ਫਾਜ਼ਿਲਕਾ ''ਚ ਲੁਟੇਰੇ ਬਿਨਾਂ ਖ਼ੌਫ਼ ਦੇ ਰਹੇ ਵਾਰਦਾਤਾਂ ਨੂੰ ਅੰਜਾਮ
Saturday, Jun 07, 2025 - 01:24 PM (IST)

ਫਾਜ਼ਿਲਕਾ (ਸੁਖਵਿੰਦਰ ਥਿੰਦ) : ਫਾਜ਼ਿਲਕਾ ਜ਼ਿਲ੍ਹੇ ਅੰਦਰ ਰੋਜ਼ਾਨਾ ਵਾਰਦਾਤਾਂ ਹੋ ਰਹੀਆਂ ਹਨ, ਜਿਸ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਅਬੋਹਰ ਵਿੱਚ ਹੁਣ ਸ਼ੁੱਕਰਵਾਰ ਦੇਰ ਰਾਤ ਇੱਕ ਕਰਿਆਨੇ ਦੇ ਵਪਾਰੀ ਨਾਲ ਲੁੱਟ ਦੀ ਘਟਨਾ ਸਾਹਮਣੇ ਆਈ ਹੈ। 2 ਬਾਈਕ ਸਵਾਰ ਨੌਜਵਾਨਾਂ ਨੇ ਵਪਾਰੀ ਨੂੰ ਰੋਕਿਆ ਅਤੇ ਉਸ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸਦਾ ਮੋਬਾਇਲ ਖੋਹ ਲਿਆ। ਇਸ ਘਟਨਾ ਨੂੰ ਵੇਖਦਿਆਂ ਜਦੋਂ ਲੋਕ ਇਕੱਠੇ ਹੋਏ ਤਾਂ ਲੁਟੇਰੇ ਬਾਈਕ ਛੱਡ ਕੇ ਭੱਜ ਗਏ।
ਜਾਣਕਾਰੀ ਅਨੁਸਾਰ ਦਸਮੇਸ਼ ਨਗਰ ਦਾ ਰਹਿਣ ਵਾਲਾ ਨਰਿੰਦਰ ਕੁਮਾਰ ਢਾਣੀ ਵਿਸ਼ੇਸ਼ਨਾਥ ਸਥਿਤ ਆਪਣੀ ਕਰਿਆਨੇ ਦੀ ਦੁਕਾਨ ਤੋਂ ਘਰ ਵਾਪਸ ਆ ਰਿਹਾ ਸੀ। ਮਿੱਡਾ ਪੈਟਰੋਲ ਪੰਪ ਨੇੜੇ, ਬਾਈਪਾਸ ਤੋਂ ਆ ਰਹੇ 2 ਬਾਈਕ ਸਵਾਰ ਨੌਜਵਾਨਾਂ ਨੇ ਉਸਨੂੰ ਰੋਕਿਆ।
ਲੁਟੇਰਿਆਂ ਨੇ ਨਰਿੰਦਰ ਕੁਮਾਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਉਸਦਾ ਮੋਬਾਇਲ ਖੋਹ ਲਿਆ ਤਾਂ ਨੇੜੇ-ਤੇੜੇ ਖੜ੍ਹੇ ਲੋਕਾਂ ਨੇ ਉਸਨੂੰ ਸੰਭਾਲਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਘਟਨਾ ਦੌਰਾਨ ਉੱਥੋਂ ਲੰਘ ਰਹੇ ਇੱਕ ਕਾਰ ਚਾਲਕ ਕਮਲ ਕੁਮਾਰ ਨੇ ਜ਼ਖਮੀ ਨਰਿੰਦਰ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਇਸ ਸਬੰਧੀ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।