ਸਿਆਸੀ ਪਿੜ ''ਚ ਨਿੱਤਰਣ ਤੋਂ ਤੌਬਾ ਕਰਨ ਲੱਗੇ ਕਲਾਕਾਰ!

Monday, Mar 18, 2019 - 07:13 PM (IST)

ਸਿਆਸੀ ਪਿੜ ''ਚ ਨਿੱਤਰਣ ਤੋਂ ਤੌਬਾ ਕਰਨ ਲੱਗੇ ਕਲਾਕਾਰ!

ਚੰਡੀਗੜ੍ਹ : 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ ਪੰਜਾਬੀ ਕਲਾਕਾਰਾਂ ਦਾ ਜੋਸ਼ 2019 ਦੀਆਂ ਲੋਕ ਸਭਾ ਚੋਣਾਂ 'ਚ ਫਿੱਕਾ ਪੈਂਦਾ ਨਜ਼ਰ ਆ ਰਿਹਾ ਹੈ। ਵਿਧਾਨ ਸਭਾ ਚੋਣਾਂ ਵਿਚ ਕਈ ਕਲਾਕਾਰ ਸਿਆਸਤ ਮੈਦਾਨ 'ਚ ਨਿੱਤਰੇ ਅਤੇ ਸਿਆਸੀ ਪਾਰਟੀਆਂ ਨੇ ਵੀ ਇਨ੍ਹਾਂ ਸੈਲੇਬ੍ਰਿਟੀ ਚਿਹਰਿਆਂ ਦਾ ਚੰਗਾ ਲਾਹਾ ਲਿਆ ਪਰ ਲੋਕਾਂ ਦੀ ਕਚਹਿਰੀ 'ਚ ਜਦੋਂ ਇਨ੍ਹਾਂ ਕਲਾਕਾਰਾਂ ਦੀ ਸੁਰ ਮੱਠੀ ਪੈ ਗਈ ਤਾਂ ਹੁਣ ਨਵਿਆਂ ਵਜੋਂ ਕਿਸੇ ਦਾ ਕੋਈ ਨਾਂਅ ਸਾਹਮਣੇ ਨਹੀਂ ਆ ਰਿਹਾ। ਕੁੱਝ ਕੁ ਇਸ ਖੇਤਰ 'ਚ ਕਿਸਮਤ ਅਜ਼ਮਾਉਣ ਮਗਰੋਂ ਪਿਛਾਂਹ ਹਟ ਗਏ ਤੇ ਕੁੱਝ ਦੀ ਸਿਆਸੀ ਪਾਰੀ ਜਾਰੀ ਹੈ।
ਆਮ ਤੌਰ 'ਤੇ ਚੋਣਾਂ ਤੋਂ ਪਹਿਲਾਂ ਕੁੱਝ ਕਲਾਕਾਰ ਸਿਆਸੀ ਕਿਸਮਤ ਅਜ਼ਮਾਉਣ ਦੀ ਇੱਛਾ ਜ਼ਾਹਿਰ ਕਰਨ ਲਗਦੇ ਹਨ ਪਰ ਹੁਣ ਲੋਕ ਸਭਾ ਚੋਣਾਂ ਲਈ ਕੋਈ ਨਵਾਂ ਕਲਾਕਾਰ ਆਗੂ ਬਣਦਾ ਹਾਲ ਦੀ ਘੜੀ ਨਜ਼ਰ ਨਹੀਂ ਆ ਰਿਹਾ। ਮੁਹੰਮਦ ਸਦੀਕ ਤੇ ਭਗਵੰਤ ਮਾਨ ਨੂੰ ਛੱਡ ਕੇ ਕੋਈ ਹੋਰ ਕਲਾਕਾਰ ਸਿਆਸਤ ਦੀ ਸਟੇਜ 'ਤੇ ਲੰਮੀ ਹੇਕ ਨਹੀਂ ਲਗਾ ਸਕਿਆ। ਮੁਹੰਮਦ ਸਦੀਕ ਵਿਧਾਇਕ ਵੀ ਰਹਿ ਚੁੱਕੇ ਹਨ ਅਤੇ ਹੁਣ ਵੀ ਸਿਆਸਤ 'ਚ ਸਰਗਰਮ ਹਨ। ਉਹ ਲੋਕ ਸਭਾ ਚੋਣ ਲੜਨ ਦੇ ਇਛੁੱਕ ਹਨ ਜਦਕਿ ਭਗਵੰਤ ਮਾਨ ਵੀ ਇਸ ਵੇਲੇ 'ਆਪ' ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਲੋਕ ਸਭਾ ਸੰਸਦ ਮੈਂਬਰ ਹਨ। ਮਾਨ ਇਸ ਵਾਰ ਵੀ ਉਸੇ ਸੀਟ ਤੋਂ ਉਮੀਦਵਾਰ ਹਨ। 
