ਰਾਸ਼ਟਰਵਾਦ ਨਾਲ ਨਹੀਂ ਸਗੋਂ ਸਿੱਖਿਆ ਤੇ ਰੋਜ਼ਗਾਰ ਨਾਲ ਚਲਦਾ ਹੈ ਦੇਸ਼: ਸਿਸੋਦੀਆ
Wednesday, May 15, 2019 - 01:44 PM (IST)
ਜਲੰਧਰ (ਵਾਰਤਾ)— ਜਲੰਧਰ ਪਹੁੰਚੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦੇਸ਼ ਸਿਰਫ ਰਾਸ਼ਟਰਵਾਦ ਨਾਲ ਨਹੀਂ ਸਗੋਂ ਸਿੱਖਿਆ, ਰੋਜ਼ਗਾਰ ਅਤੇ ਸਿਹਤ ਵਰਗੀਆਂ ਬੁਨਿਆਦੀ ਸਹੂਲਤਾਂ ਨਾਲ ਚੱਲਦਾ ਹੈ। ਬਰਗਾੜੀ ਬੇਅਦਬੀ ਕਾਂਡ 'ਤੇ ਬੋਲਦੇ ਹੋਏ ਸਿਸੋਦੀਆ ਨੇ ਕਿਹਾ ਕਿ ਅਕਾਲੀ ਦਲ ਇਸ ਨੂੰ ਕੋਈ ਮੁੱਦਾ ਨਹੀਂ ਮੰਨਦਾ। ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ ਬੇਅਦਬੀ ਕਾਂਡ ਨੂੰ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਮੰਨਦੀ ਹੈ ਅਤੇ ਇਸ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਸਿਸੋਦੀਆ ਇਥੇ ਜਲੰਧਰ ਸੀਟ ਤੋਂ 'ਆਪ' ਦੇ ਉਮੀਦਵਾਰ ਜਸਟਿਸ ਜ਼ੋਰਾ ਸਿੰਘ ਦੇ ਹੱਕ 'ਚ ਰੋਡ ਸ਼ੋਅ 'ਚ ਹਿੱਸਾ ਲੈਣ ਪਹੁੰਚੇ ਸਨ। ਰੋਡ ਸ਼ੋਅ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਹਨ ਕਿ ਉਨ੍ਹਾਂ ਨੇ ਰਾਸ਼ਟਟਰ ਮਜ਼ਬੂਤ ਕਰ ਦਿੱਤਾ ਪਰ ਦੇਸ਼ 'ਚ ਰੋਜ਼ਗਾਰ ਨਹੀਂ ਹਨ, ਸਿੱਖਿਆ ਨਹੀਂ ਹੈ, ਵਪਾਰ ਬਰਬਾਦ ਹੋ ਚੁੱਕਾ ਹੈ ਕੀ ਇਸ ਤਰ੍ਹਾਂ ਉਨ੍ਹਾਂ ਨੇ ਰਾਸ਼ਟਰ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫਰਜ਼ੀ ਰਾਸ਼ਟਰਵਾਦ ਹੈ ਅਤੇ ਇਸ ਦੇ ਖਿਲਾਫ ਵੋਟ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਆਮ ਚੋਣਾਂ 'ਚ ਭਾਜਪਾ ਅਤੇ ਕਾਂਗਰਸ ਦੇ ਕੋਲ ਕੋਈ ਠੋਸ ਮੁੱਦਾ ਨਹੀਂ ਹੈ। ਭਾਜਪਾ ਕੋਲ ਸਿਰਫ ਪਾਕਿਸਤਾਨ ਦਾ ਹੀ ਮੁੱਦਾ ਹੈ ਅਤੇ ਕਾਂਗਰਸ ਵਿਰੋਧੀ ਦਲ ਹੋਣ ਦੇ ਨਾਤੇ ਵੋਟਾਂ ਮੰਗ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਹੈ। ਕਾਂਗਰਸ ਨੇ ਸੂਬੇ 'ਚ ਵਿਕਾਸ ਦੇ ਲਈ ਕੋਈ ਵੀ ਕੰਮ ਨਹੀਂ ਕੀਤਾ।
ਉਨ੍ਹਾਂ ਨੇ ਕਿਹਾ ਕਿ ਸਿਰਫ ਆਮ ਆਦਮੀ ਪਾਰਟੀ ਹੀ ਜਨ ਸਾਧਾਰਣ ਅਤੇ ਵਿਕਾਸ ਦੇ ਮੁੱਦਿਆਂ 'ਤੇ ਚੋਣਾਂ ਲੜ ਰਹੀ ਹੈ। ਦਿੱਲੀ 'ਚ ਕਾਂਗਰਸ ਨਾਲ ਗਠਜੋੜ ਦੀਆਂ ਕੋਸ਼ਿਸ਼ਾਂ ਅਸਫਲ ਰਹਿਣ 'ਤੇ ਸਿਸੋਦੀਆ ਨੇ ਕਿਹਾ ਕਿ 'ਆਪ' ਕਾਂਗਰਸ ਦੇ ਨਾਲ ਸਿਰਫ ਮੋਦੀ ਨੂੰ ਹਰਾਉਣ ਲਈ ਗਠਜੋੜ ਕਰਨਾ ਚਾਹੁੰਦੀ ਸੀ ਪਰ ਕਿਸੇ ਕਾਰਨ ਗਠਜੋੜ ਨਹੀਂ ਹੋ ਸਕਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੋਦੀ ਨੂੰ ਹਰਾਉਣ ਲਈ ਪੰਜਾਬ 'ਚ ਅਕਾਲੀ ਦਲ ਖਿਲਾਫ ਵੋਟਿੰਗ ਕਰਨ।