ਦੁਪਹਿਰ ਭਾਜਪਾ ਤੇ ਸ਼ਾਮ ਨੂੰ ਮੁੜ ਕਾਂਗਰਸ ''ਚ ਸ਼ਾਮਲ ਹੋਇਆ ਆਗੂ
Friday, Jan 23, 2026 - 07:28 PM (IST)
ਜਲਾਲਾਬਾਦ (ਆਦਰਸ਼,ਜਤਿੰਦਰ)-ਸ਼ਹਿਰ 'ਚ ਇਕ ਦਿਨ ਦੌਰਾਨ ਵਾਪਰੀ ਅਜੀਬੋ-ਗਰੀਬ ਸਿਆਸੀ ਘਟਨਾ ਨੇ ਸਾਰੇ ਸ਼ਹਿਰ ਨੂੰ ਹੱਸਣ ਅਤੇ ਹੈਰਾਨ ਹੋਣ ਲਈ ਮਜਬੂਰ ਕਰ ਦਿੱਤਾ। ਇਕ ਕਾਂਗਰਸੀ ਵਰਕਰ, ਜੋ ਸਵੇਰ ਤੱਕ ਆਪਣੇ ਆਪ ਨੂੰ ਕਾਂਗਰਸ ਦਾ ਪੱਕਾ ਸਿਪਾਹੀ ਦੱਸਦਾ ਰਿਹਾ, ਦੁਪਹਿਰ ਸਮੇਂ ਅਚਾਨਕ ਭਾਜਪਾ 'ਚ ਸ਼ਾਮਲ ਹੋ ਗਿਆ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਸ਼ਾਮ ਹੁੰਦੇ-ਹੁੰਦੇ ਉਹੀ ਵਿਅਕਤੀ ਮੁੜ ਕਾਂਗਰਸ ਵਿੱਚ ਵਾਪਸ ਆ ਗਿਆ।
ਇਹ ਵੀ ਪੜ੍ਹੋ: ਅਗਲੇ 24 ਘੰਟੇ ਅਹਿਮ! ਅਚਾਨਕ ਖੜਕਣ ਲੱਗੇ ਪੰਜਾਬੀਆਂ ਦੇ ਫੋਨ, 27 ਜਨਵਰੀ ਤੱਕ Alert ਜਾਰੀ
ਇਸ ਪੂਰੇ ਮਾਮਲੇ ਨੇ ਰਾਜਨੀਤਿਕ ਹਲਕਿਆਂ ਹੀ ਨਹੀਂ, ਸਗੋਂ ਆਮ ਲੋਕਾਂ ਵਿੱਚ ਵੀ ਹਾਸੋਹੀਨ ਸਥਿਤੀ ਪੈਦਾ ਕਰ ਦਿੱਤੀ। ਦੁਪਹਿਰ ਵੇਲੇ ਭਾਜਪਾ ਵਿੱਚ ਸ਼ਾਮਲ ਹੋਣ ਸਮੇਂ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗ ਪਈਆਂ। ਭਾਜਪਾ ਦੇ ਕੁਝ ਵਰਕਰਾਂ ਵੱਲੋਂ ਉਸ ਨੂੰ ਵੱਡਾ ਆਗੂ ਦੱਸ ਕੇ ਪੇਸ਼ ਕੀਤਾ ਗਿਆ ਅਤੇ ਇਹ ਦਾਅਵਾ ਕੀਤਾ ਗਿਆ ਕਿ ਉਸ ਦੇ ਸ਼ਾਮਲ ਹੋਣ ਨਾਲ ਪਾਰਟੀ ਨੂੰ ਵੱਡੀ ਤਾਕਤ ਮਿਲੇਗੀ। ਲੋਕਾਂ ਨੇ ਇਨ੍ਹਾਂ ਦਾਅਵਿਆਂ ’ਤੇ ਵੀ ਤੰਜ ਕੱਸੇ ਅਤੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਸ਼ਾਮ ਤੱਕ ਸਾਰਾ ਮਾਹੌਲ ਹੀ ਬਦਲ ਗਿਆ।
ਉਸੇ ਵਿਅਕਤੀ ਦੀਆਂ ਕਾਂਗਰਸ ਵਿੱਚ ਘਰ ਵਾਪਸੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਆ ਗਈਆਂ। ਇਕੋ ਦਿਨ ਵਿੱਚ ਦੋ ਪਾਰਟੀਆਂ ਬਦਲਣ ਦੀ ਘਟਨਾ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਅਤੇ ਫੇਸਬੁੱਕ, ਵ੍ਹਟਸਐਪ ਅਤੇ ਹੋਰ ਪਲੇਟਫਾਰਮਾਂ ’ਤੇ ਤੰਜੀ ਪੋਸਟਾਂ ਦੀ ਭਰਮਾਰ ਹੋ ਗਈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਅਕਸਰ ਆਪਣੇ ਆਪ ਨੂੰ ਬਹੁਤ ਵੱਡਾ ਲੀਡਰ ਵਿਖਾਉਂਦਾ ਹੈ ਪਰ ਅਸਲ ਵਿੱਚ ਉਸ ਦਾ ਜਨਤਾ ਵਿੱਚ ਕੋਈ ਖ਼ਾਸ ਆਧਾਰ ਨਹੀਂ ਹੈ। ਲੋਕਾਂ ਅਨੁਸਾਰ ਇਹ ਸਾਰਾ ਮਾਮਲਾ ਸਿਰਫ਼ ਨਿੱਜੀ ਪ੍ਰਚਾਰ ਅਤੇ ਖ਼ੁਦ ਨੂੰ ਚਰਚਾ ਵਿੱਚ ਰੱਖਣ ਲਈ ਕੀਤਾ ਗਿਆ ਡਰਾਮਾ ਸੀ। ਕਈ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਅਜਿਹੀਆਂ ਹਰਕਤਾਂ ਨਾਲ ਸਿਰਫ਼ ਆਪਣੀ ਹੀ ਨਹੀਂ, ਸਗੋਂ ਪਾਰਟੀਆਂ ਦੀ ਵੀ ਬਦਨਾਮੀ ਹੁੰਦੀ ਹੈ।

ਇਸ ਪੂਰੇ ਮਾਮਲੇ ਨੂੰ ਲੈ ਕੇ ਭਾਜਪਾ ਵਰਕਰਾਂ ਦੀ ਵੀ ਕਾਫ਼ੀ ਕਿਰਕਰੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਬਿਨਾਂ ਪੂਰੀ ਜਾਂਚ-ਪੜਤਾਲ ਕੀਤੇ ਕਿਸੇ ਨੂੰ ਵੱਡਾ ਆਗੂ ਬਣਾ ਕੇ ਪੇਸ਼ ਕਰਨਾ ਪਾਰਟੀ ਦੀ ਸੋਚ ’ਤੇ ਸਵਾਲ ਖੜ੍ਹੇ ਕਰਦਾ ਹੈ। ਦੂਜੇ ਪਾਸੇ ਕਾਂਗਰਸ ਵਰਕਰਾਂ ਨੇ ਵੀ ਇਸ ਘਟਨਾ ਨੂੰ ਰਾਜਨੀਤਿਕ ਮਜ਼ਾਕ ਅਤੇ ਦਿਖਾਵਾ ਕਰਾਰ ਦਿੱਤਾ ਹੈ। ਰਾਜਨੀਤਿਕ ਮਾਹਿਰਾਂ ਅਨੁਸਾਰ ਅਜਿਹੀਆਂ ਘਟਨਾਵਾਂ ਲੋਕਤੰਤਰ ਲਈ ਵੀ ਚੰਗਾ ਸੰਕੇਤ ਨਹੀਂ ਹਨ, ਕਿਉਂਕਿ ਇਸ ਨਾਲ ਰਾਜਨੀਤੀ ਦੀ ਗੰਭੀਰਤਾ ਘਟਦੀ ਹੈ ਅਤੇ ਆਮ ਲੋਕਾਂ ਦਾ ਨੇਤਾਵਾਂ ’ਤੇ ਭਰੋਸਾ ਕਮਜ਼ੋਰ ਪੈਂਦਾ ਹੈ।
ਇਕੋ ਦਿਨ ਵਿੱਚ ਪਾਰਟੀ ਬਦਲਣ ਨਾਲ ਇਹ ਸਾਫ਼ ਹੋ ਗਿਆ ਕਿ ਕਈ ਲੋਕ ਸਿਧਾਂਤਾਂ ਦੀ ਬਜਾਏ ਸਿਰਫ਼ ਮੌਕੇ ਦੇ ਹਿਸਾਬ ਨਾਲ ਰਾਜਨੀਤੀ ਕਰ ਰਹੇ ਹਨ। ਕੁੱਲ੍ਹ ਮਿਲਾ ਕੇ ਇਹ ਘਟਨਾ ਜਲਾਲਾਬਾਦ ਦੀ ਰਾਜਨੀਤਿਕ ਤਸਵੀਰ ’ਤੇ ਇਕ ਮਜ਼ਾਕੀਆ ਦਾਗ਼ ਵਾਂਗ ਰਹਿ ਗਈ ਹੈ। ਲੋਕਾਂ ਵਿੱਚ ਇਹ ਸੁਨੇਹਾ ਸਾਫ਼ ਤੌਰ ’ਤੇ ਗਿਆ ਹੈ ਕਿ ਸਿਰਫ਼ ਪਾਰਟੀਆਂ ਬਦਲਣ ਨਾਲ ਨਾ ਤਾਂ ਕੋਈ ਵੱਡਾ ਨੇਤਾ ਬਣਦਾ ਹੈ ਅਤੇ ਨਾ ਹੀ ਜਨਤਾ ਦਾ ਭਰੋਸਾ ਜਿੱਤਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! 25 ਤੇ 26 ਜਨਵਰੀ ਨੂੰ ਬੰਦ ਰਹਿਣਗੀਆਂ ਇਹ ਦੁਕਾਨਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
