ਸ਼ਰਾਬ ਗਰੁੱਪਾਂ ਦੀ ਲਾਇਸੈਂਸ ਫ਼ੀਸ 5 ਫ਼ੀਸਦੀ ਘਟਾਈ, ਮੰਗਲਵਾਰ ਦੁਪਹਿਰ 3 ਵਜੇ ਤੱਕ ਭਰੇ ਜਾ ਸਕਣਗੇ ਟੈਂਡਰ

Monday, Jun 27, 2022 - 02:13 AM (IST)

ਜਲੰਧਰ (ਪੁਨੀਤ) : ਸਰਕਾਰ ਵੱਲੋਂ 2022-23 ਦੇ 9 ਮਹੀਨਿਆਂ ਲਈ ਲਿਆਂਦੀ ਗਈ ਨਵੀਂ ਆਬਕਾਰੀ ਨੀਤੀ ਦੇ 55 ਫ਼ੀਸਦੀ ਟੈਂਡਰ ਨਾ ਭਰੇ ਜਾਣ ਕਾਰਨ ਵਿਭਾਗ ਨੇ ਲਾਇਸੈਂਸ ਫ਼ੀਸ 5 ਫ਼ੀਸਦੀ ਘਟਾ ਕੇ ਟੈਂਡਰ ਭਰਨ ਦਾ ਇਕ ਹੋਰ ਮੌਕਾ ਦਿੱਤਾ ਹੈ। ਪਾਲਿਸੀ ’ਚ ਬਦਲਾਅ ਕਰਦਿਆਂ 5 ਫ਼ੀਸਦੀ ਲਾਇਸੈਂਸ ਫ਼ੀਸ ਘਟਾਉਣ ਨਾਲ ਸਰਕਾਰ ਨੂੰ 130 ਕਰੋੜ ਦਾ ਵਿੱਤੀ ਨੁਕਸਾਨ ਝੱਲਣਾ ਪਵੇਗਾ। ਟੈਂਡਰ ਭਰਨ ਦੀ ਆਖਰੀ ਮਿਤੀ 28 ਜੂਨ ਹੈ ਅਤੇ ਉਸ ਦਿਨ ਦੁਪਹਿਰ 3 ਵਜੇ ਤੱਕ ਟੈਂਡਰ ਭਰੇ ਜਾ ਸਕਣਗੇ। ਇਸ ਉਪਰੰਤ 4 ਵਜੇ ਟੈਕਨੀਕਲ ਤੌਰ ’ਤੇ ਟੈਂਡਰ ਚੈੱਕ ਕੀਤੇ ਜਾਣਗੇ, ਜਦਕਿ 5 ਵਜੇ ਫਾਈਨਾਂਸ਼ੀਅਲ ਤੌਰ ’ਤੇ ਟੈਂਡਰਾਂ ਨੂੰ ਅਲਾਟ ਕਰਨ ਦਾ ਪ੍ਰੋਸੈੱਸ ਸ਼ੁਰੂ ਹੋਵੇਗਾ। ਸ਼ਾਮ 6 ਵਜੇ ਤੱਕ ਵਿਭਾਗ ਵੱਲੋਂ ਗਰੁੱਪ ਅਲਾਟ ਕੀਤੇ ਜਾਣਗੇ, ਜਿਸ ਤੋਂ ਬਾਅਦ ਸਫਲ ਟੈਂਡਰ ਭਰਨ ਵਾਲਿਆਂ ਨੂੰ ਮੁੱਢਲੀ ਰਾਸ਼ੀ ਜਮ੍ਹਾ ਕਰਵਾਉਣ ਲਈ ਨਿਯਮ ਅਨੁਸਾਰ ਸਮਾਂ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਸੱਤਾ ’ਚ ਰਹਿੰਦਿਆਂ ਉਪ ਚੋਣ ਹਾਰਨ ਵਾਲਿਆਂ ਵਿੱਚ ‘ਆਪ’ ਵੀ ਹੋਈ ਸ਼ਾਮਲ

ਨਵੀਂ ਪਾਲਿਸੀ ’ਚ ਬਣਾਏ ਗਏ 177 ਗਰੁੱਪਾਂ ਦੀ ਰਿਜ਼ਰਵ ਪ੍ਰਾਈਸ 5600.34 ਕਰੋੜ ਰੱਖੀ ਗਈ ਹੈ, ਜਿਸ ਵਿੱਚ 78 ਗਰੁੱਪਾਂ ਲਈ ਟੈਂਡਰਿੰਗ ਹੋਈ ਸੀ। ਜਿਹੜੇ ਬਿਨੈਕਾਰਾਂ ਵੱਲੋਂ ਟੈਂਡਰ ਭਰੇ ਜਾ ਚੁੱਕੇ ਹਨ, ਉਨ੍ਹਾਂ ਨੂੰ ਪੁਰਾਣੇ ਰੇਟ ਮੁਤਾਬਕ ਬਣਦੀ ਫ਼ੀਸ ਜਮ੍ਹਾ ਕਰਵਾਉਣੀ ਪਵੇਗੀ। ਉਨ੍ਹਾਂ ਨੂੰ ਲਾਇਸੈਂਸ ਫ਼ੀਸ 'ਚ 5 ਫ਼ੀਸਦੀ ਗਿਰਾਵਟ ਦਾ ਲਾਭ ਨਹੀਂ ਮਿਲ ਸਕੇਗਾ। ਨਵੀਂ ਪਾਲਿਸੀ ਮੁਤਾਬਕ ਵਿਭਾਗ ਨੂੰ ਸਭ ਤੋਂ ਵੱਧ ਨਮੋਸ਼ੀ ਜਲੰਧਰ ਜ਼ੋਨ 'ਚੋਂ ਝੱਲਣੀ ਪਈ ਸੀ ਕਿਉਂਕਿ ਇਥੇ 68 ਗਰੁੱਪਾਂ ’ਚ ਸਿਰਫ 18 ਟੈਂਡਰ ਭਰੇ ਗਏ ਸਨ, ਜਦਕਿ 50 ਗਰੁੱਪਾਂ ਦੇ ਟੈਂਡਰਾਂ ਲਈ ਕੋਈ ਅਰਜ਼ੀ ਨਹੀਂ ਆਈ ਸੀ।

