ਰੰਜਿਸ਼ ਕਾਰਣ 2 ਧਿਰਾਂ ''ਚ ਤਕਰਾਰ, 2 ਜ਼ਖਮੀ

Monday, Mar 09, 2020 - 02:56 PM (IST)

ਰੰਜਿਸ਼ ਕਾਰਣ 2 ਧਿਰਾਂ ''ਚ ਤਕਰਾਰ, 2 ਜ਼ਖਮੀ

ਲੋਪੋਕੇ (ਸਤਨਾਮ) : ਪੁਲਸ ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਰਣੀਕੇ ਵਿਖੇ 2 ਧਿਰਾਂ ਵਿਚਾਲੇ ਪੁਰਾਣੀ ਰੰਜਿਸ਼ ਕਾਰਣ ਹੋਈ ਤਕਰਾਰ 'ਚ ਦੋਵਾਂ ਧਿਰਾਂ ਦਾ ਇਕ-ਇਕ ਵਿਅਕਤੀ ਜ਼ਖਮੀ ਹੋ ਗਿਆ। ਇਸ ਸਬੰਧੀ ਲੋਪੋਕੇ ਹਸਪਤਾਲ 'ਚ ਜ਼ੇਰੇ ਇਲਾਜ ਗੁਰਲਾਲ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਰਣੀਕੇ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਜਦੋਂ ਮੈਂ ਅੰਮ੍ਰਿਤਸਰ ਤੋਂ ਵਾਪਸ ਪਿੰਡ ਆ ਰਿਹਾ ਸੀ ਤੇ ਰਣੀਕੇ ਤੋਂ ਥੋੜ੍ਹਾ ਪਿੱਛੇ ਬਲੈਰੋ ਅਤੇ ਇਕ ਹੋਰ ਗੱਡੀ 'ਚ ਸਵਾਰ ਜਸਕਰਨ ਸਿੰਘ, ਜੱਸਾ ਸਿੰਘ, ਪ੍ਰਿਤਪਾਲ ਸਿੰਘ, ਰਮਨਦੀਪ ਸਿੰਘ ਤੇ ਕਰਨਬੀਰ ਸਿੰਘ ਨੇ ਮੇਰੀ ਗੱਡੀ ਨੂੰ ਟੱਕਰ ਮਾਰ ਕੇ ਰੋਕ ਲਿਆ ਤੇ ਗੱਡੀ 'ਚ ਰੱਖੇ ਤੇਜ਼-ਤਰਾਰ ਹਥਿਆਰਾਂ ਨਾਲ ਲੈਸ ਹੋ ਕੇ ਮੇਰੇ 'ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਮੈਂ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਬਾਅਦ 'ਚ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਲੋਪੋਕੇ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਇਸ ਸਬੰਧੀ ਪੁਲਸ ਥਾਣਾ ਘਰਿੰਡਾ ਵਿਖੇ ਲਿਖਤੀ ਦਰਖਾਸਤ ਵੀ ਦਿੱਤੀ ਗਈ ਹੈ।

ਦੂਜੇ ਪਾਸੇ ਵਿਰੋਧੀ ਧਿਰ ਦੇ ਜਸਕਰਨ ਸਿੰਘ ਜੋ ਕਿ ਗੁਰੂ ਨਾਨਕ ਹਸਪਤਾਲ 'ਚ ਜ਼ੇਰੇ ਇਲਾਜ ਹੈ, ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਮੈਂ ਆਪਣੇ ਬੱਚੇ ਸਕੂਲ ਛੱਡ ਕੇ ਵਾਪਸ ਆ ਰਿਹਾ ਸੀ, ਗੁਰਲਾਲ ਸਿੰਘ ਨੇ ਜਾਣਬੁੱਝ ਕੇ ਟੱਕਰ ਮਾਰ ਕੇ ਮੇਰੀ ਗੱਡੀ ਰੋਕ ਕੇ ਮੇਰੇ 'ਤੇ ਹਮਲਾ ਕੀਤਾ। ਇਸ ਦੌਰਾਨ ਮੇਰੀਆਂ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ। ਇਸ ਸਬੰਧੀ ਪੁਲਸ ਥਾਣਾ ਮੁਖੀ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੀਆਂ ਦਰਖਾਸਤਾਂ ਆਈਆਂ ਹਨ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।


author

Baljeet Kaur

Content Editor

Related News