ਕੈਪਟਨ ਨੇ ਸਾਰੀਆਂ 13 ਲੋਕ ਸਭਾ ਸੀਟਾਂ ''ਤੇ ਕਾਂਗਰਸੀਆਂ ਤੋਂ ਲਿਆ ਫੀਡਬੈਕ

Tuesday, May 21, 2019 - 06:43 PM (IST)

ਕੈਪਟਨ ਨੇ ਸਾਰੀਆਂ 13 ਲੋਕ ਸਭਾ ਸੀਟਾਂ ''ਤੇ ਕਾਂਗਰਸੀਆਂ ਤੋਂ ਲਿਆ ਫੀਡਬੈਕ

ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਕਾਂਗਰਸੀਆਂ ਤੋਂ ਫੀਡਬੈਕ ਲਿਆ ਹੈ। ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ 19 ਮਈ ਨੂੰ ਮਤਦਾਨ ਸੰਪੰਨ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਥਕਾਵਟ ਵੀ ਮਿਟਾਈ ਅਤੇ ਨਾਲ ਹੀ ਉਹ ਸੂਬੇ ਦੇ ਕਈ ਉਮੀਦਵਾਰਾਂ ਤੋਂ ਉਨ੍ਹਾਂ ਦੇ ਲੋਕ ਸਭਾ ਖੇਤਰਾਂ 'ਚ ਪਈਆਂ ਵੋਟਾਂ ਨੂੰ ਲੈ ਕੇ ਫੀਡਬੈਕ ਵੀ ਲੈਂਦੇ ਰਹੇ। ਮੁੱਖ ਮੰਤਰੀ ਅਮਰਿੰਦਰ ਸਿੰਘ ਸੂਬੇ 'ਚ ਕਾਂਗਰਸ ਦੇ ਪ੍ਰਦਰਸ਼ਨ ਨੂੰ ਲੈ ਕੇ ਕਾਫੀ ਆਸਵੰਦ ਹਨ। ਭਾਵੇਂ ਇਲੈਕਟ੍ਰਾਨਿਕ ਚੈਨਲਾਂ ਨੇ ਕਾਂਗਰਸ ਨੂੰ 8 ਤੋਂ 10 ਸੀਟਾਂ ਆਉਣ ਦਾ ਐਗਜ਼ਿਟ ਪੋਲ ਕੱਢਿਆ ਹੋਇਆ ਹੈ ਪਰ ਕੈਪਟਨ ਦਾ ਕਹਿਣਾ ਹੈ ਕਿ ਇਹ ਅੰਕੜਾ 11 ਜਾਂ 12 ਸੀਟਾਂ ਤੱਕ ਵੀ ਪਹੁੰਚ ਸਕਦਾ ਹੈ। 23 ਮਈ ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਹੀ ਸਾਫ ਹੋਵੇਗਾ ਕਿ ਕਾਂਗਰਸ ਨੂੰ ਕਿੰਨੀਆਂ ਸੀਟਾਂ ਮਿਲਦੀਆਂ ਹਨ।
ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਦਿਹਾਤੀ ਅਤੇ ਸ਼ਹਿਰੀ ਦੋਵਾਂ ਥਾਵਾਂ 'ਤੇ ਪਾਰਟੀ ਨੂੰ ਪਈਆਂ ਵੋਟਾਂ ਨੂੰ ਲੈ ਕੇ ਵਿਸ਼ਲੇਸ਼ਣ ਕੀਤਾ ਹੈ, ਜਿਸ ਤੋਂ ਬਾਅਦ ਉਹ ਆਸਵੰਦ ਦਿਖਾਈ ਦੇ ਰਹੇ ਹਨ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਦਿਹਾਤੀ ਖੇਤਰਾਂ 'ਚ ਵਿਸ਼ੇਸ਼ ਤੌਰ 'ਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦਾ ਮਾਮਲਾ ਕਾਫੀ ਗਰਮਾਇਆ ਰਿਹਾ ਅਤੇ ਸ਼ਹਿਰੀ ਖੇਤਰਾਂ 'ਚ ਨੋਟਬੰਦੀ ਅਤੇ ਜੀ. ਐੱਸ. ਟੀ. ਕਾਰਣ ਛੋਟੇ ਦੁਕਾਨਦਾਰਾਂ ਸਮੇਤ ਵਪਾਰੀਆਂ ਨੂੰ ਪਹੁੰਚੇ ਨੁਕਸਾਨ ਕਰਕੇ ਸ਼ਹਿਰੀ ਵੋਟਰਾਂ 'ਚ ਮੋਦੀ ਸਰਕਾਰ ਵਿਰੁੱਧ ਰੋਸ ਦਿਖਾਈ ਦਿੱਤਾ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਵਾਰ ਪੂਰੇ ਸੂਬੇ 'ਚ ਕਾਂਗਰਸੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਖੁਦ ਭਰਵਾਈਆਂ ਸਨ ਅਤੇ ਨਾਲ ਹੀ ਮੁੱਖ ਮੰਤਰੀ ਇਸ ਵਾਰ ਚੋਣ ਰੈਲੀਆਂ ਵੀ ਲਗਾਤਾਰ ਕਰਦੇ ਰਹੇ ਸਨ। ਉਨ੍ਹਾਂ ਨੇ ਗੁਰਦਾਸਪੁਰ ਅਤੇ ਬਠਿੰਡਾ ਲੋਕ ਸਭਾ ਸੀਟਾਂ ਨੂੰ ਲੈ ਕੇ ਹੇਠਲੇ ਪੱਧਰ ਤੋਂ ਫੀਡਬੈਕ ਹਾਸਲ ਕੀਤੀ ਹੈ। ਮੁੱਖ ਮੰਤਰੀ ਦੋਵਾਂ ਸੀਟਾਂ ਨੂੰ ਲੈ ਕੇ ਆਸਵੰਦ ਦਿਖਾਈ ਦਿੱਤੇ ਪਰ ਅੰਤਿਮ ਤੌਰ 'ਤੇ ਚੋਣਾਂ ਦੀ ਗਿਣਤੀ ਤੋਂ ਬਾਅਦ ਹੀ ਸਥਿਤੀ ਸਾਫ ਹੋਵੇਗੀ ਕਿ ਇਹ ਦੋਵੇਂ ਸੀਟਾਂ ਕਿਸ ਪਾਰਟੀ ਦੇ ਪੱਖ 'ਚ ਜਾਂਦੀਆਂ ਹਨ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਾਫੀ ਆਸਵੰਦ ਦਿਖਾਈ ਦਿੱਤੇ। ਉਨ੍ਹਾਂ ਨੇ ਇਹ ਬਿਆਨ ਵੀ ਦਿੱਤਾ ਕਿ ਕਾਂਗਰਸ ਨੇ ਅਕਾਲੀਆਂ ਦਾ ਕਿਲਾ ਤਬਾਹ ਕਰ ਦਿੱਤਾ ਹੈ। ਐਗਜ਼ਿਟ ਪੋਲ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹਰੇਕ ਉਮੀਦਵਾਰ ਹਾਰ-ਜਿੱਤ ਦੇ ਫੈਸਲੇ ਨੂੰ ਲੈ ਕੇ ਹੁਣ ਚਰਚਾ ਕਰਨ 'ਚ ਰੁੱਝ ਗਿਆ ਹੈ।


author

shivani attri

Content Editor

Related News