ਲੋਕ ਸੰਘਰਸ਼ ਕਮੇਟੀ ਵੱਲੋਂ ਪੱਕਾ ਧਰਨਾ ਸ਼ੁਰੂ

Friday, Mar 23, 2018 - 11:43 PM (IST)

ਲੋਕ ਸੰਘਰਸ਼ ਕਮੇਟੀ ਵੱਲੋਂ ਪੱਕਾ ਧਰਨਾ ਸ਼ੁਰੂ

ਨੂਰਪੁਰਬੇਦੀ, (ਕਮਲਜੀਤ)- ਨੂਰਪੁਰਬੇਦੀ-ਝੱਜ ਚੌਕ ਮੁੱਖ ਸੜਕ ਦਾ ਕੰਮ ਮੁਕੰਮਲ ਨਾ ਕਰਵਾਉਣ ਕਾਰਨ ਲੋਕ ਸੰਘਰਸ਼ ਕਮੇਟੀ ਨੂਰਪੁਰਬੇਦੀ ਵੱਲੋਂ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਖਿਲਾਫ ਰੋਸ ਜ਼ਾਹਿਰ ਕਰਦਿਆਂ ਅੱਜ ਸਬ-ਤਹਿਸੀਲ ਸਾਹਮਣੇ ਪੱਕਾ ਧਰਨਾ ਲਾ ਦਿੱਤਾ ਗਿਆ ਹੈ, ਜਦਕਿ ਧਰਨਾ ਆਰੰਭ ਕਰਨ ਤੋਂ ਪਹਿਲਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। 
ਧਰਨਾਕਾਰੀਆਂ ਨੇ ਦੱਸਿਆ ਕਿ ਬੇਸ਼ੱਕ ਬੀਤੇ ਦਿਨੀਂ ਚੱਕਾ ਜਾਮ ਕਰਨ ਮੌਕੇ ਪੀ.ਡਬਲਯੂ.ਡੀ. ਵਿਭਾਗ ਦੇ ਐੱਸ.ਡੀ.ਓ. ਵੱਲੋਂ ਲੋੜੀਂਦਾ ਮਟੀਰੀਅਲ ਉਪਲੱਬਧ ਨਾ ਹੋਣ ਦਾ ਢੰਡੋਰਾ ਪਿੱਟਦਿਆਂ ਬੰਦ ਪਏ ਕਰੱਸ਼ਰ ਚੱਲਣ ਤੋਂ 5 ਦਿਨਾਂ ਤੱਕ ਸੜਕ ਦਾ ਅਧੂਰਾ ਪਿਆ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਪਰ ਉਨ੍ਹਾਂ ਵੱਲੋਂ ਭਰੋਸੇ ਤਹਿਤ ਦਿੱਤੇ ਸਮੇਂ ਤੱਕ ਆਪਣਾ ਰੋਸ ਸ਼ਾਂਤਮਈ ਢੰਗ ਨਾਲ ਪ੍ਰਸ਼ਾਸਨ ਤੱਕ ਪੁੱਜਦਾ ਰੱਖਣ ਲਈ ਰੋਜ਼ਾਨਾ 11 ਮੈਂਬਰੀ ਟੀਮ ਵੱਲੋਂ ਪੱਕਾ ਧਰਨਾ ਲਾਇਆ ਜਾਵੇਗਾ। ਅਮਨ ਕੁਮਾਰ ਸੈਣੀ, ਮਾ. ਦਰਸ਼ਨ ਕੁਮਾਰ ਸੈਣੀ ਮਾਜਰਾ, ਮਦਨ ਗੋਪਾਲ ਲਖਣੋਂ, ਮਾ. ਗੁਰਨੈਬ ਸਿੰਘ ਜੇਤੇਵਾਲ, ਹਰਪ੍ਰੀਤ ਕਾਹਲੋਂ, ਡਾ. ਦਵਿੰਦਰ ਬਜਾੜ ਤੇ ਸੰਜੀਵ ਲੋਟੀਆ ਆਦਿ ਨੇ ਕਿਹਾ ਕਿ ਜੇਕਰ ਸਬੰਧਤ ਵਿਭਾਗ ਵੱਲੋਂ ਦਿੱਤੇ ਗਏ ਸਮੇਂ ਮੁਤਾਬਿਕ ਸੜਕ ਦਾ ਕੰਮ ਸ਼ੁਰੂ ਨਾ ਕੀਤਾ ਤਾਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਆਰੰਭਿਆ ਜਾਵੇਗਾ। 
ਆਗੂਆਂ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀ ਉਨ੍ਹਾਂ ਦੇ ਸਬਰ ਦਾ ਹੋਰ ਇਮਤਿਹਾਨ ਨਾ ਲੈਣ ਕਿਉਂਕਿ ਉਨ੍ਹਾਂ ਨੇ ਸੜਕ ਦਾ ਕੰਮ ਸ਼ੁਰੂ ਕਰਵਾਉਣ ਲਈ ਹੁਣ ਆਰ-ਪਾਰ ਦੀ ਲੜਾਈ ਲੜਨ ਲਈ ਮਨ ਬਣਾ ਲਿਆ ਹੈ। ਇਸ ਮੌਕੇ ਕੁਲਦੀਪ ਚੰਦਰ ਢੰਡ, ਅਜਮੇਰ ਸਿੰਘ, ਗੁਰਦੇਵ ਸਿੰਘ, ਨਰਿੰਦਰ ਸੈਣੀ, ਤਿਲਕ ਰਾਜ, ਜਸਵੀਰ ਫੌਜੀ, ਸੁਖਵਿੰਦਰ ਸਿੰਘ, ਨੰਬਰਦਾਰ ਜਸਵਿੰਦਰ ਸਿੰਘ, ਕੈਪਟਨ ਸਤਿੰਦਰ ਮੁਕਾਰੀ, ਨੀਟਾ ਸ਼ਰਮਾ, ਸਾਲਗ ਰਾਮ, ਅਵਤਾਰ ਸਿੰਘ, ਰਣਜੀਤ ਸਿੰਘ ਗੋਗਾ, ਸੰਜੀਵ ਸੈਣੀ, ਪੰਚ ਪੋਲਾ ਰੀਹਲ ਆਦਿ ਹਾਜ਼ਰ ਸਨ।


Related News