ਸਾਰਾ ਦਿਨ ਪੈਣਗੇ ਪੇਚੇ, ਗਿੱਧੇ-ਭੰਗੜੇ ਦੀ ਰਹੇਗੀ ਧੁੰਮ

01/13/2020 2:25:15 PM

ਕਪੂਰਥਲਾ/ਸੁਲਤਾਨਪੁਰ ਲੋਧੀ (ਮਹਾਜਨ, ਧੀਰ)— ਹਰ ਸਾਲ ਮਕਰ ਸੰਕ੍ਰਾਂਤੀ ਤੋਂ ਇਕ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪੰਜਾਬ 'ਚ ਇਸ ਤਿਉਹਾਰ ਮੌਕੇ ਖਾਸ ਰੌਣਕ ਵੇਖਣ ਨੂੰ ਮਿਲਦੀ ਹੈ। ਲੋਹੜੀ ਦਾ ਤਿਉਹਾਰ 13 ਜਨਵਰੀ ਨੂੰ ਮਨਾਇਆ ਜਾਂਦਾ ਹੈ ਅਤੇ ਮਕਰ ਸੰਕ੍ਰਾਂਤੀ 14 ਨੂੰ ਮਨਾਈ ਜਾਵੇਗੀ। ਲੋਹੜੀ ਦੇ ਦਿਨ ਅਗਨੀ ਜਲਾ ਕੇ ਉਸ 'ਚ ਤਿਲ, ਗੁੜ, ਗੱਚਕ, ਰਿਉੜੀਆਂ ਅਤੇ ਮੂੰਗਫਲੀ ਪਾਈ ਜਾਂਦੀ ਹੈ। ਇਸ ਦੌਰਾਨ ਗਿੱਧਾ-ਭੰਗੜਾ ਵੀ ਪਾਇਆ ਜਾਂਦਾ ਹੈ ਅਤੇ ਪਤੰਗਬਾਜ਼ੀ 'ਚ ਸਾਰਾ ਦਿਨ ਪੇਚੇ ਲਾਏ ਜਾਂਦੇ ਹਨ।

ਨਵ-ਵਿਆਹੇ ਜੋੜਿਆਂ ਲਈ ਖਾਸ ਤੌਰ 'ਤੇ ਮਨਾਇਆ ਜਾਂਦੈ ਲੋਹੜੀ ਦਾ ਤਿਉਹਾਰ
ਨਵ-ਵਿਆਹੇ ਜੋੜਿਆਂ ਲਈ ਇਹ ਤਿਉਹਾਰ ਖਾਸ ਤੌਰ 'ਤੇ ਮਨਾਇਆ ਜਾਂਦਾ ਹੈ, ਕਿਉਂਕਿ ਇਸ ਦਿਨ ਲੋਕ ਅਗਨੀ 'ਚ ਆਹੂਤੀਆਂ ਪਾ ਕੇ ਆਪਣੇ ਸੁਖੀ ਵਿਵਾਹਿਕ ਜੀਵਨ ਦੀ ਕਾਮਨਾ ਕਰਦੇ ਹਨ, ਰਵਾਇਤੀ ਤੌਰ 'ਤੇ ਆਪਣੇ ਘਰ ਦੇ ਬਾਹਰ ਲੋਹੜੀ ਵਾਲੇ ਦਿਨ ਧੂਣਾ ਲਾ ਕੇ ਸਾਰੇ ਮਿਲ-ਜੁਲ ਕੇ ਤਿਉਹਾਰ ਮਨਾਉਂਦੇ ਹਨ। ਇਸ ਦਿਨ ਅੱਗ ਬਾਲ ਕੇ ਲੋਕ, ਲੜਕੇ ਭੰਗੜਾ ਅਤੇ ਲੜਕੀਆਂ ਗਿੱਧਾ ਪਾਉਂਦੀਆਂ ਹਨ। ਇਸ ਤਰ੍ਹਾਂ ਲੋਕ ਨੱਚ ਗਾ ਕੇ ਇਕ-ਦੂਜੇ ਨੂੰ ਲੋਹੜੀ ਦੀਆਂ ਵਧਾਈਆਂ ਦਿੰਦੇ ਹਨ।

ਕੀ ਹੈ ਲੋਹੜੀ ਦੀ ਕਥਾ
ਇਸ ਤਿਉਹਾਰ ਨਾਲ ਜੁੜੀ ਇਕ ਕਹਾਣੀ ਹੈ, ਜੋ ਦੁੱਲਾ-ਭੱਟੀ ਨਾਲ ਸਬੰਧਤ ਹੈ। ਇਹ ਕਥਾ ਪੁਰਾਣੀ ਹੈ, ਜਦੋਂ ਦੁੱਲਾ-ਭੱਟੀ ਪੰਜਾਬ ਦਾ ਸਰਦਾਰ ਸੀ। ਉਨ੍ਹੀਂ ਦਿਨੀਂ ਲੜਕੀਆਂ ਦੀ ਬਾਜ਼ਾਰੀ ਹੁੰਦੀ ਸੀ, ਜਿਸ ਦਾ ਉਸ ਨੇ ਵਿਰੋਧ ਕੀਤਾ ਸੀ ਅਤੇ ਸਾਰੀਆਂ ਲੜਕੀਆਂ ਨੂੰ ਬਚਾਅ ਕੇ ਉਨ੍ਹਾਂ ਦਾ ਵਿਆਹ ਕਰਵਾਇਆ। ਉਦੋਂ ਤੋਂ ਹੀ ਲੋਹੜੀ ਦੇ ਦਿਨ ਦੁੱਲਾ-ਭੱਟੀ ਦੀ ਕਹਾਣੀ ਸੁਣਨ ਅਤੇ ਸੁਣਾਉਣ ਦੀ ਰਵਾਇਤ ਹੈ।

ਇਸ ਦਿਨ ਖੂਬ ਹੁੰਦੀ ਹੈ ਪਤੰਗਬਾਜ਼ੀ
ਲੋਹੜੀ ਦੇ ਤਿਉਹਾਰ 'ਤੇ ਬਾਜ਼ਾਰ 'ਚ ਪਤੰਗ ਅਤੇ ਡੋਰ ਵੇਚਣ ਵਾਲਿਆਂ ਦੀਆਂ ਦੁਕਾਨਾਂ ਸਜ ਚੁੱਕੀਆਂ ਅਤੇ ਬੱਚੇ, ਬਜ਼ੁਰਗਾਂ ਵੱਲੋਂ ਖੂਬ ਪਤੰਗਬਾਜ਼ੀ ਕੀਤੀ ਜਾਂਦੀ ਹੈ, ਜਿਸ ਨੂੰ ਲੈ ਕੇ ਦੁਕਾਨਦਾਰਾਂ ਨੇ ਛੋਟੀ ਤੋਂ ਲੈ ਕੇ ਵੱਡੀਆਂ ਪਤੰਗਾਂ ਨਾਲ ਆਪਣੀਆਂ ਦੁਕਾਨਾਂ ਸਜਾਈਆਂ ਹੁੰਦੀਆਂ ਹਨ। ਇਕ ਦੁਕਾਨਦਾਰ ਨੇ ਲੋਕਾਂ ਨੂੰ ਚਾਈਨਾ ਡੋਰ ਨਾਲ ਪਤੰਗ ਨਾ ਉਡਾਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਨਾਲ ਹਰ ਸਾਲ ਹਜ਼ਾਰਾਂ ਪੰਛੀ ਫਸ ਕੇ ਮਰ ਜਾਂਦੇ ਹਨ, ਉਥੇ ਇਹ ਡੋਰ ਬੱਚਿਆਂ ਅਤੇ ਲੋਕਾਂ ਦੀ ਜਾਨ ਵੀ ਜੋਖਮ ਵਿਚ ਪਾ ਦਿੰਦੀ ਹੈ। ਇਸੇ ਲਈ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ।


shivani attri

Content Editor

Related News