ਚੋਣਾਂ ਦਾ ਐਲਾਨ ਹੁੰਦੇ ਹੀ ਉੱਤਰਨ ਲੱਗੇ ਸਿਆਸੀ ਹੋਰਡਿੰਗਜ਼

Monday, Mar 11, 2019 - 11:51 AM (IST)

ਚੋਣਾਂ ਦਾ ਐਲਾਨ ਹੁੰਦੇ ਹੀ ਉੱਤਰਨ ਲੱਗੇ ਸਿਆਸੀ ਹੋਰਡਿੰਗਜ਼

ਪਟਿਆਲਾ (ਰਾਜੇਸ਼)—ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦਾ ਐਲਾਨ ਕਰਦੇ ਹੋਏ ਦੇਸ਼ ਭਰ 'ਚ ਲਾਗੂ ਹੋਏ ਚੋਣ ਜ਼ਾਬਤੇ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਨੇ ਹਰਕਤ 'ਚ ਆਉਂਦੇ ਹੋਏ ਸ਼ਾਮ ਨੂੰ ਹੀ ਸਿਆਸੀ ਹੋਰਡਿੰਗਜ਼ ਉਤਾਰਨੇ ਸ਼ੁਰੂ ਕਰ ਦਿੱਤੇ ਹਨ। ਸਬ-ਡਵੀਜ਼ਨ ਪਟਿਆਲਾ ਦੇ ਚੋਣ ਅਧਿਕਾਰੀ-ਕਮ-ਐੱਸ. ਡੀ. ਐੱਮ. ਸੰਜੀਵ ਕੁਮਾਰ ਨੇ ਨਗਰ ਨਿਗਮ ਨੂੰ ਹੁਕਮ ਜਾਰੀ ਕੀਤੇ ਕਿ ਸ਼ਹਿਰ 'ਚ ਲੱਗੇ ਸਿਆਸੀ ਹੋਰਡਿੰਗਜ਼, ਬੈਨਰ ਅਤੇ ਪੋਸਟਰ ਤੁਰੰਤ ਹਟਾਏ ਜਾਣ। ਨਗਰ ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਨਿਗਮ ਦੀ ਲੈਂਡ ਅਤੇ ਇਸ਼ਤਿਹਾਰ ਬ੍ਰਾਂਚ  ਨੂੰ ਹੁਕਮ ਜਾਰੀ ਕੀਤੇ ਕਿ ਹੋਰਡਿੰਗਜ਼ ਉਤਾਰਨੇ ਸ਼ੁਰੂ ਕਰ ਦਿੱਤੇ ਜਾਣ। ਕਮਿਸ਼ਨਰ ਦਾ ਹੁਕਮ ਆਉਂਦੇ ਹੀ ਨਗਰ ਨਿਗਮ ਦੀਆਂ ਟੀਮਾਂ ਨੇ ਹੋਰਡਿੰਗਜ਼ ਤੇ ਬੈਨਰ ਉਤਾਰਨੇ ਸ਼ੁਰੂ ਕਰ ਦਿੱਤੇ। 

ਸੀ. ਐੱਮ. ਸਿਟੀ ਦੀ ਹਰ ਸੜਕ ਅਤੇ ਚੌਕ ਸਿਆਸੀ ਹੋਰਡਿੰਗਜ਼ ਨਾਲ ਭਰੀ ਹੋਈ ਹੈ। ਐਤਵਾਰ ਨੂੰ ਸ਼ਹਿਰ 'ਚ ਯੂਥ ਅਕਾਲੀ ਦਲ ਦੀ ਰੈਲੀ ਅਤੇ ਸੋਮਵਾਰ ਨੂੰ ਸੁਖਬੀਰ ਬਾਦਲ ਦੀ ਰੈਲੀ ਹੋਣ ਕਾਰਨ ਜਗ੍ਹਾ-ਜਗ੍ਹਾ 'ਤੇ ਅਕਾਲੀ-ਭਾਜਪਾ ਦੇ ਹੋਰਡਿੰਗਜ਼ ਲੱਗੇ ਹੋਏ ਹਨ। ਇਸ ਤੋਂ ਇਲਾਵਾ ਜ਼ਿਲਾ ਕਾਂਗਰਸ ਸ਼ਹਿਰੀ ਪ੍ਰਧਾਨ ਕੇ. ਕੇ. ਮਲਹੋਤਰਾ ਸਮੇਤ ਹੋਰ ਕਈ ਕਾਂਗਰਸੀ ਆਗੂਆਂ ਦੇ ਵੱਡੇ-ਵੱਡੇ ਹੋਰਡਿੰਗਜ਼ ਸਮੁੱਚੇ ਸ਼ਹਿਰ 'ਚ ਲੱਗੇ ਹੋਏ ਹਨ। ਇਨ੍ਹਾਂ ਨੂੰ ਦੇਰ ਰਾਤ ਤੱਕ ਨਿਗਮ ਦੀਆਂ ਟੀਮਾਂ ਉਤਾਰਦੀਆਂ ਰਹੀਆਂ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਪ੍ਰਸ਼ਾਸਨ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਸੋਮਵਾਰ ਨੂੰ ਸਮੁੱਚੇ ਸ਼ਹਿਰ ਤੋਂ ਸਿਆਸੀ ਹੋਰਡਿੰਗਜ਼ ਉਤਾਰੇ ਜਾਣਗੇ।  ਚੋਣ ਜ਼ਾਬਤੇ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਹੋਰਡਿੰਗਜ਼ ਅਤੇ ਬੈਨਰ ਉਤਾਰਨ ਲਈ ਟੀਮਾਂ ਦਾ ਗਠਨ ਕਰ ਦਿੱਤਾ ਹੈ। ਇਨ੍ਹਾਂ ਟੀਮਾਂ ਨੇ ਐਤਵਾਰ 6.30 ਵਜੇ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ।  ਰਾਤ  ਦੇ 11.30 ਵਜੇ ਤੱਕ ਹੋਰਡਿੰਗਜ਼ ਉਤਾਰਦੇ ਰਹੇ।


author

Shyna

Content Editor

Related News