ਲੋਹੜੀ ਮੌਕੇ ਰੂਪਨਗਰ ਸ਼ਹਿਰ ''ਚ ਰਹੀ ਚਹਿਲ-ਪਹਿਲ

01/14/2018 4:55:57 AM

ਰੂਪਨਗਰ, (ਕੈਲਾਸ਼)- ਉੱਤਰ ਭਾਰਤ 'ਚ ਮਨਾਇਆ ਜਾਣ ਵਾਲਾ ਲੋਹੜੀ ਦਾ ਤਿਉਹਾਰ ਅੱਜ ਰੂਪਨਗਰ ਸ਼ਹਿਰ 'ਚ ਧੂਮਧਾਮ ਨਾਲ ਮਨਾਇਆ ਗਿਆ ਅਤੇ ਲੋਕਾਂ ਨੇ ਸ਼ਾਮ ਪੈਂਦੇ ਹੀ ਆਪਣੇ ਘਰਾਂ ਦੇ ਅੱਗੇ ਧੂਣੀਆਂ ਬਾਲੀਆਂ। 
ਜ਼ਿਕਰਯੋਗ ਹੈ ਕਿ ਲੋਹੜੀ ਦਾ ਤਿਉਹਾਰ ਪੰਜਾਬ ਦੇ ਨਾਲ-ਨਾਲ ਹਿਮਾਚਲ, ਹਰਿਆਣਾ ਅਤੇ ਚੰਡੀਗ਼ੜ੍ਹ 'ਚ ਵੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਨਵ-ਵਿਆਹੇ ਜੋੜਿਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਥੇ ਆਪਣੇ ਗੁਆਂਢ 'ਚ ਅਤੇ ਰਿਸ਼ਤੇਦਾਰੀਆਂ 'ਚ ਮੂੰਗਫਲੀ, ਤਿਲ ਗੱਚਕ, ਫਰੂਟ ਆਦਿ ਲੋਹੜੀ ਦੇ ਗਿਫਟ ਵੰਡੇ ਗਏ। ਦੂਜੇ ਪਾਸੇ ਮਹਿਲਾਵਾਂ ਅਤੇ ਨੌਜਵਾਨਾਂ ਨੇ ਖੂਬ ਭੰਗੜਾ ਪਾ ਕੇ ਮਾਹੌਲ ਨੂੰ ਰੰਗੀਨ ਕਰ ਦਿੱਤਾ। ਅੱਜ ਦੁੱਲਾ ਭੱਟੀ ਦਾ ਪ੍ਰਸਿੱਧ ਲੋਕ ਗੀਤ ਸੁੰਦਰ ਮੁੰਦਰੀਏ ਗਾ ਕੇ ਲੋਕਾਂ ਨੇ ਇਕ ਦੂਜੇ ਕੋਲੋਂ ਲੋਹੜੀ ਮੰਗੀ। 
ਲੋਹੜੀ ਬਾਲਣ ਦਾ ਮਹੱਤਵ : ਜੇਕਰ ਅਸੀਂ ਆਪਣੇ ਦੇਸੀ ਮਹੀਨਿਆਂ ਅਨੁਸਾਰ ਗੱਲ ਕਰੀਏ ਤਾਂ ਪੋਹ ਦੇ ਮਹੀਨੇ 'ਚ ਪੈਣ ਵਾਲੀ ਕੜਾਕੇ ਦੀ ਠੰਡ ਤੋਂ ਪ੍ਰੇਸ਼ਾਨ ਲੋਕਾਂ ਨੇ ਅੱਜ ਮਹੀਨੇ ਦੇ ਆਖਰੀ ਦਿਨ ਅੱਗ ਬਾਲ ਕੇ ਸਰਦੀ ਤੋਂ ਛੁਟਕਾਰਾ ਪਾਉਣ ਦੀ ਪ੍ਰੰਪਰਾ ਸ਼ੁਰੂ ਕੀਤੀ ਸੀ ਤਾਂ ਕਿ ਮਾਘ ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਰਾਹਤ ਮਿਲ ਸਕੇ। ਅੱਜ ਸ਼ਹਿਰ ਨਿਵਾਸੀਆਂ 'ਚ ਇਹ ਭਾਰੀ ਚਰਚਾ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਲੋਹੜੀ ਤੋਂ ਬਾਅਦ ਘਟਣੀ ਸ਼ੁਰੂ ਹੋ ਜਾਂਦੀ ਹੈ। 
ਜੱਜਾਂ ਅਤੇ ਵਕੀਲਾਂ ਨੇ ਮਨਾਈ ਲੋਹੜੀ
ਜ਼ਿਲਾ ਅਦਾਲਤਾਂ ਦੇ ਮਾਣਯੋਗ ਜੱਜ ਸਾਹਿਬਾਨ ਅਤੇ ਬਾਰ ਐਸੋਸੀਏਸ਼ਨ ਵੱਲੋਂ ਅੱਜ ਸਥਾਨਕ ਰੈਸਟ ਹਾਊਸ 'ਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸੈਸ਼ਨ ਜੱਜ ਬੀ. ਐੱਸ. ਸੰਧੂ, ਵਧੀਕ ਸੈਸ਼ਨ ਜੱਜ ਸੁਨੀਤਾ ਕੁਮਾਰੀ ਸ਼ਰਮਾ, ਨੀਲਮ ਅਰੋੜਾ, ਆਰ. ਕੇ. ਗੁਪਤਾ, ਮਨੀਸ਼ਾ ਜੈਨ, ਸੀ.ਜੇ.ਐੱਮ. ਪੂਜਾ ਅਨਦੋਤਰਾ, ਏ.ਸੀ.ਜੇ.ਐੱਮ. ਜਸਬੀਰ ਕੌਰ, ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਸੁਪ੍ਰੀਤ ਕੌਰ, ਚੀਨੂੰ ਸ਼ਰਮਾ, ਅਨੀਸ਼ ਗੋਇਲ ਤੋਂ ਇਲਾਵਾ ਸੀ.ਜੇ.ਐੱਮ. ਕਮ ਸੈਕਟਰੀ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਅਜੀਤਪਾਲ ਸਿੰਘ ਵਿਸ਼ੇਸ਼ ਰੂਪ 'ਚ ਸ਼ਾਮਲ ਹੋਏ। ਇਸ ਤੋਂ ਇਲਾਵਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਰ ਰਾਜ ਸੈਣੀ, ਵਾਈਸ ਪ੍ਰਧਾਨ ਚਰਨਜੀਤ ਸਿੰਘ, ਸੈਕਟਰੀ ਗੁਰਵਿੰਦਰ ਕੌਰ ਭੰਗੂ, ਏ. ਐੱਲ ਵਰਮਾ, ਮੋਹਿਤ ਧੂਪੜ, ਮੁਨੀਸ਼ ਆਹੂਜਾ, ਏ. ਪੀ. ਐੱਸ. ਬਾਵਾ, ਐੱਚ. ਐੱਸ. ਬਾਸੀ, ਹਰਮੋਹਨਪਾਲ ਸਿੰਘ, ਚੇਤਨ ਸ਼ਰਮਾ, ਡੀ. ਐੱਸ. ਦਿਓਲ., ਜੇ. ਪੀ. ਐੱਸ. ਢੇਰ, ਧਰਮਪਾਲ ਸਿੰਘ ਆਦਿ ਮੌਜੂਦ ਸਨ। 


Related News