ਪਿਸਤੌਲ ਦੀ ਨੋਕ ''ਤੇ 3 ਰਾਹਗੀਰਾਂ ਨੂੰ ਲੁੱਟਿਆ

12/22/2017 5:42:20 AM

ਬਾਬਾ ਬਕਾਲਾ ਸਾਹਿਬ,   (ਰਾਕੇਸ਼)-   ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਕਸਬਾ ਰਈਆ ਤੋਂ ਵਡਾਲਾ ਨੂੰ ਜਾਣ ਵਾਲੀ ਸੰਪਰਕ ਸੜਕ 'ਤੇ ਸਥਿਤ ਪਿੰਡ ਕਲੇਰ ਘੁਮਾਣ ਨਜ਼ਦੀਕ 2 ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ 'ਤੇ 3 ਵੱਖ-ਵੱਖ ਰਾਹਗੀਰਾਂ ਨੂੰ ਲੁੱਟ ਲਏ ਜਾਣ ਦੀ ਘਟਨਾ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਕਰੀਬ 7:15 ਵਜੇ ਜਦ ਮਹਿਲ ਸਿੰਘ ਵਾਸੀ ਕਲੇਰ ਘੁਮਾਣ ਜੋ ਕਿ ਇਕ ਨਿੱਜੀ ਟਰਾਂਸਪੋਰਟ ਕੰਪਨੀ ਵਿਚ ਤਾਇਨਾਤ ਹੈ, ਜਦ ਆਪਣੀ ਡਿਊਟੀ ਖਤਮ ਕਰ ਕੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਤਾਂ ਉਕਤ ਲੁਟੇਰਿਆਂ ਨੇ ਰਸਤੇ ਵਿਚ ਰੋਕ ਕੇ ਪਿਸਤੌਲ ਦੀ ਨੋਕ 'ਤੇ ਉਸ ਪਾਸੋਂ 15 ਹਜ਼ਾਰ ਰੁਪਏ ਨਕਦ, ਮੋਬਾਇਲ, ਚਾਂਦੀ ਦਾ ਕੜਾ, ਗੁੱਟ ਘੜੀ ਅਤੇ ਨਿੱਜੀ ਦਸਤਾਵੇਜ਼ ਲੁੱਟ ਲਏ। ਮਹਿਲ ਸਿੰਘ ਨੇ ਦੱਸਿਆ ਕਿ ਮੇਰੇ ਵੱਲੋਂ ਨਾਂਹ-ਨੁੱਕਰ ਕਰਨ 'ਤੇ ਲੁਟੇਰਿਆਂ ਨੇ ਪਿਸਤੌਲ ਦਾ ਫਾਇਰ ਕੀਤਾ।
ਇਸੇ ਤਰ੍ਹਾਂ ਦੂਸਰੀ ਘਟਨਾ ਵਿਚ ਰੇਸ਼ਮ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਵਡਾਲਾ ਕਲਾਂ ਆਪਣੇ ਕੰਮ ਤੋਂ ਪਿੰਡ ਪਰਤ ਰਿਹਾ ਸੀ ਕਿ ਉਕਤ ਲੁਟੇਰਿਆਂ ਨੇ ਰੋਕ ਕੇ ਉਸ ਕੋਲੋਂ 1500 ਰੁਪਏ ਨਕਦ ਤੇ ਉਸ ਦਾ ਮੋਬਾਇਲ ਖੋਹ ਲਿਆ। ਇਹ ਵੀ ਪਤਾ ਲੱਗਾ ਹੈ ਕਿ ਲੁਟੇਰਿਆਂ ਨੇ ਇਕ ਹੋਰ ਰਾਹਗੀਰ ਨੂੰ ਵੀ ਲੁੱਟ ਲਿਆ, ਜਿਸ ਸਬੰਧੀ ਪੂਰੇ ਵੇਰਵੇ ਪ੍ਰਾਪਤ ਨਹੀਂ ਹੋ ਸਕੇ, ਜਦਕਿ ਲੁੱਟ ਦਾ ਸ਼ਿਕਾਰ ਹੋਏ ਤਿੰਨਾਂ ਵਿਅਕਤੀਆਂ ਨੇ ਇਸ ਘਟਨਾ ਦੀ ਸੂਚਨਾ ਪੁਲਸ ਥਾਣਾ ਖਿਲਚੀਆਂ ਨੂੰ ਦੇ ਦਿੱਤੀ ਹੈ। ਵਾਰਦਾਤ ਹੋਣ 'ਤੇ ਨਾਲ ਲੱਗਦੇ ਪਿੰਡਾਂ ਤੇ ਅਮਨ ਪਸੰਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸੰਪਰਕ ਸੜਕ 'ਤੇ ਪੁਲਸ ਦੀ ਗਸ਼ਤ ਯਕੀਨੀ ਬਣਾਈ ਜਾਵੇ।


Related News