15 ਨੂੰ ਪੰਜਾਬ ਭਰ ਦੇ ਸੇਵਾ ਕੇਂਦਰ ਰਹਿਣਗੇ ਮੁਕੰਮਲ ਬੰਦ

Monday, Sep 07, 2026 - 04:22 PM (IST)

15 ਨੂੰ ਪੰਜਾਬ ਭਰ ਦੇ ਸੇਵਾ ਕੇਂਦਰ ਰਹਿਣਗੇ ਮੁਕੰਮਲ ਬੰਦ

ਤਲਵੰਡੀ ਭਾਈ (ਪਾਲ) : ਪੰਜਾਬ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਨਾ ਹੋਣ ਅਤੇ ਸਰਕਾਰ ਵੱਲੋਂ ਕਥਿਤ ਬੇਰੁਖੀ ਵਰਤਣ ਦੇ ਰੋਸ ਵਜੋਂ 15 ਸਤੰਬਰ ਨੂੰ ਪੰਜਾਬ ਭਰ ਦੇ ਸਾਰੇ ਸੇਵਾ ਕੇਂਦਰ ਮੁਕੰਮਲ ਤੌਰ ’ਤੇ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸੂਬੇ ਦੇ ਸਮੂਹ ਸੇਵਾ ਕੇਂਦਰਾਂ ਦੇ ਮੁਲਾਜ਼ਮ ਫੇਸ-10, ਮੋਹਾਲੀ ਸਥਿਤ ਕਿਰਤ ਵਿਭਾਗ ਦੇ ਦਫਤਰ ਦੇ ਸਾਹਮਣੇ ਇਕੱਠੇ ਹੋ ਕੇ ਸੂਬਾ ਪੱਧਰੀ ਧਰਨਾ ਦੇਣਗੇ। ਯੂਨੀਅਨ ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਸਬੰਧੀ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਨੂੰ ਪਹਿਲਾਂ ਹੀ ਜਾਣੂ ਕਰਵਾਇਆ ਜਾ ਚੁੱਕਾ ਹੈ।

ਇਸ ਸਬੰਧੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਲਿਖਤੀ ਪੱਤਰ ਵੀ ਭੇਜੇ ਗਏ ਹਨ ਪਰ ਹੁਣ ਤੱਕ ਮਸਲਿਆਂ ਦੇ ਹੱਲ ਲਈ ਕੋਈ ਢੁੱਕਵੀਂ ਮੀਟਿੰਗ ਨਹੀਂ ਸੱਦੀ ਗਈ। ਇਸ ਕਾਰਨ ਸੇਵਾ ਕੇਂਦਰ ਮੁਲਾਜ਼ਮਾਂ ’ਚ ਭਾਰੀ ਰੋਸ ਪੈਦਾ ਹੋ ਗਿਆ ਹੈ। ਯੂਨੀਅਨ ਨੇ ਕਿਹਾ ਕਿ 15 ਸਤੰਬਰ ਨੂੰ ਸਾਰੇ ਸੇਵਾ ਕੇਂਦਰਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਰਹੇਗਾ ਅਤੇ ਮੁਲਾਜ਼ਮ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਮੋਹਾਲੀ ਪਹੁੰਚਣਗੇ। ਫੇਸ-10 ਵਿਖੇ ਕਿਰਤ ਵਿਭਾਗ ਦੇ ਦਫਤਰ ਸਾਹਮਣੇ ਦਿੱਤੇ ਜਾਣ ਵਾਲੇ ਧਰਨੇ ਦੌਰਾਨ ਮੁਲਾਜ਼ਮਾਂ ਨਾਲ ਹੋ ਰਹੀ ਕਥਿਤ ਧੱਕੇਸ਼ਾਹੀ ਅਤੇ ਮੰਗਾਂ ਨੂੰ ਅਣਗੌਲਿਆ ਕਰਨ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਇਆ ਜਾਵੇਗਾ। ਆਗੂਆਂ ਨੇ ਕਿਹਾ ਕਿ ਧਰਨੇ ਦੌਰਾਨ ਹੀ ਸੰਘਰਸ਼ ਦੀ ਅਗਲੀ ਰਣਨੀਤੀ ਬਾਰੇ ਫੈਸਲਾ ਲਿਆ ਜਾਵੇਗਾ।

ਜੇਕਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਜਲਦ ਨਿਪਟਾਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਇਸ ਤੋਂ ਵੀ ਤਿੱਖੇ ਸੰਘਰਸ਼ੀ ਕਦਮ ਚੁੱਕੇ ਜਾਣਗੇ। ਯੂਨੀਅਨ ਨੇ ਸਪੱਸ਼ਟ ਕੀਤਾ ਕਿ ਅਗਲੇ ਸੰਘਰਸ਼ ਕਾਰਨ ਪੈਦਾ ਹੋਣ ਵਾਲੀ ਸਥਿਤੀ ਲਈ ਸਰਕਾਰ ਅਤੇ ਸਬੰਧਤ ਵਿਭਾਗ ਜ਼ਿੰਮੇਵਾਰ ਹੋਣਗੇ। ਪੰਜਾਬ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਮਾਝਾ ਅਤੇ ਜਨਰਲ ਸਕੱਤਰ ਗੁਰਸੇਵਕ ਸਿੰਘ ਚਹਿਲ ਨੇ ਸੂਬੇ ਭਰ ਦੇ ਸਮੂਹ ਮੁਲਾਜ਼ਮਾਂ ਨੂੰ 15 ਸਤੰਬਰ ਦੇ ਧਰਨੇ ਵਿਚ ਵੱਡੀ ਗਿਣਤੀ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।


author

Gurminder Singh

Content Editor

Related News