ਲਾਈਟ ਜਾਣ ਤੋਂ ਬਾਅਦ ਇਹ ਪੁਲਸ ਕਰਮਚਾਰੀ ਕਰਦੇ ਹਨ ਮੋਬਾਇਲ ਦੀ ਰੋਸ਼ਨੀ 'ਚ ਕੰਮ
Thursday, Jan 17, 2019 - 01:17 PM (IST)
ਜਲੰਧਰ, (ਸ਼ੋਰੀ)—ਇਕ ਪਾਸੇ ਤਾਂ ਪੰਜਾਬ ਸਰਕਾਰ ਅਤੇ ਪੰਜਾਬ ਦੇ ਡੀ. ਜੀ. ਪੀ. ਦਾਅਵਾ ਕਰਦੇ ਨਹੀਂ ਥੱਕਦੇ ਕਿ ਪੰਜਾਬ ਦੇ ਥਾਣਿਆਂ ਨੂੰ ਆਧੁਨਿਕ ਕਰ ਦਿੱਤਾ ਗਿਆ ਹੈ ਅਤੇ ਹਰ ਸਹੂਲਤ ਨਾਲ ਥਾਣੇ ਨੂੰ ਲੈਸ ਕਰ ਦਿੱਤਾ ਗਿਆ ਹੈ। ਥਾਣਾ ਪੱਧਰ ਵਿਚ ਪੁਲਸ ਜਵਾਨਾਂ ਨੂੰ 24 ਘੰਟੇ ਲਾਈਟ, ਵਧੀਆ ਬਿਲਡਿੰਗ, ਸਾਫ ਸਫਾਈ ਵਾਲਾ ਮਾਹੌਲ ਪਰ ਉਨ੍ਹਾਂ ਦੀ ਕਹਿਣੀ ਤੇ ਥਾਣਾ ਪੱਧਰ ਦੀ ਕਰਨੀ ਵਿਚ ਕਿੰਨਾ ਅੰਤਰ ਹੈ, ਇਸ ਗੱਲ ਦਾ ਖੁਲਾਸਾ ਖੁਦ ਥਾਣਾ 4 ਕਰ ਰਿਹਾ ਹੈ। ਥਾਣੇ ਦਾ ਦੌਰਾ ਕਰਨ 'ਤੇ ਪਤਾ ਲੱਗ ਜਾਂਦਾ ਹੈ ਕਿ ਥਾਣਾ ਕਿੰਨਾ ਆਧੁਨਿਕ ਹੈ।
ਜਾਣਕਾਰੀ ਮੁਤਾਬਕ ਥਾਣਾ 4 ਦੇ ਵਿਹੜੇ ਵਿਚ ਅੱਜ ਬਿਜਲੀ ਦੀ ਖਰਾਬੀ ਕਾਰਨ ਲਾਈਟ ਚਲੀ ਗਈ। ਲਾਈਟ ਜਾਣ ਕਾਰਨ ਥਾਣੇ ਵਿਚ ਹਨੇਰਾ ਛਾ ਗਿਆ। ਹਾਲਾਤ ਤਾਂ ਇਹ ਵੇਖਣ ਨੂੰ ਮਿਲ ਰਹੇ ਹਨ ਕਿ ਥਾਣੇ ਦੇ ਪੁਲਸ ਜਵਾਨ ਆਪਣੇ ਮੋਬਾਇਲ ਦੀ ਰੋਸ਼ਨੀ ਦੀ ਮਦਦ ਨਾਲ ਕੰਮਕਾਜ ਕਰਦੇ ਰਹੇ। ਮੁਨਸ਼ੀ ਤੋਂ ਲੈ ਕੇ ਏ. ਐੱਸ. ਆਈ. ਆਪਣੇ ਮੋਬਾਇਲ ਦੀ ਟਾਰਚ ਦੀ ਰੋਸ਼ਨੀ ਨਾਲ ਲਿਖਾ-ਪੜ੍ਹੀ ਕਰਦੇ ਦੇਖੇ ਗਏ। ਇਹ ਵੇਖ ਕੇ ਥਾਣੇ ਆਉਣ ਵਾਲੇ ਲੋਕ ਵੀ ਹੈਰਾਨ ਸਨ।
ਜਲਦ ਹੀ ਸਮੱਸਿਆ ਦਾ ਹੱਲ ਹੋਵੇਗਾ : ਏ. ਸੀ. ਪੀ.
