ਹਲਕਾਏ ਕੁੱਤੇ ਨੇ 3 ਬੱਚਿਆਂ ਨੂੰ ਕੀਤਾ ਜ਼ਖਮੀ
Thursday, Feb 01, 2018 - 07:38 AM (IST)
ਭਿੰਡੀ ਸੈਦਾਂ, (ਗੁਰਜੰਟ)- ਪ੍ਰਸ਼ਾਸਨ ਵੱਲੋਂ ਆਵਾਰਾ ਖੂੰਖਾਰ ਕੁੱਤਿਆਂ ਨੂੰ ਕਾਬੂ ਕਰਨ ਲਈ ਚੁੱਕੇ ਜਾਂਦੇ ਕਦਮ ਸਿਰਫ ਅਖਬਾਰਾਂ ਤੇ ਟੀ. ਵੀ. ਦੀਆਂ ਸੁਰਖੀਆਂ ਬਣ ਕੇ ਰਹਿ ਜਾਂਦੇ ਹਨ, ਜਿਸ ਕਾਰਨ ਆਏ ਦਿਨ ਕੋਈ ਨਾ ਕੋਈ ਮਨੁੱਖੀ ਜ਼ਿੰਦਗੀ ਇਨ੍ਹਾਂ ਖੂੰਖਾਰ ਕੁੱਤਿਆਂ ਦਾ ਸ਼ਿਕਾਰ ਹੋ ਜਾਂਦੀ ਹੈ ਪਰ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਤੱਕ ਸਰਕਦੀ ਦਿਖਾਈ ਨਹੀਂ ਦਿੰਦੀ। ਇਸੇ ਤਰ੍ਹਾਂ ਦਾ ਮਾਮਲਾ ਬੀਤੀ ਸ਼ਾਮ ਕਸਬਾ ਭਿੰਡੀ ਸੈਦਾਂ 'ਚ ਸਾਹਮਣੇ ਆਇਆ, ਜਿਥੇ ਇਕ ਆਵਾਰਾ ਹਲਕਾਏ ਕੁੱਤੇ ਨੇ 3 ਬੱਚਿਆਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਕਸਬਾ ਵਾਸੀ ਬਾਵੀ ਕੌਰ ਪਤਨੀ ਲਖਵਿੰਦਰ ਸਿੰਘ ਤੇ ਨਿਸ਼ਾਨ ਸਿੰਘ ਮੁਤਾਬਕ ਛੋਟੀ ਬੱਚੀ ਪੂਜਾ ਕੌਰ ਤੇ ਨਾਨਕ ਸਿੰਘ ਬਾਹਰ ਖੇਡ ਰਹੇ ਹਨ, ਜਿਨ੍ਹਾਂ ਨੂੰ ਇਕ ਆਵਾਰਾ ਹਲਕਾਏ ਕੁੱਤੇ ਨੇ ਬੁਰੀ ਤਰ੍ਹਾਂ ਦੰਦ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਬਾਅਦ 'ਚ ਸੁੱਚਾ ਸਿੰਘ ਨਾਂ ਦੇ ਇਕ ਵਿਅਕਤੀ ਦੇ ਪੁੱਤਰ ਨੂੰ ਵੀ ਆਪਣਾ ਸ਼ਿਕਾਰ ਬਣਾਉਂਦਿਆਂ ਦੰਦੀਆਂ ਵੱਢ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਇਨ੍ਹਾਂ ਤਿੰਨਾਂ ਬੱਚਿਆਂ ਨੂੰ ਇਲਾਜ ਲਈ ਨਿੱਜੀ ਡਾਕਟਰ ਕੋਲ ਲਿਜਾਇਆ ਗਿਆ। ਇਸ ਘਟਨਾ ਤੋਂ ਬਾਅਦ ਕਸਬੇ 'ਚ ਖੌਫ ਦਾ ਮਾਹੌਲ ਪੈਦਾ ਹੋ ਗਿਆ ਹੈ।
ਇਸ ਸਬੰਧੀ ਉੱਘੇ ਸਮਾਜ ਸੇਵਕ ਸਾਬਕਾ ਪਟਵਾਰੀ ਬਿਕਰਮ ਸਿੰਘ ਢਿੱਲੋਂ, ਜਥੇ. ਗੁਰਚਰਨ ਸਿੰਘ ਗਿੱਲ, ਗੁਰਪ੍ਰੀਤ ਸਿੰਘ ਮੈਕੀ ਤੇ ਸਾਬਕਾ ਸਰਪੰਚ ਪਰਮਜੀਤ ਸਿੰਘ ਡਿਆਲ ਨੇ ਪ੍ਰਸ਼ਾਸਨ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਆਵਾਰਾ ਕੁੱਤਿਆਂ 'ਤੇ ਜਲਦ ਤੋਂ ਜਲਦ ਕਾਬੂ ਪਾਇਆ ਜਾਵੇ ਤਾਂ ਜੋ ਇਨ੍ਹਾਂ ਦਾ ਸ਼ਿਕਾਰ ਹੋ ਰਹੀਆਂ ਮਨੁੱਖੀ ਜਾਨਾਂ ਬਚ ਸਕਣ।