ਲੁਧਿਆਣਾ ''ਚ ਲੱਡੂਆਂ ਦੇ ਆਰਡਰ ਨੇ ਤੋੜਿਆ ਰਿਕਾਰਡ (ਵੀਡੀਓ)
Wednesday, May 22, 2019 - 06:28 PM (IST)
ਲੁਧਿਆਣਾ (ਨਰਿੰਦਰ ਮਹਿੰਦਰੂ) : ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਵੀਰਵਾਰ ਨੂੰ ਹੋ ਜਾਵੇਗਾ। ਵੱਖ-ਵੱਖ ਪਾਰਟੀਆਂ ਅਤੇ ਉਮੀਦਵਾਰਾਂ ਦੀ ਕਿਸਮਤ ਪਿਟਾਰਾ ਵੀ ਕੱਲ੍ਹ ਖੁੱਲ੍ਹ ਜਾਵੇਗਾ। ਨਤੀਜਿਆਂ ਦਾ ਐਲਾਨ ਭਾਵੇਂ ਵੀਰਵਾਰ ਨੂੰ ਹੋਵੇਗਾ ਪਰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਜਸ਼ਨ ਦੀਆਂ ਤਿਆਰੀਆਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਹਨ। ਲੁਧਿਆਣਾ ਵਿਚ ਹਲਵਾਈ ਦੀਆਂ ਦੁਕਾਨਾਂ 'ਤੇ ਜ਼ੋਰਾਂ-ਸ਼ੋਰਾਂ ਨਾਲ ਲੱਡੂ ਕੱਢਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇੰਨਾ ਹੀ ਨਹੀਂ ਹਲਵਾਈਆਂ ਨੂੰ ਵੱਡੀ ਗਿਣਤੀ ਵਿਚ ਲੱਡੂਆਂ ਦੇ ਆਰਡਰ ਵੀ ਦਿੱਤੇ ਗਏ ਹਨ ਜਿਥੇ ਵੱਖ-ਵੱਖ ਕਿਸਮ ਦੇ ਲੱਡੂ ਤਿਆਰ ਕੀਤੇ ਜਾ ਰਹੇ ਹਨ।
ਪੰਜਾਬ ਹਲਵਾਈ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਪਾਰਟੀਆਂ ਵੱਲੋਂ ਲੱਡੂਆਂ ਦੇ ਆਰਡਰ ਆਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਲਗਭਗ 30-35 ਕੁਇੰਟਲ ਲੱਡੂ ਤਿਆਰ ਕੀਤੇ ਜਾ ਰਹੇ ਹਨ ਪਰ ਉਨ੍ਹਾਂ ਕੋਲ ਜਿਹੜੇ ਆਰਡਰ ਹੁਣ ਤੱਕ ਆਏ ਹਨ ਉਹ 10-12 ਕੁਇੰਟਲ ਦੇ ਹਨ। ਉਨ੍ਹਾਂ ਕਿਹਾ ਕਿ ਲੱਡੂਆਂ ਨੂੰ ਤਿਆਰ ਕਰਨ ਲਈ ਖਾਸ ਕਾਰੀਗਰਾਂ ਨੂੰ ਵੀ ਬੁਲਾਇਆ ਗਿਆ ਹੈ।
ਉਂਝ ਲੁਧਿਆਣਾ ਸੰਸਦੀ ਸੀਟ 'ਤੇ ਨਜ਼ਰ ਮਾਰੀ ਜਾਵੇ ਤਾਂ ਇਥੇ ਮੁੱਖ ਮੁਕਾਬਲਾ ਕਾਂਗਰਸ ਦੇ ਰਵਨੀਤ ਬਿੱਟੂ, ਅਕਾਲੀ ਦਲ ਦੇ ਮਹੇਸ਼ ਇੰਦਰ ਸਿੰਘ ਗਰੇਵਾਲ ਤੇ ਪੀ. ਡੀ. ਏ. ਦੇ ਸਿਮਰਜੀਤ ਸਿੰਘ ਬੈਂਸ ਵਿਚਾਲੇ ਹੈ। ਹੁਣ ਜਦੋਂ ਲੁਧਿਆਣਾ ਵਿਚ ਲੱਡੂਆਂ ਦੀ ਬੂਕਿੰਗ ਨੇ ਵੀ ਜ਼ੋਰ ਫੜ ਲਿਆ ਹੈ, ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਲੱਡੂਆਂ ਦਾ ਸਵਾਦ ਕਿਹੜਾ ਉਮੀਦਵਾਰ ਅਤੇ ਸਮਰਥਕ ਚੱਖਦੇ ਹਨ।