ਕਾਂਗਰਸ ਦੀ ਮੋਗਾ ਮੀਟਿੰਗ ਦੌਰਾਨ ਵੀ ਲੱਗੇ ਚੰਨੀ ਦੇ ਨਾਅਰੇ
Wednesday, Aug 05, 2026 - 06:21 PM (IST)
ਮੋਗਾ (ਕਸ਼ਿਸ਼): ਪੰਜਾਬ ਕਾਂਗਰਸ ਦੀ ਖਿੱਚੋਤਾਣ ਜੱਗ-ਜ਼ਾਹਿਰ ਹੋ ਚੁੱਕੀ ਹੈ। ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਅਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਵੱਲੋਂ ਵੱਖ-ਵੱਖ ਹਲਕਿਆਂ ਵਿਚ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਨਾਅਰੇ ਲੱਗ ਰਹੇ ਹਨ। ਅੱਜ ਮੋਗਾ ਵਿਖੇ ਹੋਈ ਮੀਟਿੰਗ ਦੌਰਾਨ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ।
ਮੋਗਾ ਵਿਖੇ 'ਹਰ ਬੂਥ ਕਾਂਗਰਸ ਮਜ਼ਬੂਤ' ਮੁਹਿੰਮ ਤਹਿਤ ਕਰਵਾਈ ਗਈ ਮੀਟਿੰਗ ਦਾ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਵੱਲੋਂ ਬਾਈਕਾਟ ਕੀਤਾ ਗਿਆ। ਉਨ੍ਹਾਂ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਇਨ੍ਹਾਂ ਵਰਕਰਾਂ ਨੇ 'ਚੰਨੀ ਲਿਆਓ, ਪੰਜਾਬ ਬਚਾਓ' ਦੇ ਨਾਅਰੇ ਵੀ ਲਗਾਏ। ਇਸ ਤੋਂ ਇਲਾਵਾ ਰਾਜਾ ਵੜਿੰਗ ਅਤੇ ਭੂਪੇਸ਼ ਬਘੇਲ ਦੀ ਆਮਦ ਤੋਂ ਪਹਿਲਾਂ ਇਲਾਕੇ ਵਿਚ ਦੋਹਾਂ ਆਗੂਆਂ ਦੇ ਖ਼ਿਲਾਫ਼ ਅਤੇ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਪੋਸਟਰ ਵੀ ਲਗਾਏ ਗਏ।
