ਕਰਜ਼ੇ ਦੇ ਬੋਝ ਨੇ ਝੰਭਿਆ ਕਿਸਾਨ, ਹੱਥੀਂ ਗੱਲ ਲਾਈ ਮੌਤ

Tuesday, Jul 09, 2019 - 12:12 PM (IST)

ਕਰਜ਼ੇ ਦੇ ਬੋਝ ਨੇ ਝੰਭਿਆ ਕਿਸਾਨ, ਹੱਥੀਂ ਗੱਲ ਲਾਈ ਮੌਤ

ਫਰੀਦਕੋਟ (ਜਗਤਾਰ) : ਪੰਜਾਬ ਵਿਚ ਕਰਜ਼ੇ ਕਾਰਨ ਕਿਸਾਨਾਂ ਵਲੋਂ ਕੀਤੀਆਂ ਜਾਂਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਮਾਮਲਾ ਫਰੀਦਕੋਟ ਦੇ ਪਿੰਡ ਸੰਗਤਪੁਰਾ ਦਾ ਸਾਹਮਣੇ ਆਇਆ ਹੈ, ਜਿੱਥੇ ਕਿਸਾਨ ਜੋਗਿੰਦਰ ਸਿੰਘ (45) ਪੁੱਤਰ ਬਲਬੀਰ ਸਿੰਘ ਨੇ ਕਰਜ਼ੇ ਤੋਂ ਦੁੱਖੀ ਹੋ ਕੇ ਘਰ ਵਿਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ ਮਹਿਜ਼ ਡੇਢ ਏਕੜ ਜ਼ਮੀਨ 'ਤੇ ਖੇਤੀ ਕਰਦਾ ਸੀ ਅਤੇ ਉਸ ਦੇ ਸਿਰ ਲਗਭਗ 10 ਲੱਖ ਰੁਪਏ ਦਾ ਕਰਜ਼ਾ ਸੀ। ਜਿਸ ਕਾਰਨ ਕਿਸਾਨ ਜੋਗਿੰਦਰ ਸਿੰਘ ਅਕਸਰ ਪ੍ਰੇਸ਼ਾਨ ਰਹਿੰਦਾ ਸੀ।

ਪਰਿਵਾਰ ਦਾ ਕਹਿਣਾ ਹੈ ਕਿ ਕਰਜ਼ੇ ਦੀ ਪ੍ਰੇਸ਼ਾਨੀ ਕਾਰਨ ਜੋਗਿੰਦਰ ਸਿੰਘ ਨੇ ਮੰਗਲਵਾਰ ਨੂੰ ਘਰ ਵਿਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਕਿਸਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


author

Gurminder Singh

Content Editor

Related News