ਲਟਕਦੀਆਂ ਬਿਜਲੀ ਦੀਆਂ ਤਾਰਾਂ ਤੋਂ ਮੁਹੱਲਾ ਵਾਸੀ ਪ੍ਰੇਸ਼ਾਨ

12/09/2017 7:51:12 AM

ਗਿੱਦੜਬਾਹਾ  (ਕੁਲਭੂਸ਼ਨ) - ਗੁਰੂ ਤੇਗ ਬਹਾਦਰ ਨਗਰ ਦੇ ਖਾਲੀ ਪਏ ਪਲਾਟਾਂ ਅਤੇ ਮਕਾਨਾਂ 'ਤੇ ਲਟਕਦੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਕਿਸੇ ਵੀ ਸਮੇਂ ਅਣਸੁਖਾਵੀਂ ਘਟਨਾ ਦਾ ਕਾਰਨ ਬਣ ਸਕਦੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਸੰਤ ਕੌਰ ਪਤਨੀ ਕੇਵਲ ਸਿੰਘ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਇਹ ਬਿਜਲੀ ਦੀਆਂ ਥ੍ਰੀ ਫੇਸ ਤਾਰਾਂ ਸਾਡੇ ਮਕਾਨ ਦੇ ਵਿਹੜੇ ਵਿਚੋਂ ਹੋ ਕੇ ਜਾ ਰਹੀਆਂ ਹਨ ਜਿਹੜੀਆਂ ਕਿ ਮਕਾਨ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਤੋਂ ਲੰਘਦੀਆਂ ਹਨ। ਇਸ ਲਈ ਦਰਵਾਜ਼ੇ ਰਾਹੀਂ ਕੋਈ ਵੀ ਭਾਰੀ ਸਾਮਾਨ ਜਾਂ ਲੋਹੇ ਆਦਿ ਦਾ ਸਾਮਾਨ ਲਿਆਉਣ ਤੇ ਲਿਜਾਣ ਸਮੇਂ ਇਨ੍ਹਾਂ ਤਾਰਾਂ ਨਾਲ ਕਰੰਟ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਓਧਰ, ਮੁਹੱਲਾ ਵਾਸੀਆਂ ਬਲਦੇਵ ਕੌਰ, ਗੁਰਮੀਤ ਕੌਰ, ਮਾਇਆ ਦੇਵੀ, ਗੁਰਵਿੰਦਰ ਕੌਰ, ਰਾਜਾ ਸਿੰਘ, ਪ੍ਰੀਤਮ ਸਿੰਘ ਅਤੇ ਮਨੀ ਆਦਿ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਲਟਕਦੀਆਂ ਤਾਰਾਂ ਨੂੰ ਉੱਚਾ ਕੀਤਾ ਜਾਵੇ ਅਤੇ ਸਾਡੇ ਮਕਾਨਾਂ ਦੇ ਉਪਰੋਂ ਲੰਘਦੀਆਂ ਇਨ੍ਹਾਂ ਤਾਰਾਂ ਨੂੰ ਕਿਸੇ ਹੋਰ ਜਗ੍ਹਾ ਸ਼ਿਫਟ ਕੀਤਾ ਜਾਵੇ।
ਕੀ ਕਹਿਣਾ ਹੈ ਜੇ. ਈ. ਦਾ
ਜੇ. ਈ. ਸੁਖਬੀਰ ਸਿੰਘ ਨੇ ਕਿਹਾ ਕਿ ਇਹ ਹਾਈ ਵੋਲਟੇਜ ਤਾਰਾਂ ਕਾਫੀ ਸਮਾਂ ਪਹਿਲਾਂ ਪਾਈਆਂ ਗਈਆਂ ਸਨ ਅਤੇ ਉਸ ਸਮੇਂ ਇਹ ਰਿਹਾਇਸ਼ੀ ਖੇਤਰ ਨਹੀਂ ਸੀ, ਜਦੋਂ ਹੁਣ ਇਹ ਰਿਹਾਇਸ਼ੀ ਖੇਤਰ ਬਣ ਗਿਆ ਹੈ ਅਤੇ ਤਾਰਾਂ ਨੂੰ ਸ਼ਿਫਟ ਕਰਨ ਸਬੰਧੀ ਡਿਪਾਜ਼ਿਟ ਐਸਟੀਮੇਟ ਮਨਜ਼ੂਰ ਕਰਵਾਉਣਾ ਪਵੇਗਾ, ਜਿਸ ਦੀ ਅਦਾਇਗੀ ਸਬੰਧਿਤ ਏਰੀਆ ਦੇ ਲੋਕਾਂ ਵੱਲੋਂ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਤਾਰਾਂ ਨੂੰ ਉੱਚਾ ਚੁੱਕਣ ਲਈ ਠੇਕੇਦਾਰ ਨੂੰ ਕਹਿ ਦਿੱਤਾ ਗਿਆ ਹੈ ਅਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ।


Related News