''ਸੁੰਦਰ-ਮੁੰਦਰੀਏ'' ਗਾ ''ਲੋਹੜੀ'' ਮੰਗ ਰਹੇ ਬੱਚੇ, ਹਰ ਪਾਸੇ ਲੱਗੀਆਂ ਰੌਣਕਾਂ

01/13/2020 11:53:55 AM

ਖੰਨਾ : ਪੰਜਾਬ 'ਚ ਹਰ ਮਹੀਨੇ ਦੀ ਆਰੰਭਤਾ ਕਿਸੇ ਨਾ ਕਿਸੇ ਤਿਉਹਾਰ ਨਾਲ ਹੁੰਦੀ ਹੈ ਤੇ ਇਨ੍ਹਾਂ ਤਿਉਹਾਰਾਂ ਦਾ ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੇ ਲੋਕ-ਜੀਵਨ 'ਚ ਇਕ ਵਿਸ਼ੇਸ਼ ਮਹੱਤਵ ਹੈ। ਇਨ੍ਹਾਂ ਤਿਉਹਾਰਾਂ 'ਚੋਂ ਹੀ ਇਕ ਖੁਸ਼ੀਆਂ ਵੰਡਦਾ ਤਿਉਹਾਰ ਹੈ 'ਲੋਹੜੀ', ਜੋ ਕਿ ਪੋਹ ਮਹੀਨੇ ਦੇ ਆਖਰੀ ਦਿਨ-ਰਾਤ ਨੂੰ ਖੁਸ਼ੀਆਂ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਬੱਚੇ ਗਲੀਆਂ 'ਚ ਉੱਚੀ-ਉੱਚੀ ਗਾਉਂਦਿਆਂ ਘਰੋ-ਘਰੀ ਜਾ ਕੇ ਲੋਹੜੀ ਮੰਗਦੇ ਹਨ।

ਲੋਹੜੀ 'ਤੇ ਘਰ ਦੇ ਵਿਹੜਿਆਂ ਜਾਂ ਸਾਂਝੀ ਜਗਾ 'ਤੇ ਧੂਣੇ ਬਾਲ ਕੇ ਪਰਮਾਤਮਾ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ ਅਤੇ ਬਲਦੀ ਲੋਹੜੀ 'ਚ ਤਿਲ ਸੁੱਟੇ ਜਾਂਦੇ ਹਨ, ਜਿਸ ਦਾ ਪੰਜਾਬ ਦੇ ਲੋਕ-ਜੀਵਨ 'ਚ ਵਿਸ਼ੇਸ਼ ਮਹੱਤਵ ਹੈ। ਇਸ ਤੋਂ ਇਲਾਵਾ ਇਸ ਨੂੰ ਸਰਦ ਰੁੱਤ ਦੇ ਖਾਤਮੇ ਦੀ ਸ਼ੁਰੂਆਤ ਅਤੇ ਨਿੱਘੀ ਰੁੱਤ ਦੇ ਸੁਆਗਤ ਵਜੋਂ ਵੀ ਮਨਾਇਆ ਜਾਂਦਾ ਹੈ, ਜਿਨ੍ਹਾਂ ਘਰਾਂ 'ਚ ਬੱਚੇ ਦਾ ਜਨਮ ਜਾਂ ਵਿਆਹ ਹੁੰਦਾ ਹੈ, ਉਨ੍ਹਾਂ ਘਰਾਂ 'ਚ ਇਹ ਤਿਉਹਾਰ ਵਿਸ਼ੇਸ਼ ਤੌਰ 'ਤੇ ਮਨਾਇਆ ਜਾਂਦਾ ਹੈ।

ਪੰਜਾਬੀਆਂ ਲਈ ਇਹ ਤਿਉਹਾਰ ਇਕ ਨਵੀਂ ਦਿਸ਼ਾ, ਨਵੀਂ ਊਰਜਾ ਅਤੇ ਉਤਸ਼ਾਹ ਨੂੰ ਜਾਗ੍ਰਿਤ ਕਰਨ ਵਾਲਾ ਤਿਉਹਾਰ ਹੈ। ਇਸ ਦਿਨ ਲੋਕ ਬਲਦੀ ਲੋਹੜੀ ਦੇ ਆਲੇ-ਦੁਆਲੇ ਬੈਠ ਕੇ ਅੱਗ ਸੇਕਦੇ ਹੋਏ ਮੂੰਗਫਲੀਆਂ, ਰਿਓੜੀਆਂ, ਗੱਚਕ, ਤਿਲਾਂ ਦੀਆਂ ਪਿੰਨੀਆਂ, ਭੂਤ ਪਿੰਨੇ ਖਾਂਦੇ ਹਨ। ਉੱਥੇ ਹੀ ਆਪਣੀ ਖੁਸ਼ੀ ਨੂੰ ਜ਼ਾਹਰ ਕਰਦੇ ਹੋਏ ਨੱਚਦੇ-ਟੱਪਦੇ, ਬੋਲੀਆਂ ਅਤੇ ਭੰਗੜੇ ਪਾਉਂਦੇ ਹਨ। ਇਸ ਦਿਨ ਭਾਵੇਂ ਵੱਡਿਆਂ ਦੇ ਨਾਲ-ਨਾਲ ਬੱਚਿਆਂ 'ਚ ਇਕ ਵੱਖਰਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਪਰ ਜੋ ਉਤਸ਼ਾਹ ਕੁਝ ਦਸ਼ਕ ਪਹਿਲਾਂ ਦੇ ਬੱਚਿਆਂ 'ਚ ਇਸ ਤਿਉਹਾਰ ਨੂੰ ਲੈ ਕੇ ਹੁੰਦਾ ਸੀ, ਉਹ ਘਰ-ਘਰ ਲੋਹੜੀ ਮੰਗਣ ਲਈ ਜਾਂਦੇ ਸੀ, ਅੱਜ ਦੇ ਸਮੇਂ 'ਚ ਇਹ ਰੁਝਾਨ ਘਟਦਾ ਜਾ ਰਿਹਾ ਹੈ।


Babita

Content Editor

Related News