ਤਾਲਾਬੰਦੀ ਨਾਲੋਂ ਜ਼ਿਆਦਾ ਘਾਤਕ 'ਰੇਲ ਰੋਕੋ', ਝੱਲਣਾ ਪੈ ਸਕਦੈ 15 ਲੱਖ ਕਰੋੜ ਦਾ ਨੁਕਸਾਨ
Tuesday, Nov 03, 2020 - 12:18 AM (IST)

ਜਲੰਧਰ/ਲੁਧਿਆਣਾ,(ਸੂਰਜ ਠਾਕੁਰ, ਸਰਬਜੀਤ ਸਿੱਧੂ)-ਪਹਿਲਾਂ ਤਾਲਾਬੰਦੀ ਅਤੇ ਹੁਣ 1 ਅਕਤੂਬਰ ਤੋਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਵਲੋਂ ਸ਼ੁਰੂ ਕੀਤੇ ਗਏ 'ਰੇਲ ਰੋਕੋ' ਅੰਦੋਲਨ ਨੇ ਪੰਜਾਬ ਦੇ ਉਦਯੋਗਾਂ ਦਾ ਲੱਕ ਤੋੜ ਦਿੱਤਾ ਹੈ। ਜਾਣਕਾਰੀ ਮੁਤਾਬਕ ਉਦਯੋਗਾਂ ਦਾ ਕਰੀਬ 13 ਹਜ਼ਾਰ ਕਰੋੜ ਦਾ ਮਾਲ ਲੁਧਿਆਣਾ ਦੇ ਡਰਾਈ ਪੋਰਟ ਅਤੇ ਰੇਲਵੇ ਟ੍ਰੈਕਾਂ 'ਤੇ ਖੜੀਆਂ ਗੱਡੀਆਂ 'ਚ ਫਸਿਆ ਹੋਇਆ ਹੈ। ਉਦਯੋਗਿਕ ਖੇਤਰ ਦੇ ਵਪਾਰੀ ਸੰਗਠਨਾਂ ਦਾ ਮੰਨਣਾ ਹੈ ਕਿ ਜੇਕਰ ਸਪਲਾਈ ਚੇਨ ਦੀਵਾਲੀ ਤਕ ਨਾ ਖੁੱਲੀ ਤਾਂ ਪੰਜਾਬ ਦੇ ਉਦਯੋਗਾਂ ਦਾ ਸਾਰਾ ਬਿਜਨੈੱਸ ਰਾਜਸਥਾਨ ਅਤੇ ਦਿੱਲੀ ਦੇ ਉਦਯੋਗਾਂ ਨੂੰ ਸ਼ਿਫਟ ਹੋ ਜਾਵੇਗਾ, ਜਿਸ ਕਾਰਣ ਆਉਣ ਵਾਲੇ ਸਮੇਂ ਵਿਚ ਸੂਬੇ ਨੂੰ 15 ਲੱਖ ਕਰੋੜ ਦੇ ਮਾਲੀਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ । ਇਹੀ ਨਹੀਂ ਟਰੇਨਾਂ ਦੀ ਆਵਾਜਾਈ ਨਾ ਹੋਣ ਕਾਰਣ ਸੂਬੇ ਵਿਚ ਯੂਰੀਆ ਦੀ ਵੀ ਕਮੀ ਹੋ ਗਈ ਹੈ, ਜਿਸ ਦਾ ਕਿਸਾਨਾਂ ਨੂੰ ਖੁਦ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ ।
ਮਾਲ ਦੇ 20 ਹਜ਼ਾਰ ਕੰਟੇਨਰ ਰੇਲਵੇ ਪੋਰਟ 'ਤੇ ਫਸੇ
ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨ ਜੱਥੇਬੰਦੀਆਂ ਦੇ 'ਰੇਲ ਰੋਕੋ' ਅੰਦੋਲਨ ਨੇ ਸੂਬੇ ਦੀ ਆਰਥਿਕਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਾਲਾਂਕਿ ਕੈਪਟਨ ਸਰਕਾਰ ਵਲੋਂ ਖੇਤੀਬਾੜੀ ਕਾਨੂੰਨਾਂ ਖਿਲਾਫ ਬਿੱਲ ਪਾਸ ਕਰਨ ਦੇ ਬਾਅਦ ਕਿਸਾਨ ਜੱਥੇਬੰਦੀਆਂ ਨੇ ਮਾਲ ਗੱਡੀਆਂ ਨੂੰ ਚਲਾਉਣ ਲਈ ਰੇਲਵੇ ਟ੍ਰੈਕ ਖਾਲੀ ਕਰ ਦਿੱਤੇ ਸਨ ਪਰ ਉਸਦੇ ਬਾਅਦ ਕੇਂਦਰ ਸਰਕਾਰ ਨੇ ਹੀ ਪੰਜਾਬ ਵਿਚ ਮਾਲ ਗੱਡੀਆਂ ਚਲਾਉਣ ਤੋਂ ਇਨਕਾਰ ਕਰ ਦਿੱਤਾ ਸੀ । ਰੇਲਵੇ ਮੰਤਰਾਲਾ ਇਸ ਗੱਲ 'ਤੇ ਅੜਿਆ ਹੋਇਆ ਹੈ ਕਿ ਸੂਬਾ ਸਰਕਾਰ ਪਹਿਲਾਂ ਮਾਲ ਗੱਡੀਆਂ ਚਲਾਉਣ ਲਈ ਸੁਰੱਖਿਆ ਦੀ ਜ਼ਿੰਮੇਦਾਰੀ ਲਵੇ। ਤਕਰੀਬਨ ਇਕ ਮਹੀਨੇ ਤੋਂ ਬੰਦ ਹੋਈ ਰੇਲ ਆਵਾਜਾਈ ਕਾਰਣ ਉਦਯੋਗਾਂ ਦੀ ਹਾਲਤ ਬਹੁਤ ਹੀ ਖਰਾਬ ਹੁੰਦੀ ਜਾ ਰਹੀ ਹੈ। ਨਤੀਜੇ ਵਜੋਂ ਉਦਯੋਗਾਂ ਨੂੰ ਉਤਪਾਦਨ ਲਈ ਕੱਚਾ ਮਾਲ ਨਹੀਂ ਮਿਲ ਰਿਹਾ ਅਤੇ ਐਕਸਪੋਰਟ ਕਰਨ ਵਾਲਾ ਸਾਮਾਨ 20 ਹਜ਼ਾਰ ਕੰਟੇਨਰਾਂ ਵਿਚ ਰੇਲਵੇ ਪੋਰਟ 'ਤੇ ਹੀ ਬੰਦ ਪਿਆ ਹੈ ।
ਇਹ ਉਦਯੋਗ ਬਰਬਾਦੀ ਦੇ ਕਗਾਰ 'ਤੇ
'ਰੇਲ ਰੋਕੋ' ਅੰਦੋਲਨ ਕਾਰਣ ਪ੍ਰਭਾਵਿਤ ਹੋਣ ਵਾਲੇ ਉਦਯੋਗਾਂ ਵਿਚ ਸਾਈਕਲ, ਹੌਜਰੀ , ਰਾਈਸ ਪ੍ਰੋਸੈਸਿੰਗ, ਚਮੜਾ , ਇੰਜੀਨੀਅਰਿੰਗ ਦਾ ਸਾਮਾਨ, ਕਪਾਹ, ਟਰੈਕਟਰ ਦੇ ਪੁਰਜੇ ਅਤੇ ਹੱਥ ਨਾਲ ਚੱਲਣ ਵਾਲੇ ਉਪਕਰਨਾਂ ਵਾਲੇ ਉਦਯੋਗ ਸ਼ਾਮਲ ਹਨ। ਲੁਧਿਆਣਾ ਕਸਟਮਜ਼ ਹਾਊਸ ਏਜੰਟਸ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਵਰਮਾ ਮੁਤਾਬਕ ਲਗਭਗ 4500 ਕਰੋੜ ਦਾ ਦੂਜੇ ਦੇਸ਼ਾਂ ਵਿਚ ਐਕਸਪੋਰਟ ਕੀਤੇ ਜਾਣ ਵਾਲਾ ਸਾਮਾਨ ਜਾਂ ਤਾਂ ਰੇਲਵੇ ਪੋਰਟ ਉੱਤੇ ਪਿਆ ਹੈ ਜਾਂ ਫਿਰ ਟ੍ਰੈਕ 'ਤੇ ਖੜੀਆਂ ਮਾਲ ਗੱਡੀਆਂ ਵਿਚ ਰੁਕਿਆ ਪਿਆ ਹੈ। ਇਸੇ ਤਰ੍ਹਾਂ 7500 ਕਰੋੜ ਦਾ ਕੱਚਾ ਮਾਲ ਲੁਧਿਆਣਾ ਦੇ ਉਦਯੋਗਾਂ ਵਿਚ ਨਹੀਂ ਪਹੁੰਚ ਰਿਹਾ ਹੈ। ਇਸ ਕਾਰਣ ਕਈ ਛੋਟੇ ਅਤੇ ਵੱਡੇ ਉਦਯੋਗਾਂ ਵਿਚ ਉਤਪਾਦਨ ਠੱਪ ਹੋਣ ਦੀ ਕਗਾਰ 'ਤੇ ਹਨ । ਵਰਮਾ ਨੇ ਕਿਹਾ ਕਿ ਸਰਕਾਰ ਨੂੰ ਇਸ ਸਮੇਂ 'ਰੇਲ ਰੋਕੋ' ਅੰਦੋਲਨ ਕਾਰਣ 300 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਹੋ ਚੁੱਕਿਆ ਹੈ। ਟਰੇਨਾਂ ਦੀ ਆਵਾਜਾਈ ਨਾ ਹੋਣ ਕਾਰਣ ਪੰਜਾਬ ਦੇ ਉਦਯੋਗਾਂ ਦਾ ਬਿਜਨੈੱਸ ਦੂਜੇ ਸੂਬਿਆਂ ਵੱਲ ਸ਼ਿਫਟ ਹੋ ਰਿਹਾ ਹੈ ।
ਸਾਈਕਲ ਉਦਯੋਗ ਸੰਕਟ 'ਚ
ਤਾਲਾਬੰਦੀ ਦੀ ਮਾਰ ਝੱਲ ਚੁੱਕੇ ਸੂਬੇ ਦੇ ਸਾਈਕਲ ਉਦਯੋਗ 'ਤੇ ਵੀ ਕਿਸਾਨੀ ਅੰਦੋਲਨ ਦੇ ਕਾਰਣ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਕੋਵਿਡ ਸੰਕਟ ਨੇ ਹਾਈ ਐਂਡ ਫਿਟਨੈੱਸ ਅਤੇ ਮਨੋਰੰਜਨ ਬਾਈਕ ਦੀ ਮੰਗ ਵਿਚ ਵੱਡਾ ਉਛਾਲ ਲਿਆ ਦਿੱਤਾ ਹੈ ਪਰ 'ਰੇਲ ਰੋਕੋ' ਅੰਦੋਲਨ ਇਸ ਉਦਯੋਗ 'ਤੇ ਵੀ ਭਾਰੀ ਪੈ ਰਿਹਾ ਹੈ । ਹੀਰੋ ਸਾਈਕਲ ਅਤੇ ਏਵਨ ਸਾਈਕਲ ਵਰਗੇ ਬਰਾਂਡਸ ਦਾ ਵੀ ਹਾਈ ਐਂਡ ਸਾਈਕਲਾਂ ਵਿਚ ਇਸਤੇਮਾਲ ਹੋਣ ਵਾਲਾ ਕੱਚਾ ਮਾਲ ਅਲਾਏ, ਰਿੰਮਸ ਅਤੇ ਗੀਅਰ ਪਾਰਟਸ ਦਿੱਲੀ , ਰਾਜਸਥਾਨ ਜਾਂ ਅੰਬਾਲਾ ਵਿਚ ਫਸੇ ਹੋਏ ਹਨ। ਹੀਰੋ ਸਾਈਕਲ ਦੇ ਸੀ. ਐੱਮ. ਡੀ. ਪੰਕਜ ਮੁੰਜਾਲ ਦਾ ਕਹਿਣਾ ਹੈ ਕਿ ਉਦਯੋਗ ਭਾਰਤ ਅਤੇ ਵਿਦੇਸ਼ਾਂ ਵਿਚ ਵਧਦੀ ਸਾਈਕਲ ਦੀ ਮੰਗ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਿਹਾ ਸੀ। ਏਵਨ ਸਾਈਕਲਸ ਦੇ ਸੀ. ਐੱਮ. ਡੀ. ਓਂਕਾਰ ਸਿੰਘ ਪਾਹਵਾ ਦਾ ਕਹਿਣਾ ਹੈ ਕਿ ਅਸੀਂ ਤਾਈਵਾਨ ਤੋਂ ਦਰਮਾਦ ਕਰਨਾ ਸ਼ੁਰੂ ਕਰ ਦਿੱਤਾ ਹੈ । ਸਾਡੀ ਇਕਾਈ ਅਤੇ ਕੁਝ ਹੋਰ ਸਾਈਕਲ ਇਕਾਈਆਂ ਦਾ ਕੱਚਾ ਮਾਲ ਚੀਨ ਤੋਂ ਵੀ ਆ ਰਿਹਾ ਹੈ । ਇਹ ਮਾਲ ਕੰਟੇਨਰ ਟਰੇਨਾਂ ਦੇ ਜ਼ਰੀਏ ਸਾਡੇ ਤਕ ਪੁੱਜਦਾ ਹੈ, ਜੋ ਰਸਤੇ ਵਿਚ ਫਸ ਗਏ ਹਨ ।