ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਫਤਿਹਗੜ੍ਹ ਸਾਹਿਬ ਅਧਿਆਤਮਕ ਤੇ ਰੂਹਾਨੀ ਰੰਗ ’ਚ ਰੰਗਿਆ

Monday, Dec 09, 2019 - 11:24 AM (IST)

ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਫਤਿਹਗੜ੍ਹ ਸਾਹਿਬ ਅਧਿਆਤਮਕ ਤੇ ਰੂਹਾਨੀ ਰੰਗ ’ਚ ਰੰਗਿਆ

ਫਤਿਹਗੜ੍ਹ ਸਾਹਿਬ (ਵਿਪਨ, ਜਗਦੇਵ) - ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਦੇ ਖੇਡ ਮੈਦਾਨ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਕਰਵਾਏ ਗਏ ਗੁਰੂ ਸਾਹਿਬ ਦੀ ਜੀਵਨੀ ’ਤੇ ਆਧਾਰਿਤ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ। ਇਸ ਸ਼ੋਅ ਨੂੰ ਵੇਖ ਕੇ ਸਮੁੱਚਾ ਫਤਿਹਗੜ੍ਹ ਸਾਹਿਬ ਅਧਿਆਤਮਕ ਅਤੇ ਰੂਹਾਨੀ ਰੰਗ ’ਚ ਰੰਗਿਆ ਗਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਡਿਜੀਟਲ ਮੋਬਾਇਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਪੰਜਾਬ ਸਰਕਾਰ ਵਲੋਂ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਕੁਲ ਲੋਕਾਈ ਤੱਕ ਪਹੁੰਚਾਉਣ ਲਈ ਵੱਡਾ ਉਪਰਾਲਾ ਕੀਤਾ ਗਿਆ ਹੈ। 

PunjabKesari

ਗੁਰੂ ਸਾਹਿਬ ਨੇ ਜਿੱਥੇ ਸਾਨੂੰ ਜਾਤ-ਪਾਤ ਤੋਂ ਉੱਪਰ ਉੱਠਣ ਅਤੇ ਸਰਵ ਸਾਂਝੀਵਾਲਤਾ ਦੇ ਨਾਲ-ਨਾਲ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਸੰਦੇਸ਼ ਦਿੱਤਾ, ਉਥੇ ਸਾਨੂੰ ਸਮੁੱਚੀ ਮਾਨਵਤਾ ਦੀ ਭਲਾਈ ਦਾ ਸੰਦੇਸ਼ ਵੀ ਦਿੱਤਾ ਹੈ। ਉਨ੍ਹ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਗੁਰੂ ਸਾਹਿਬ ਦੇ ਦਰਸਾਏ ਮਾਰਗਾਂ ’ਤੇ ਚੱਲ ਕੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ। ਪੰਜਾਬ ਸਰਕਾਰ ਵਲੋਂ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੇ ਇਤਿਹਾਸਕ ਜੀਵਨ, ਫਲਸਫੇ ਤੋਂ ਜਾਣੂ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ। 

PunjabKesari

ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 9 ਦਸੰਬਰ ਨੂੰ ਵੀ ਖੇਡ ਸਟੇਡੀਅਮ ਵਿਖੇ ਪੁੱਜ ਕੇ ਮੋਬਾਇਲ ਡਿਜੀਟਲ ਮਿਊਜ਼ੀਅਮ ’ਚ ਸਵੇਰੇ 7 ਤੋਂ 5 ਵਜੇ ਤਕ ਲਾਈਟ ਐਂਡ ਸ਼ੋਅ, ਜੋ ਸ਼ਾਮ 6:15 ਵਜੇ ਸ਼ੁਰੂ ਹੋਵੇਗਾ, ’ਚ ਜਰੂਰ ਸ਼ਾਮਲ ਹੋਣ। ਬਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਨੇ ਕਿਹਾ ਕਿ ਸਰਕਾਰ ਵਲੋਂ ਕੀਤਾ ਗਿਆ ਇਹ ਉਪਰਾਲਾ ਨੌਜਵਾਨਾਂ ਨੂੰ ਉਨ੍ਹਾਂ ਦੀ ਵਿਰਾਸਤ ਨਾਲ ਜੋੜਨ ਵਿਚ ਸਹਾਈ ਹੋਵੇਗਾ। ਵਰਨਣਯੋਗ ਹੈ ਕਿ ਲਾਈਟ ਐਂਡ ਸਾਊਂਡ ਸ਼ੋਅ ਸੁਚੱਜੇ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਹੈ, ਜਿਸ ਵਿਚ ਗੁਰੂ ਸਾਹਿਬ ਦੇ ਜੀਵਨ, ਉਨ੍ਹਾਂ ਵਲੋਂ ਕੀਤੀਆਂ4 ਉਦਾਸੀਆਂ ਅਤੇ ਪਾਣੀ, ਹਵਾ ਤੇ ਧਰਤੀ ਨੂੰ ਬਚਾਉਣ ਦੇ ਸਿਧਾਂਤ ਨੂੰ ਰੂਪਮਾਨ ਕੀਤਾ ਗਿਆ ਹੈ। ਇਸ ਮੌਕੇ ਐੱਸ. ਪੀ. ਅਮਰਜੀਤ ਸਿੰਘ, ਤਹਿਸੀਲਦਾਰ ਗੁਰਜਿੰਦਰ ਸਿੰਘ, ਕਾਰਜਸਾਧਕ ਅਫਸਰ ਗੁਰਪਾਲ ਸਿੰਘ ਸਮੇਤ ਵੱਖ-ਵੱਖ ਅਧਿਕਾਰੀ ਤੇ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।


author

rajwinder kaur

Content Editor

Related News