ਗਾਇਕਾ ਸਤਵਿੰਦਰ ਬਿੱਟੀ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੇ ਸਨ ਪਰ ਜਿੱਤ ਨਹੀਂ ਸਕੇ। ਸਤਵਿੰਦਰ ਬਿੱਟੀ ਨੇ ਆਖਿਆ ਕਿ ਉਨ੍ਹਾਂ ਨੇ ਇਸ ਚੋਣ ਲਈ ਕਿਸੇ ਵੀ ਹਲਕੇ ਤੋਂ ਦਾਅਵੇਦਾਰੀ ਤਾਂ ਨਹੀਂ ਜਤਾਈ ਪਰ ਜੇ ਪਾਰਟੀ ਹੁਕਮ ਕਰੇਗੀ ਤਾਂ ਉਹ ਤਿਆਰ ਹਨ। ਗਾਇਕ ਜੱਸੀ ਜਸਰਾਜ ਨੇ ਵੀ 2014 ਦੀ ਲੋਕ ਸਭਾ ਚੋਣ ਹਲਕਾ ਬਠਿੰਡਾ ਤੋਂ 'ਆਪ' ਦੀ ਟਿਕਟ 'ਤੇ ਲੜੀ ਪਰ ਸਫ਼ਲ ਨਹੀਂ ਸਨ ਹੋ ਸਕੇ। ਹੁਣ ਵੀ ਉਹ ਲੋਕ ਸਭਾ ਚੋਣ ਲੜਨ ਦੇ ਇਛੁੱਕ ਹਨ, ਜਿਸ ਦਾ ਐਲਾਨ ਹੀ ਜਲਦ ਕਰਨਗੇ। ਗਾਇਕ ਬਲਕਾਰ ਸਿੱਧੂ ਵੀ ਸਿਆਸੀ ਸਰਗਰਮੀਆਂ ਤੋਂ ਲਾਂਭੇ ਹੋ ਗਏ। ਕਾਮੇਡੀ ਕਲਾਕਾਰ ਗੁਰਪ੍ਰੀਤ ਘੁੱਗੀ ਵੀ 'ਆਪ' ਵੱਲੋਂ ਵਿਧਾਨ ਸਭਾ ਚੋਣਾਂ ਲੜੇ ਪਰ ਹਾਰ ਕੇ ਇਸ ਰਾਹ ਤੋਂ ਕਿਨਾਰਾ ਕਰ ਗਏ। ਗਾਇਕ ਹੰਸ ਰਾਜ ਹੰਸ ਨੇ 2009 'ਚ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਲੋਕ ਸਭਾ ਚੋਣ ਲੜੀ ਸੀ ਪਰ ਹਾਰ ਗਏ। ਹੰਸ ਰਾਜ ਹੁਣ ਵੀ ਸਿਆਸਤ ਵੀ ਕਾਫੀ ਸਰਗਰਮ ਹਨ।  ਗਾਇਕਾ ਮਿਸ ਪੂਜਾ ਵੀ ਭਾਜਪਾ 'ਚ ਸ਼ਾਮਲ ਹੋਏ ਸਨ ਪਰ ਬਾਅਦ ਵਿਚ ਉਹ ਵੀ ਸਿਆਸੀ ਸਟੇਜ 'ਤੇ ਕਿੱਧਰੇ ਨਜ਼ਰ ਨਹੀਂ ਆਏ।


author

Gurminder Singh

Content Editor

Related News