ਪੰਜਾਬ ''ਚ ਸ਼ਰਾਬ ਮਾਫੀਆ ਸਰਗਰਮ! ਨੈਸ਼ਨਲ ਹਾਈਵੇਅ ’ਤੇ ਚੱਲ ਰਹੇ ਸ਼ਰਾਬ ਦੇ ਗੈਰ-ਕਾਨੂੰਨੀ ਠੇਕੇ
Thursday, Jan 29, 2026 - 07:50 PM (IST)
ਜਲਾਲਾਬਾਦ (ਆਦਰਸ਼, ਜਤਿੰਦਰ) : ਆਮ ਆਦਮੀ ਪਾਰਟੀ ਦੀ ਸਰਕਾਰ ਬਦਲਾਅ ਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਵਾਅਦੇ ਨੂੰ ਲੈ 4 ਸਾਲ ਪਹਿਲਾਂ ਸੱਤਾ ’ਤੇ ਕਾਬਜ ਹੋਈ ਸੀ। ਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਪਹਿਲੀਆ ਸਰਕਾਰਾਂ ਦੇ ਨਾਲੋਂ 'ਆਪ' ਸਰਕਾਰ ਦੇ 4 ਸਾਲਾਂ ਦੇ ਕਾਰਜਕਾਲ ਦੌਰਾਨ ਵੱਡੇ ਪੱਧਰ ’ਤੇ ਭ੍ਰਿਸ਼ਟਚਾਰਾਂ ਨੇ ਜਨਮ ਲਿਆ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਦੇ ਨਾਲ ਪੰਜਾਬ ਭਰ ’ਚ ਸ਼ਰਾਬ ਮਾਫੀਆ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਚੁੱਕਾ ਹੈ ਤੇ ਸ਼ਰਾਬ ਠੇਕੇਦਾਰਾਂ ਵੱਲੋਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ ਤੇ ਸ਼ਰਾਬ ਠੇਕੇਦਾਰ ਤੇ ਐਕਸਾਇਜ਼ ਵਿਭਾਗ ਦੇ ਅਧਿਕਾਰੀਆਂ ਦੀ ਚਾਂਦੀ ਹੋ ਰਹੀ ਹੈ।

ਸ਼ਰਾਬ ਦੇ ਗੈਰ-ਕਾਨੂੰਨੀ ਠੇਕਿਆ ਨੂੰ ਬੰਦ ਕਰਵਾਉਣ ਦੇ ਸ਼ਿਕਾਇਤਕਰਤਾ ਪਿੰਡ ਸੁਖੇਰਾ ਬੋਦਲਾ ਦੇ ਨੌਜਵਾਨ ਸਣੇ 2 ਹੋਰ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੂੰ ਵਿਰੁੱਧ 07 ਜਨਵਰੀ ਨੂੰ ਥਾਣਾ ਸਿਟੀ ਜਲਾਲਾਬਾਦ ’ਚ ਦਰਜ ਕਰਵਾਏ ਗਏ ਮਾਮਲੇ ਤੋਂ ਬਾਅਦ ਨੌਜਵਾਨ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ। ਪਿੰਡ ਸੁਖੇਰਾ ਬੋਦਲਾ ਦੇ ਵਾਸੀ ਬਲਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਨੇ ਦੱਸਿਆ ਕਿ ਸ਼ਰਾਬ ਮਾਫੀਆ ਵੱਲੋਂ ਮਾਨਯੋਗ ਹਾਈਕੋਰਟ ਦੇ ਆਦੇਸ਼ਾ ਨੂੰ ਛਿੱਕੇ ਟੰਗ ਕੇ ਨੈਸ਼ਨਲ ਤੇ ਸਟੇਟ ਹਾਈਵੇ ’ਤੇ 40 ਤੋਂ ਵੱਧ ਗੈਰ ਕਾਨੂੰਨੀ ਠੇਕਿਆਂ ਨੂੰ ਬੰਦ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸਣੇ ਮੀਡੀਆ ਨੂੰ ਦਿੱਤੇ ਬਿਆਨਾਂ ’ਚ ਹਲਫੀਆ ’ਚ ਸ਼ਰਾਬ ਠੇਕੇਦਾਰਾਂ ਦੇ ਸੰਗੀਨ ਖੁਲਾਸੇ ਕੀਤੇ ਹਨ। ਪੁਲਸ ਕਾਰਵਾਈ ਦਾ ਸ਼ਿਕਾਰ ਹੋਏ ਬਲਵਿੰਦਰ ਸਿੰਘ ਵਾਸੀ ਸੁਖੇਰਾ ਬੋਦਲਾ ਨੇ ਦੱਸਿਆ ਕਿ ਮਲੋਹਤਰਾ ਗਰੁੱਪ ਦੇ ਨਾਜਾਇਜ਼ ਸ਼ਰਾਬ ਦੇ ਠੇਕਿਆ ਸਬੰਧੀ ਸੂਚਨਾ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਕਿ ਅਬੋਹਰ ਤੋਂ ਲੈ ਕੇ ਜਲਾਲਾਬਾਦ ਦੇ ਨੈਸ਼ਨਲ ਹਾਈਵੇ ’ਤੇ ਸ਼ਰਾਬ ਦੇ ਠੇਕੇ ਖੋਲ੍ਹੇ ਹੋਏ ਹਨ। ਫਾਜ਼ਿਲਕਾ ਜ਼ਿਲ੍ਹੇ ਦਾ ਆਬਕਾਰੀ ਵਿਭਾਗ ਤੇ ਜਲਾਲਾਬਾਦ ਦਾ ਸਿਵਲ ਪ੍ਰਸ਼ਾਸਨ ਤੇ ਪੁਲਸ ਪ੍ਰਸ਼ਾਸਨ ਗੂੜ੍ਹੀ ਨੀਂਦ ਸੁੱਤਾ ਹੋਇਆ ਹੈ ਅਤੇ ਇਸ ਤਰ੍ਹਾਂ ਹੀ ਪਿੰਡਾਂ ’ਚ ਸਕੂਲਾਂ, ਮੰਦਰਾਂ ਤੇ ਸੰਘਣੀ ਅਬਾਦੀ ’ਚ ਸ਼ਰਾਬ ਦੇ ਠੇਕੇ ਵੱਡੇ ਪੱਧਰ ’ਤੇ ਚੱਲਾਏ ਜਾ ਰਹੇ ਹਨ ਅਤੇ ਜਿਨ੍ਹਾਂ ’ਤੇ ਸ਼ਰਾਬ ਦੀ ਬੋਤਲ ’ਤੇ ਨਿਰਧਾਰਿਤ ਰੇਟ ਜਾਂ ਪ੍ਰਿੰਟ ਰੇਟ ਤੋਂ ਵੱਧ ਪੈਸੇ ਵਸੂਲ ਕੇ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।

ਪੀੜਤ ਨੇ ਕਿਹਾ ਕਿ ਮਾਨਯੋਗ ਹਾਈਕੋਰਟ ਵੱਲੋਂ ਆਦੇਸ਼ ਹਨ ਕਿ ਨੈਸ਼ਨਲ ਹਾਈਵੇ ਤੋਂ ਹੱਟ ਕੇ 500 ਮੀਟਰ ਦੀ ਦੂਰੀ ਪਿੱਛੇ ਸ਼ਰਾਬ ਦੇ ਠੇਕੇ ਖੋਲ੍ਹੇ ਜਾਣ ਪਰ ਸ਼ਰਾਬ ਮਾਫੀਆ ਦੇ ਅੱਗੇ ਐਕਸਾਇਜ਼ ਵਿਭਾਗ ਦੀ ਮਿਲੀਭੁਗਤ ਹੋਣ ਨਾਲ ਮਾਨਯੋਗ ਹਾਈਕੋਰਟ ਦੇ ਆਦੇਸ਼ਾ ਨੂੰ ਛਿੱਕੇ ਟੰਗ ਕੇ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ ਅਤੇ ਪਿੰਡਾਂ ’ਚ ਇਸ ਤਰ੍ਹਾਂ ਹੀ ਸੰਘਣੀ ਅਬਾਦੀ ’ਚ ਠੇਕੇ ਚੱਲ ਰਹੇ ਹਨ। ਪੀੜਤ ਨੇ ਕਿਹਾ ਕਿ ਸ਼ਰਾਬ ਠੇਕੇਦਾਰਾਂ ਵੱਲੋਂ ਲਗਭਗ 17-18 ਦੇ ਕਰੀਬ ਨਿੱਜੀ ਕਰਿੰਦੇ ਰੱਖੇ ਹੋਏ ਜਿਹੜੇ ਕਿ ਲੋਕਾਂ ਦੇ ਘਰਾਂ ’ਚ ਐਕਸਾਇਜ਼ ਵਿਭਾਗ ਤੋਂ ਬਿਨ੍ਹਾਂ ਹੀ ਰੇਡ ਕਰਦੇ ਹਨ ਅਤੇ ਲੋਕ ਵੱਲੋਂ ਵਿਰੋਧ ਕੀਤੇ ਜਾਣ ਤੇ ਉਨ੍ਹਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਘਰਾਂ ’ਚੋਂ ਜਬਰਨ ਸਮਾਨ ਵੀ ਚੁੱਕਾ ਲਿਆ ਜਾਂਦਾ ਹੈ ਤੇ ਕਰਿੰਦੀਆਂ ਵੱਲੋਂ ਗੁੰਡਾਗਰਦੀ ਕੀਤੇ ਜਾਣ ਤੋਂ ਬਾਅਦ ਹੀ ਪੀੜਤ ਲੋਕਾਂ ਦੇ ਵਿਰੁੱਧ ਹੀ ਪੁਲਸ ਵੱਲੋਂ ਕਾਰਵਾਈ ਕਰਕੇ ਠੇਕੇਦਾਰਾਂ ਖੁਸ਼ ਕੀਤਾ ਜਾਂਦਾ ਹੈ।

