.32 ਲੱਖ ਰੁਪਏ ਦੀ ਭਾਰਤੀ ਕਰੰਸੀ, ਇਕ ਚਾਈਨਾ ਮੇਡ ਪਿਸਟਲ 30 ਬੋਰ, ਦੋ ਮੈਗਜ਼ੀਨ, 25 ਜ਼ਿੰਦਾ ਕਾਰਤੂਸ, 12 ਮੋਬਾਇਲ ਫੋਨ ਅਤੇ 2 ਵਿਦੇਸ਼ੀ ਸਿਮਾਂ ਸਮੇਤ 4 ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਦਿਹਾਤੀ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਸਰਹੱਦੀ ਪਿੰਡ ਨੱਥੂਪੁਰ ਦੇ ਜਰਨੈਲ ਸਿੰਘ ਪੁੱਤਰ ਬਲਕਾਰ ਸਿੰਘ, ਗੁਰਜੰਟ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਨੱਥੂਪੁਰ, ਸੁਖਜਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਖਿਆਲਾ, ਮਹਿਲ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਲੋਧੀਗੁੱਜਰ ਅਤੇ ਟਹਿਲ ਸਿੰਘ ਪੁੱਤਰ ਕੁੰਦਣ ਸਿੰਘ ਵਾਸੀ ਲੋਧੀਗੁੱਜਰ ਨਸ਼ੇ ਵਾਲੇ ਪਦਾਰਥਾਂ ਦਾ ਧੰਦਾ ਕਰਨ ਦਾ ਗੈਂਗ ਬਣਾਇਆ ਹੋਇਆ ਹੈ। ਇਨ੍ਹਾਂ ਦੇ ਪਾਕਿਸਤਾਨ ਦੇ ਸਮੱਗਲਰਾਂ ਨਾਲ ਸਬੰਧ ਹਨ, ਇਹ ਸਾਰੇ ਰਲ ਕੇ ਪਾਕਿਸਤਾਨ ਦੇ ਸਮੱਗਲਰਾਂ ਤੋਂ ਹੈਰੋਇਨ ਅਤੇ ਨਾਜਾਇਜ਼ ਅਸਲਾ ਐਮੂਨੀਸ਼ਨ ਹਿੰਦ/ਪਾਕਿ ਬਾਰਡਰ ਉੱਪਰ ਲੱਗੀ ਤਾਰ ਉਪਰੋਂ ਸੁੱਟਵਾਉਂਦੇ ਹਨ ਅਤੇ ਕੁਝ ਦਿਨ ਪਹਿਲਾਂ ਵੀ ਇਨ੍ਹਾਂ ਵੱਲੋਂ 6 ਕਿਲੋ ਹੈਰੋਇਨ ਪਾਕਿਸਤਾਨ ਤੋਂ ਭਾਰਤ ਦੀ ਹੱਦ ’ਚ ਸੁੱਟਵਾਈ ਗਈ ਸੀ, ਜੋ ਬੀ. ਐੱਸ. ਐੱਫ. ਕੱਕੜ ਪੋਸਟ ਵੱਲੋਂ ਫੜ ਲਈ ਗਈ ਸੀ। ਇਹ ਭਾਰਤ ਦੇ ਵੱਖ-ਵੱਖ ਸੂਬਿਆਂ ਹੈਰੋਇਨ ਅਤੇ ਅਸਲੇ ਐਮੂਨੀਸ਼ਨ ਸਪਲਾਈ ਕਰਦੇ ਸਨ ਅਤੇ ਉਸ ਦੀ ਕਮਾਈ ਆਪਸ ’ਚ ਵੰਡਦੇ ਸਨ। ਅੱਜ ਇਹ ਨੱਥੂਪੁਰ ਡਰੇਨ ’ਤੇ ਜਰਨੈਲ ਸਿੰਘ ਦੇ ਘਰ ਨਜ਼ਦੀਕ ਉਕਤ ਵਿਅਕਤੀ ਇਕੱਠੇ ਹੋਏ ਸਨ ਅਤੇ ਇਨ੍ਹਾਂ ਨੇ ਹੈਰੋਇਨ ਦੀ ਖੇਪ ਹਿੰਦ/ਪਾਕਿ ਬਾਰਡਰ ਉੱਪਰੋਂ ਚੁੱਕਣੀ ਸੀ ਪਰ ਲੋਪੋਕੇ ਪੁਲਸ ਵੱਲੋਂ ਰੇਡ ਕਰ ਕੇ ਉਕਤ ਚਾਰੇ ਸਮੱਗਲਰਾਂ ਨੂੰ ਕਾਬੂ ਕਰ ਲਿਆ ਅਤੇ ਜਰਨੈਲ ਸਿੰਘ ਫਰਾਰ ਹੋ ਗਿਆ।
ਉਨ੍ਹਾਂ ਦੇ ਘਰ ਕੀਤੀ ਛਾਪੇਮਾਰੀ ਦੌਰਾਨ 29 ਲੱਖ 32 ਹਜ਼ਾਰ 220 ਰੁਪਏ ਦੀ ਕਰੰਸੀ, ਇਕ ਮੇਡ ਇਨ ਚਾਈਨਾ ਪਿਸਟਲ 30 ਬੋਰ, 2 ਮੈਗਜ਼ੀਨ, 25 ਜ਼ਿੰਦਾ ਕਾਰਤੂਸ, 12 ਮੋਬਾਇਲ ਫੋਨ ਅਤੇ 2 ਵਿਦੇਸ਼ੀ ਸਿਮਾਂ ਫੜੀਆਂ ਗਈਆਂ। ਫੜੇ ਗਏ ਸਮੱਗਲਰਾ ਵਿਰੁੱਧ ਮੁਕੱਮਦਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫੜੇ ਗਏ ਉਕਤ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਅਤੇ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।