ਬੇਖੌਫ਼ ਬਦਮਾਸ਼ਾਂ ਨੇ ਦਿਨ-ਦਿਹਾੜੇ ਪਿਸਤੌਲ ਦੀ ਨੌਕ ''ਤੇ ਲੁੱਟੀ ਸਪੋਰਟਸ ਬਾਈਕ
Saturday, Oct 10, 2020 - 03:56 PM (IST)
ਲੁਧਿਆਣਾ (ਜ.ਬ.) : ਸਲੇਮ ਟਾਬਰੀ ਦੇ ਨਿਊ ਅਸ਼ੋਕ ਨਗਰ ਇਲਾਕੇ ’ਚ ਇਕ ਜਨਾਨੀ ਦੇ ਨਾਲ ਹੋਈ ਕੁੱਟਮਾਰ ਦੇ ਕੇਸ ਨੂੰ ਸੁਲਝਾਉਣ ’ਚ ਪੁਲਸ ਅਜੇ ਹਨ੍ਹੇਰੇ 'ਚ ਹੀ ਹੱਥ-ਪੈਰ ਮਾਰ ਰਹੀ ਸੀ ਕਿ ਸ਼ੁੱਕਰਵਾਰ ਨੂੰ ਉਹੀ ਬਦਮਾਸ਼ ਰੇਲਵੇ ਲਾਈਨ ਦੇ ਕੋਲ ਮਹਾਵੀਰ ਐਨਕਲੇਵ ’ਚ ਗੰਨ ਪੁਆਇੰਟ ’ਤੇ ਇਕ ਕਾਲੋਨਾਈਜ਼ਰ ਦੇ ਵਰਕਰ ਤੋਂ ਉਸ ਦੀ ਸਪੋਰਟਸ ਬਾਈਕ ਲੁੱਟ ਕੇ ਲੈ ਗਏ। ਉਧਰ, ਦਿਨ-ਦਿਹਾੜੇ ਹੋਈ ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਸ ਮਹਿਕਮੇ 'ਚ ਹਫੜਾ-ਦਫੜੀ ਮਚ ਗਈ।
ਹਫੜਾ-ਦਫੜੀ 'ਚ ਐਡੀਸ਼ਨਲ ਡਿਪਟੀ ਕਮਿਸ਼ਨਰ ਆਫ ਪੁਲਸ ਦੀਪਕ ਪਾਰਿਕ, ਅਸਿਸਟੈਂਟ ਪੁਲਸ ਕਮਿਸ਼ਨਰ ਗੁਰਬਿੰਦਰ ਸਿੰਘ, ਥਾਣਾ ਸਲੇਮ ਟਾਬਰੀ ਇੰਸ. ਗੋਪਾਲ ਕ੍ਰਿਸ਼ਨ ਭਾਰੀ ਪੁਲਸ ਫੋਰਸ ਦੇ ਨਾਲ ਘਟਨਾ ਸਥਾਨ ’ਤੇ ਪੁੱਜੇ। ਬਦਮਾਸ਼ਾਂ ਦਾ ਸੁਰਾਗ ਲਗਾਉਣ ਲਈ ਨਾਕਾਬੰਦੀ ਤੋਂ ਇਲਾਵਾ ਆਸ-ਪਾਸ ਦੇ ਇਲਾਕਿਆਂ ਦੀ ਕਿਲਾਬੰਦੀ ਕਰ ਦਿੱਤੀ ਗਈ ਪਰ ਬਦਮਾਸ਼ ਪੁਲਸ ਦੇ ਹੱਥ ਨਹੀਂ ਲੱਗੇ। ਘਟਨਾ ਤੋਂ ਬਾਅਦ ਪੁਲਸ ਦੀ ਹਾਲਤ ਸੱਪ ਨਿਕਲ ਗਿਆ ਲਕੀਰ ਪਿੱਟਣ ਵਾਲੀ ਬਣੀ ਰਹੀ ਹੈ ਅਤੇ ਉਸ ਦੇ ਕੋਲ ਇਕ ਹੀ ਰਟਿਆ ਰਟਾਇਆ ਜਵਾਬ ਸੀ ਕਿ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਬੀਤੀ ਦੁਪਹਿਰ ਕਰੀਬ 2.15 ਵਜੇ ਦੀ ਹੈ, ਜਦੋਂ ਕਾਲੋਨਾਈਜ਼ਰ ਸਵਰਣ ਸਿੰਘ ਦਾ ਵਰਕਰ ਸੁਖਜੀਤ ਕੁਮਾਰ ਇਕੱਲਾ ਦਫ਼ਤਰ 'ਚ ਬੈਠਾ ਹੋਇਆ ਸੀ, ਉਸ ਸਮੇਂ ਪੈਦਲ ਹੀ 2 ਬਦਮਾਸ਼ ਆਏ ਜਿਨ੍ਹਾਂ ਨੇ ਦਫ਼ਤਰ ’ਚ ਦਾਖ਼ਲ ਹੁੰਦੇ ਹੀ ਸੁਖਜੀਤ ’ਤੇ ਗੰਨ ਤਾਣ ਦਿੱਤੀ ਅਤੇ ਕੈਸ਼ ਦੀ ਮੰਗ ਕੀਤੀ ਪਰ ਜਦੋਂ ਕੈਸ਼ ਨਾ ਮਿਲਿਆ ਤਾਂ ਬਦਮਾਸ਼ 1 ਲੱਖ ਰੁਪਏ ਤੋਂ ਉੱਪਰ ਦੀ ਕੀਮਤ ਵਾਲੀ ਉਸ ਦੀ ਸਪੋਰਟਸ ਬਾਈਕ ਲੁੱਟ ਕੇ ਲੈ ਗਏ। ਸੁਖਜੀਤ ਨੇ ਦੱਸਿਆ ਕਿ ਜਿਸ ਬਦਮਾਸ਼ ਨੇ ਉਸ ’ਤੇ ਗੰਨ ਤਾਣੀ, ਉਸ ਨੇ ਸਿਰ ’ਤੇ ਕੱਪੜਾ ਅਤੇ ਮੂੰਹ 'ਤੇ ਰੁਮਾਲ ਬੰਨ੍ਹਿਆ ਸੀ, ਜਦੋਂ ਕਿ ਦੂਜੇ ਬਦਮਾਸ਼ ਨੇ ਕੈਪ ਪਾ ਰੱਖੀ ਸੀ। ਹਾਲਾਂਕਿ ਬਾਅਦ 'ਚ ਉਸ ਨੇ ਬਾਹਰ ਨਿਕਲ ਕੇ ਰੌਲਾ ਵੀ ਪਾਇਆ ਪਰ ਉਦੋਂ ਤੱਕ ਬਦਮਾਸ਼ ਉਸ ਦਾ ਬਾਈਕ ਲੈ ਕੇ ਜਾ ਚੁੱਕੇ ਸਨ।
ਪੁਲਸ ਦੇ ਹੱਥ ਲੱਗੀ ਸੀ. ਸੀ. ਟੀ. ਵੀ. ਫੁਟੇਜ
ਪੁਲਸ ਦੇ ਹੱਥ ਸੀ. ਸੀ. ਟੀ. ਵੀ. ਦੀ ਇਕ ਫੁਟੇਜ ਲੱਗੀ ਹੈ, ਜਿਸ 'ਚ ਬਦਮਾਸ਼ ਸੁਖਜੀਤ ਦੀ ਬਾਈਕ ਲੈ ਕੇ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਇਹ ਉਹੀ ਬਦਮਾਸ਼ ਹੈ, ਜਿਨ੍ਹਾਂ ਨੇ 3 ਦਿਨ ਪਹਿਲਾਂ ਨਿਊ ਸੁਭਾਸ਼ ਨਗਰ ਦੀ ਨੀਲਮ ਨਾਮੀ ਜਨਾਨੀ ਦੇ ਘਰ 'ਚ ਦਾਖ਼ਲ ਹੋ ਕੇ ਲੁੱਟ-ਖੋਹ ਕੀਤੀ ਸੀ ਅਤੇ ਜਦੋਂ ਜਨਾਨੀ ਨੇ ਉਨ੍ਹਾਂ ਨੂੰ ਫੜ੍ਹਨ ਲਈ ਪਿੱਛਾ ਕੀਤਾ ਤਾਂ ਉਹ ਪਿਸਤੌਲ ਦਿਖਾ ਕੇ ਭੱਜ ਗਏ ਸਨ।