ਗੁਰੂਆਂ ਨੇ ਦਿੱਤਾ ਮਨੁੱਖਤਾ ਤੇ ਹਰ ਧਰਮ ਦੇ ਸਨਮਾਨ ਦਾ ਸੁਨੇਹਾ: ਕੇਜਰੀਵਾਲ

Sunday, Nov 23, 2025 - 03:32 PM (IST)

ਗੁਰੂਆਂ ਨੇ ਦਿੱਤਾ ਮਨੁੱਖਤਾ ਤੇ ਹਰ ਧਰਮ ਦੇ ਸਨਮਾਨ ਦਾ ਸੁਨੇਹਾ: ਕੇਜਰੀਵਾਲ

ਸ੍ਰੀ ਅਨੰਦਪੁਰ ਸਾਹਿਬ (ਵੈੱਬ ਡੈਸਕ): ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਤਹਿਤ ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਸਰਬ ਧਰਮ ਸੰਮੇਲਨ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਧਰਮਾਂ ਦੀਆਂ ਮਾਣਮੱਤੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸ਼ਾਮਲ ਹੋਏ। 

ਸਮਾਗਮ ਦੌਰਾਨ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵੱਖ-ਵੱਖ ਧਰਮਾਂ ਦੇ ਮਹਾਪੁਰਖਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਬਹੁਤ ਸਾਰੀਆਂ ਸ਼ਖ਼ਸੀਅਤਾਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਆਪਣੇ ਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਹੋਵੇ, ਪਰ ਅਜਿਹੇ ਬਹੁਤ ਵਿਰਲੇ ਕਿੱਸੇ ਹਨ ਜਿਸ ਵਿਚ ਦੂਜੇ ਦੀ ਧਰਮ ਦੀ ਰੱਖਿਆ ਲਈ ਕਿਸੇ ਨੇ ਆਪਣੀ ਇੰਨੀ ਵੱਡੀ ਕੁਰਬਾਨੀ ਦਿੱਤੀ ਹੋਵੇ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ। ਉਨ੍ਹਾਂ ਦਾ ਸਭ ਤੋਂ ਵੱਡਾ ਸੰਦੇਸ਼ ਸੀ ਕਿ ਇਨਸਾਨ ਇਨਸਾਨ ਹੀ ਹੈ। ਉਹ ਜਿਸ ਧਰਮ ਦੀ ਪਾਲਣਾ ਕਰਦਾ ਹੈ, ਉਸੇ ਧਰਮ ਵਿਚ ਉਸ ਦਾ ਸਨਮਾਨ ਕਰਨਾ ਚਾਹੀਦਾ ਹੈ। 

'ਆਪ' ਸੁਪਰੀਮੋ ਨੇ ਕਿਹਾ ਕਿ ਅੱਜ ਉਸੇ ਸੰਦੇਸ਼ ਮੁਤਾਬਕ ਇਹ ਸਰਬ ਧਰਮ ਸੰਮੇਲਨ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸਾਰੇ ਧਰਮਾਂ ਦੇ ਗਿਆਨੀ ਮਹਾਪੁਰਸ਼ ਪਹੁੰਚੇ ਹਨ। ਉਨ੍ਹਾਂ ਨੇ ਇਸ ਸਮਾਗਮ ਵਿਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ, ਸ਼੍ਰੀ ਸ਼੍ਰੀ ਰਵੀ ਸ਼ੰਕਰ, ਸੰਤ ਬਾਬਾ ਬਲਬੀਰ ਸਿੰਘ ਜੀ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ, ਮਹੰਤ ਗਿਆਨਦੇਵ ਨਿਰਮਲ ਅਖਾੜਾ, ਸੰਤ ਬਾਬਾ ਸੇਵਾ ਸਿੰਘ ਸਮੇਤ ਸਾਰੀਆਂ ਮਹਾਨ ਸ਼ਖ਼ਸੀਅਤਾਂ ਦਾ ਸਮਾਗਮ ਵਿਚ ਆਉਣ 'ਤੇ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਗੁਰੂਆਂ ਦਾ ਇਹੋ ਸੁਨੇਹਾ ਸੀ। ਉਨ੍ਹਾਂ ਨੇ ਮਨੁੱਖਤਾ ਦੇ ਸੁਨੇਹੇ ਦਿੱਤੇ ਤੇ ਕਿਹਾ ਕਿ ਇਨਸਾਨ ਜਿਸ ਧਰਮ ਵਿਚ ਜੰਮਿਆ, ਉਸ ਨੂੰ ਉਸ ਧਰਮ ਦਾ ਪਾਲਨ ਕਰਨ ਦਾ ਹੱਕ ਹੈ। 


author

Anmol Tagra

Content Editor

Related News