ਖ਼ਬਰ ਇਹ ਵੀ : ਮੂਸੇਵਾਲਾ ਦੇ ਗਾਣੇ 'ਤੇ ਲੱਗੀ ਪਾਬੰਦੀ, ਉਥੇ ਸੰਗਰੂਰ ਵਾਸੀਆਂ ਨੇ ਸਿਮਰਨਜੀਤ ਮਾਨ ਦੇ ਹੱਕ 'ਚ ਦਿੱਤਾ ਫਤਵਾ, ਪੜ੍ਹੋ TOP 10

ਅਧਿਕਾਰੀਆਂ ਨੇ ਦੱਸਿਆ ਕਿ ਜਿਹੜੇ ਵਿਅਕਤੀ ਟੈਂਡਰ ਭਰਨਾ ਚਾਹੁੰਦੇ ਹਨ, ਉਨ੍ਹਾਂ ਨੂੰ 2 ਲੱਖ ਰੁਪਏ ਦਾ ਡਰਾਫਟ ਵਿਭਾਗ ਕੋਲ ਜਮ੍ਹਾ ਕਰਵਾਉਣਾ ਹੋਵੇਗਾ, ਜਿਸ ਉਪਰੰਤ ਉਹ ਟੈਂਡਰ ਭਰਨ ਲਈ ਯੂਜ਼ਰ ਨੇਮ ਵਿਭਾਗ ਤੋਂ ਲੈ ਸਕਣਗੇ। ਨਿਯਮਾਂ ਮੁਤਾਬਕ ਟੈਂਡਰ ਭਰਨ ਵਾਲੇ ਦੀ ਸਕਿਓਰਿਟੀ ਰਾਸ਼ੀ ਲਾਇਸੈਂਸ ਫ਼ੀਸ ’ਚ ਐਡਜਸਟ ਕਰਨ ਦਾ ਨਿਯਮ ਪੁਰਾਣੇ ਹਿਸਾਬ ਨਾਲ ਹੀ ਰਹੇਗਾ। ਇਸ ਦੇ ਮੁਤਾਬਕ ਪਹਿਲਾਂ 3 ਮਹੀਨਿਆਂ ’ਚ ਇਕ ਫ਼ੀਸਦੀ, ਜਦਕਿ ਮਾਰਚ ’ਚ 14 ਫ਼ੀਸਦੀ ਰਾਸ਼ੀ ਐਡਜਸਟ ਕਰਕੇ ਬਿਨੈਕਾਰਾਂ ਨੂੰ ਵਿੱਤੀ ਤੌਰ ’ਤੇ ਰਾਹਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਪਹਿਲੀ ਵਾਰ ਇਕੱਲਿਆਂ ਲੋਕ ਸਭਾ ਚੋਣ ਲੜੀ ਭਾਜਪਾ ਲਈ ਕਿਵੇਂ ਰਿਹਾ ਲੋਕਾਂ ਦਾ ਹੁੰਗਾਰਾ

ਟੈਂਡਰ ਭਰਨ ਦਾ ਇਹ ਸੁਨਹਿਰੀ ਮੌਕਾ : ਐਕਸਾਈਜ਼ ਕਮਿਸ਼ਨਰ ਰੂਜਮ

ਐਕਸਾਈਜ਼ ਕਮਿਸ਼ਨਰ ਪੰਜਾਬ ਵਰੁਣ ਰੂਜਮ (ਆਈ.ਏ.ਐੱਸ.) ਨੇ ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਵਾਰ ਦੀ ਐਕਸਾਈਜ਼ ਪਾਲਿਸੀ ’ਚ ਵਿਭਾਗ ਨੇ ਬਿਨੈਕਾਰਾਂ ਨੂੰ ਕਈ ਤਰ੍ਹਾਂ ਦੇ ਲਾਭ ਦਿੱਤੇ ਹਨ ਤੇ ਹੁਣ ਲਾਇਸੈਂਸ ਫ਼ੀਸ 5 ਫ਼ੀਸਦੀ ਘਟਾ ਕੇ ਟੈਂਡਰ ਭਰਨ ਦਾ ਸੁਨਹਿਰੀ ਮੌਕਾ ਦਿੱਤਾ ਹੈ। ਬਿਨੈਕਾਰ ਆਪਣੇ ਜ਼ਿਲ੍ਹੇ ਦੇ ਸਬੰਧਿਤ ਐਕਸਾਈਜ਼ ਦਫ਼ਤਰ ’ਚ ਜਾ ਕੇ ਟੈਂਡਰ ਸਬੰਧੀ ਜਾਣਕਾਰੀ ਹਾਸਲ ਕਰਨ ਤਾਂ ਕਿ ਆਨਲਾਈਨ ਟੈਂਡਰ ਭਰਨ ਸਮੇਂ ਕੋਈ ਤਰੁੱਟੀ ਨਾ ਰਹੇ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News