ਪੀੜਤ ਬਲਵਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ , ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਐਕਸਾਇਜ਼ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਨਯੋਗ ਹਾਈਕਰੋਟ ਦੇ ਆਦੇਸ਼ਾ ਨੂੰ ਛਿੱਕੇ ਟੰਗ ਕੇ ਹਾਈਵੇ ’ਤੇ ਚੱਲ ਰਹੇ ਗੈਰ ਕਾਨੂੰਨੀ ਸ਼ਰਾਬ ਦੇ ਠੇਕੇ ਬੰਦ ਕੀਤੇ ਜਾਣ ਤੇ ਸ਼ਰਾਬ ਮਾਫੀਆ ’ਚ ਸ਼ਾਮਲ ਐਕਸਾਇਜ਼ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੇਰੇ ਵਿਰੁੱਧ ਸ਼ਰਾਬ ਠੇਕੇਦਾਰਾਂ ਵੱਲੋਂ ਦਰਜ ਕਰਵਾਇਆ ਗਿਆ ਝੂਠਾ ਮੁਕੱਦਮਾ ਖਾਰਜ ਕੀਤਾ ਜਾਵੇ ਨਹੀ ਤਾਂ ਉਹ ਇਸ ਮਾਮਲੇ ਨੂੰ ਲੈ ਕੇ ਮਾਨਯੋਗ ਅਦਾਲਤ ਦਾ ਦਰਵਾਜਾ ਖੜ੍ਹਕਾਉਣ ਦੇ ਲਈ ਮਜ਼ਬੂਰ ਹੋਵੇਗਾ।
ਐਕਸਾਇਜ਼ ਵਿਭਾਗ ਫ਼ਾਜ਼ਿਲਕਾ ਦੇ ਈ.ਟੀ.ਓ. ਨੇ ਫੋਨ ਨੂੰ ਚੁੱਕਣਾ ਮੁਨਾਸਬ ਨਹੀਂ ਸਮਝਿਆ
ਐਕਸਾਇਜ਼ ਵਿਭਾਗ ਫ਼ਾਜ਼ਿਲਕਾ ਦੇ ਈ.ਟੀ.ੳ ਤੇਜਿੰਦਰ ਗਰਗ ਨਾਲ ਨੈਸ਼ਨਲ ਹਾਈਵੇ ’ਤੇ ਚੱਲ ਰਹੇ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਉਨ੍ਹਾਂ ਦੇ ਮੋਬਾਇਲ ਨੰਬਰ ’ਤੇ ਵਾਰ ਵਾਰ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫੋਨ ਨੂੰ ਚੁੱਕਣਾ ਮੁਨਸਾਬ ਨਹੀ ਸਮਝਿਆ।
ਐਕਸਾਇਜ਼ ਇੰਨਸਪੈਕਟਰ ਫ਼ਾਜ਼ਿਲਕਾ ਵੱਲੋਂ ਨਹੀ ਦਿੱਤਾ ਗਿਆ ਤਸਲੀਬਖ਼ਸ ਜਵਾਬ
ਐਕਸਾਇਜ਼ ਇੰਨਸਪੈਕਟਰ ਫ਼ਾਜ਼ਿਲਕਾ ਗੁਰਤੇਜ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਵਾਰ-ਵਾਰ ਈ.ਟੀ.ੳ ਫ਼ਾਜ਼ਿਲਕਾ ਨਾਲ ਗੱਲ ਕਰਨ ਦਾ ਕਹਿਣ ਕੇ ਫੋਨ ਕੱਟ ਦਿੱਤਾ ਅਤੇ ਕੋਈ ਵੀ ਤਸਲੀਬਖ਼ਸ ਜਵਾਬ ਨਹੀਂ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