ਇਸ ਮਾਮਲੇ ਸਬੰਧੀ ਏ. ਸੀ. ਪੀ. ਸੈਂਟਰਲ ਦਲਬੀਰ ਸਿੰਘ ਦਾ ਕਹਿਣਾ ਹੈ ਕਿ ਥਾਣੇ ਵਿਚ ਹਨੇਰੇ ਵਿਚ ਕੰਮ ਕਰਨ ਵਾਲੀ ਗੱਲ ਉਨ੍ਹਾਂ ਦੇ ਧਿਆਨ ਵਿਚ ਆ ਗਈ ਹੈ। ਉਹ ਸਰਕਾਰੀ ਖਰਚ 'ਤੇ ਜਨਰੇਟਰ ਠੀਕ ਕਰਵਾ ਦੇਣਗੇ ਤਾਂ ਕਿ ਪੁਲਸ ਜਵਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
5 ਹਜ਼ਾਰ ਨਾ ਖਰਚਣ ਕਾਰਨ ਬੰਦ ਪਿਆ ਜਨਰੇਟਰ
ਇਹ ਗੱਲ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਪੁਲਸ ਜਵਾਨ 5 ਹਜ਼ਾਰ ਕਿਉਂ ਨਹੀਂ ਖਰਚ ਕਰ ਰਹੇ। ਦਰਅਸਲ ਥਾਣੇ ਵਿਚ ਲੱਗਾ ਜਨਰੇਟਰ ਜੋ ਕਿ ਖੁਦ ਹੀ ਬਿਜਲੀ ਜਾਣ 'ਤੇ ਸਟਾਰਟ ਹੋ ਜਾਂਦਾ ਹੈ। ਕੁੱਝ ਮਹੀਨੇ ਤੋਂ ਉਸ ਦੀ ਸੈਲਫ ਖਰਾਬ ਹੋਣ ਕਾਰਨ ਉਹ ਸਟਾਰਟ ਨਹੀਂ ਹੋ ਰਿਹਾ। ਪੁਲਸ ਜਵਾਨਾਂ ਨੇ ਦੱਸਿਆ ਕਿ ਕੰਪਨੀ ਵਾਲਿਆਂ ਨੇ ਕਿਹਾ ਕਿ ਸੈਲਫ ਦੀ ਕੋਈ ਗਾਰੰਟੀ ਨਹੀਂ ਹੁੰਦੀ ਅਤੇ ਇਸ ਨੂੰ ਠੀਕ ਕਰਨ ਵਿਚ ਘੱਟੋ-ਘੱਟ 5 ਹਜ਼ਾਰ ਰੁਪਏ ਦਾ ਖਰਚਾ ਆਵੇਗਾ। ਇਸ ਮਾਮਲੇ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਦੱਸਿਆ ਗਿਆ ਤਾਂ ਜਵਾਬ ਮਿਲਿਆ ਕਿ ਖੁਦ ਹੀ ਵਗਾਰ ਪਾ ਕੇ ਜਨਰੇਟਰ ਠੀਕ ਕਰਵਾਓ। ਪੁਲਸ ਵਾਲਿਆਂ ਦਾ ਕਹਿਣਾ ਸੀ ਕਿ ਅੱਜ ਮਹਿੰਗਾਈ ਦੇ ਯੁੱਗ ਵਿਚ 1 ਹਜ਼ਾਰ ਰੁਪਏ ਦੀ ਵਗਾਰ ਪਾਓ ਤਾਂ ਉਹ ਭੜਕ ਜਾਂਦਾ ਹੈ, ਕਿਉਂਕਿ ਵੱਡੇ ਲੋਕਾਂ ਦੇ ਲਿੰਕ ਤਾਂ ਸਿੱਧਾ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਹੁੰਦੇ ਹਨ। ਹੁਣ ਸਰਕਾਰੀ ਫੰਡ ਦੇ ਇੰਤਜ਼ਾਰ ਵਿਚ ਸਾਰੇ ਬੈਠੇ ਹਨ ਅਤੇ ਲਾਈਟ ਜਾਣ 'ਤੇ ਹਨੇਰੇ 'ਚ ਕੰਮ ਕਰਨ ਨੂੰ ਮਜਬੂਰ ਹਨ, ਕਿਉਂਕਿ ਮੁਨਸ਼ੀ ਦੇ ਕਮਰੇ ਵਿਚ ਲੱਗਾ ਇਨਵਰਟਰ ਵੀ ਕਈ ਦਿਨਾਂ ਤੋਂ ਖਰਾਬ ਹੋ ਚੁੱਕਾ ਹੈ।